ਡਿਊਟੀ ਬਦਲੀ ਤੋਂ ਨਾਰਾਜ਼ ਦਰਜਾ ਚਾਰ ਮੁਲਾਜ਼ਮ ਦਾ ਹਾਈ-ਵੋਲਟੇਜ ਡਰਾਮਾ

ਐੱਸਐੱਮਓ ਡਾ. ਆਖਿਲ ਸਰੀਨ ਨੂੰ ਦਿੱਤੀ ਆਤਮਹੱਤਿਆ ਦੀ ਧਮਕੀ
---
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਹਸਪਤਾਲ ਦੇ ਇੱਕ ਦਰਜਾ ਚਾਰ ਮੁਲਾਜ਼ਮ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਸੂਚਨਾ ਮਿਲੀ। ਹਾਲਾਂਕਿ ਹਸਪਤਾਲ ਦੇ ਅਧਿਕਾਰੀਆਂ ਅਤੇ ਕੁਝ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਆਤਮਹੱਤਿਆ ਦੀ ਕੋਸ਼ਿਸ਼ ਨਹੀਂ, ਸਗੋਂ ਦਬਾਅ ਬਣਾਉਣ ਲਈ ਰਚਿਆ ਗਿਆ ਇੱਕ ‘ਹਾਈ-ਪ੍ਰੋਫਾਈਲ ਡਰਾਮਾ’ ਸੀ।
ਮਿਲੀ ਜਾਣਕਾਰੀ ਅਨੁਸਾਰ ਓਪੀਡੀ ਵਿਭਾਗ ਵਿੱਚ ਯੂਜ਼ਰ ਚਾਰਜਿਜ਼ ਤਹਿਤ ਤੈਨਾਤ ਦਰਜਾ ਚਾਰ ਮੁਲਾਜ਼ਮ ਸੰਤੋਖ ਸਿੰਘ ਦੀ ਡਿਊਟੀ ਹਾਲ ਹੀ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਵੱਲੋਂ ਆਪਰੇਸ਼ਨ ਥੀਏਟਰ ਵਿੱਚ ਲਗਾਈ ਗਈ ਸੀ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਪਰੇਸ਼ਨ ਥੀਏਟਰ ਵਿੱਚ ਸਟਾਫ ਦੀ ਘਾਟ ਕਾਰਨ ਇਹ ਤਬਦੀਲੀ ਕੀਤੀ ਗਈ ਸੀ ਤਾਂ ਜੋ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਰਾਮਪਾਲ ਨੇ ਦੱਸਿਆ ਕਿ ਸੰਤੋਖ ਸਿੰਘ ਨੇ ਆਪਰੇਸ਼ਨ ਥੀਏਟਰ ਵਿੱਚ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮੁਲਾਜ਼ਮ ਨੂੰ ਸਿਰਫ਼ 15 ਦਿਨਾਂ ਲਈ ਉਥੇ ਡਿਊਟੀ ਕਰਨ ਲਈ ਕਿਹਾ ਗਿਆ ਸੀ ਅਤੇ ਬਾਅਦ ਵਿੱਚ ਮੁੜ ਓਪੀਡੀ ਵਿੱਚ ਭੇਜਣ ਦਾ ਭਰੋਸਾ ਵੀ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਉਹ ਗੁੱਸੇ ਵਿੱਚ ਆ ਗਿਆ।
ਸੂਤਰਾਂ ਮੁਤਾਬਕ ਅੱਜ ਸਵੇਰੇ ਕਰੀਬ 10 ਵਜੇ ਸੰਤੋਖ ਸਿੰਘ ਡਾ. ਅਖਿਲ ਸਰੀਨ ਦੇ ਦਫ਼ਤਰ ਵਿੱਚ ਗਿਆ ਅਤੇ ਕਿਹਾ ਕਿ ਜੇ ਉਸ ਦੀ ਡਿਊਟੀ ਆਪਰੇਸ਼ਨ ਥੀਏਟਰ ਤੋਂ ਨਾ ਹਟਾਈ ਗਈ ਤਾਂ ਉਹ ਆਤਮ ਹੱਤਿਆ ਕਰ ਲਵੇਗਾ। ਧਮਕੀ ਦੇਣ ਤੋਂ ਬਾਅਦ ਉਹ ਦਫ਼ਤਰ ਤੋਂ ਬਾਹਰ ਨਿਕਲ ਗਿਆ। ਕੁਝ ਸਮੇਂ ਬਾਅਦ ਇਹ ਸੂਚਨਾ ਮਿਲੀ ਕਿ ਉਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ ਅਤੇ ਉਸ ਨੂੰ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ।
ਹਸਪਤਾਲ ਦੇ ਕੁਝ ਕਰਮਚਾਰੀਆਂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਪੂਰੀ ਘਟਨਾ ਪਹਿਲਾਂ ਤੋਂ ਬਣਾਈ ਯੋਜਨਾ ਦਾ ਹਿੱਸਾ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਵੀ ਕੁਝ ਕਰਮਚਾਰੀਆਂ ਦੀ ਭੂਮਿਕਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਚਰਚਾ ਵਿੱਚ ਹੈ ਕਿ ਸੰਤੋਖ ਸਿੰਘ ਨੂੰ ਚਾਂਦ ਸਿਨੇਮਾ ਨੇੜਲੇ ਇੱਕ ਪਾਰਕ ਤੋਂ ਲਿਆਂਦਾ ਗਿਆ ਅਤੇ ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਸੁਭਾਸ਼ ਨਗਰ ਪੀਐਚਸੀ ਵਿੱਚ ਤੈਨਾਤ ਸਿਕੰਦਰ ਸਿੰਘ ਨੇ ਫੋਨ ਕਰਕੇ ਦਿੱਤੀ।
---
ਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ : ਸਿਵਲ ਸਰਜਨ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਲੋੜ ਅਨੁਸਾਰ ਮੁਲਾਜ਼ਮਾਂ ਦੀਆਂ ਡਿਊਟੀਆਂ ਬਦਲਣ ਦਾ ਅਧਿਕਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਿਰਫ਼ ਸੀਨੀਅਰ ਅਧਿਕਾਰੀਆਂ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਸਾਬਤ ਹੋਈ ਤਾਂ ਸਬੰਧਤ ਮੁਲਾਜ਼ਮ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਕਾਲ ਡਿਟੇਲਾਂ ਤੋਂ ਇਲਾਵਾ ਚਾਂਦ ਸਿਨੇਮਾ ਨੇੜਲੇ ਇਲਾਕੇ ਦੀ ਲੋਕੇਸ਼ਨ ਜਾਂਚ ਵੀ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਉਸ ਵੇਲੇ ਉੱਥੇ ਹੋਰ ਕੌਣ ਮੌਜੂਦ ਸੀ। ਡਾ. ਰਮਨਦੀਪ ਕੌਰ ਨੇ ਕਿਹਾ ਕਿ ਇਲਾਜ ਦੌਰਾਨ ਡਾਕਟਰਾਂ ਨੂੰ ਅਜਿਹੀ ਕੋਈ ਸਮੈਲ ਜਾਂ ਬਦਬੂ ਮਹਿਸੂਸ ਨਹੀਂ ਹੋਈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਕਿਸੇ ਜ਼ਹਿਰੀਲੇ ਪਦਾਰਥ ਦੀ ਵਰਤੋਂ ਕੀਤੀ ਗਈ ਸੀ। ਦਿਲਚਸਪ ਗੱਲ ਇਹ ਰਹੀ ਕਿ ਜਦੋਂ ਡਾਕਟਰਾਂ ਨੇ ਸੰਤੋਖ ਸਿੰਘ ਦੇ ਪੇਟ ਵਿੱਚੋਂ ਨਿਕਲੇ ਪਦਾਰਥ ਦਾ ਸੈਂਪਲ ਜਾਂਚ ਲਈ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖੁਦ ਹੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਮਾਮਲਾ ਹੋਰ ਵੀ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ।