ਬੁੱਢੇਵਾਲ ਰੋਡ 'ਤੇ ਭਿਆਨਕ ਹਾਦਸਾ: ਫੈਕਟਰੀ ਤੋਂ ਘਰ ਜਾ ਰਹੇ ਦੋਸਤਾਂ ਨੂੰ ਟਰਾਲੇ ਨੇ ਮਾਰੀ ਟੱਕਰ; ਮਾਪਿਆਂ ਦੇ ਪੁੱਤ ਦੀ ਮੌਕੇ 'ਤੇ ਹੋਈ ਮੌਤ
ਲੁਧਿਆਣਾ ਦੇ ਪਿੰਡ ਜੰਡਿਆਲੀ ਤੋਂ ਬੁੱਢੇਵਾਲ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹ ਟਰਾਲਾ ਚਾਲਕ ਨੇ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Publish Date: Sat, 18 Apr 2026 04:12 PM (IST)
Updated Date: Sat, 18 Apr 2026 04:13 PM (IST)

ਐਸ.ਪੀ. ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਪਿੰਡ ਜੰਡਿਆਲੀ ਤੋਂ ਬੁੱਢੇਵਾਲ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਅਤੇ ਲਾਪਰਵਾਹ ਟਰਾਲਾ ਚਾਲਕ ਨੇ ਮੋਟਰਸਾਈਕਲ ਸਵਾਰ ਤਿੰਨ ਦੋਸਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ। ਥਾਣਾ ਜਮਾਲਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਫ਼ਰਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੰਕਜ ਕੁਮਾਰ (ਮ੍ਰਿਤਕ), ਵਿਨੋਦ ਕੁਮਾਰ ਅਤੇ ਜੈ ਪ੍ਰਕਾਸ਼ ਸ਼ਾਮ ਕਰੀਬ 6 ਵਜੇ ਫੈਕਟਰੀ ਤੋਂ ਛੁੱਟੀ ਕਰਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜੰਡਿਆਲੀ ਜਾ ਰਹੇ ਸਨ। ਜਦੋਂ ਉਹ ਬੁੱਢੇਵਾਲ ਸ਼ੂਗਰ ਮਿੱਲ ਨੇੜੇ ਸਥਿਤ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਸੜਕ 'ਤੇ ਚੜ੍ਹੇ, ਤਾਂ ਸਾਹਮਣੇ ਤੋਂ ਆ ਰਹੇ ਇੱਕ ਬੇਕਾਬੂ ਟਰਾਲੇ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪੰਕਜ ਕੁਮਾਰ ਟਰਾਲੇ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਸਤ ਵਾਲ-ਵਾਲ ਬਚ ਗਏ।
ਪੁਲਿਸ ਵੱਲੋਂ ਮੁਕੱਦਮਾ ਦਰਜ
ਹਾਦਸੇ ਤੋਂ ਬਾਅਦ ਟਰਾਲਾ ਚਾਲਕ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਥਾਣਾ ਜਮਾਲਪੁਰ ਦੇ ਸਹਾਇਕ ਥਾਣੇਦਾਰ ਸਤਵੀਰ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ
ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਪੈਟਰੋਲ ਪੰਪ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲਈ ਜਾ ਰਹੀ ਹੈ ਤਾਂ ਜੋ ਟਰਾਲੇ ਦੇ ਨੰਬਰ ਅਤੇ ਚਾਲਕ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।