- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਕੀ ਅਕੈਡਮੀ ਨੇ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ

ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ ਲੁਧਿਆਣਾ
ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੁਹਾਰਾ ਵਿਖੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਚੰਗੀ ਸਿਹਤ ਤੇ ਅਨੁਸ਼ਾਸਿਤ ਜੀਵਨ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਊਂਡ ਗਲਾਸ ਹਾਕੀ ਅਕੈਡਮੀ ਚੰਡੀਗੜ੍ਹ ਦੇ ਸੰਚਾਲਕ ਅਤੇ ਭਾਰਤੀ ਹਾਕੀ ਓਲੰਪੀਅਨ ਸੰਜੀਵ ਕੁਮਾਰ, ਭਾਰਤੀ ਹਾਕੀ ਟੀਮ ਦੇ ਮੈਂਬਰ ਲਕਸ਼ੇ ਕੁਮਾਰ ਅਤੇ ਚੜਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਦੌਰਾਨ ਰਾਊਂਡ ਗਲਾਸ ਅਕੈਡਮੀ ਚੰਡੀਗੜ੍ਹ ਵੱਲੋਂ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਸਮਾਗਮ ਦੌਰਾਨ ਬੋਲਦਿਆਂ ਚੇਅਰਮੈਨ ਨਿਰਮਲ ਸਿੰਘ ਐਸਐਸ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਮੋਬਾਈਲ ਅਤੇ ਹੋਰ ਨਕਾਰਾਤਮਕ ਪ੍ਰਭਾਵਾਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤਾਕਤ ਹੀ ਨਹੀਂ ਵਧਾਉਂਦੀਆਂ, ਸਗੋਂ ਬੱਚਿਆਂ ਵਿੱਚ ਆਤਮ ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਵੀ ਪੈਦਾ ਕਰਦੀਆਂ ਹਨ। ਇਸ ਮੌਕੇ ਹਾਕੀ ਉਲੰਪੀਅਨ ਲਕਸ਼ੇ ਸਿੰਘ ਨੇ ਕਿਹਾ ਕਿ ਅਕੈਡਮੀ ਵੱਲੋਂ ਲਗਾਤਾਰ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਭਰ ਦੇ ਬੱਚੇ ਖੇਡਾਂ ਵਿੱਚ ਆਪਣਾ ਭਵਿੱਖ ਬਣਾ ਸਕਣ। ਇਸ ਮੌਕੇ ਅਕੈਡਮੀ ਦੇ ਸੰਚਾਲਕਾਂ ਦਾ ਸਕੂਲ ਪ੍ਰਬੰਧਕ ਕਮੇਟੀ ਅਤੇ ਕਸ਼ਿਅਪ ਰਾਜਪੂਤ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਅਕੈਡਮੀ ਸੰਚਾਲਕਾਂ ਦੀ ਮਿਹਨਤ ਅਤੇ ਸਮਰਪਣ ਕਰਕੇ ਹੀ ਅੱਜ ਕਈ ਬੱਚੇ ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਉਨ੍ਹਾਂ ਅਕੈਡਮੀ ਦੇ ਸੰਚਾਲਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਦਿੱਤੀਆਂ ਗਈਆਂ ਖੇਡ ਕਿੱਟਾਂ ਉਨ੍ਹਾਂ ਲਈ ਹੌਸਲਾ ਅਫਜ਼ਾਈ ਦਾ ਕੰਮ ਕਰਨਗੀਆਂ।
ਉਨ੍ਹਾਂ ਕਿਹਾ ਕਿ ਕਈ ਪ੍ਰਤਿਭਾਸ਼ਾਲੀ ਬੱਚੇ ਆਰਥਿਕ ਤੰਗੀ ਕਾਰਨ ਲੋੜੀਂਦੀ ਸਮੱਗਰੀ ਨਹੀਂ ਖਰੀਦ ਸਕਦੇ, ਪਰ ਅਜਿਹੇ ਉਪਰਾਲਿਆਂ ਨਾਲ ਉਨ੍ਹਾਂ ਨੂੰ ਵੱਡਾ ਸਹਾਰਾ ਮਿਲਦਾ ਹੈ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐਸਐਸ ਪ੍ਰਧਾਨ ਬਲਦੇਵ ਸਿੰਘ ਦੁਸਾਂਝ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਲੁਹਾਰਾ, ਗੁਰਦੀਪ ਸਿੰਘ,ਵਾਇਸ ਪ੍ਰਿੰਸੀਪਲ ਮਨਦੀਪ ਸਿੰਘ, ਭੁਪਿੰਦਰ ਸਿੰਘ ਆਦਿ ਸ਼ਾਮਿਲ ਸਨ।