ਤੇਜ਼ ਰਫ਼ਤਾਰ ਥਾਰ ਬਣੀ ਸਰਕਾਰੀ ਕਾਲਜ ਦੇ ਪ੍ਰਧਾਨ ਦੀ ਮੌਤ ਦਾ ਕਾਰਨ

ਘਰੋਂ ਆਂਡੇ ਖਾਣ ਨਿਕਲੇ ਸੀ ਪੰਜ ਦੋਸਤ, ਚਾਰ ਜਣੇ ਜ਼ਖ਼ਮੀ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਵਿੱਚ ਵੀਰਵਾਰ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ। ਦੇਰ ਰਾਤ ਦੋਸਤਾਂ ਨਾਲ ਘਰੋਂ ਨਿਕਲਿਆ 22 ਸਾਲਾ ਨੌਜਵਾਨ ਸਵੇਰ ਹੋਣ ਤੋਂ ਪਹਿਲਾਂ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਤੇਜ਼ ਰਫ਼ਤਾਰ ਥਾਰ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਗੱਡੀ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਅਤੇ ਗੱਡੀ ਦੇ ਏਅਰਬੈਗ ਵੀ ਖੁੱਲ੍ਹ ਗਏ। ਹਾਦਸੇ ਵਿੱਚ ਸਰਕਾਰੀ ਕਾਲਜ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਉਸ ਦੇ ਚਾਰ ਦੋਸਤ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸਰਕਾਰੀ ਕਾਲਜ ਦੇ ਪ੍ਰਧਾਨ ਆਰੀਅਨ ਵੀਰ ਸਿੰਘ (22) ਵਜੋਂ ਹੋਈ ਹੈ, ਜੋ ਕਿਰਨ ਵਿਹਾਰ ਲੁਧਿਆਣਾ ਦਾ ਰਹਿਣ ਵਾਲਾ ਸੀ। ਜਾਣਕਾਰੀ ਮਿਲਦੇ ਹੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਜਨਰਲ ਡਾਇਰੀ ਵਿੱਚ ਦਰਜ ਵੇਰਵਿਆਂ ਅਨੁਸਾਰ ਆਰੀਅਨ ਵੀਰ ਨੇ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਉਹ ਆਪਣੇ ਚਾਰ ਦੋਸਤਾਂ ਨਾਲ ਆਂਡੇ ਖਾਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 21 ਮਈ ਨੂੰ ਤੜਕੇ ਕਰੀਬ ਸਵਾ ਚਾਰ ਵਜੇ ਉਸ ਦੇ ਪਿਤਾ ਨੂੰ ਸੂਚਨਾ ਮਿਲੀ ਕਿ ਵਾਪਸੀ ਦੌਰਾਨ ਨਗਰ ਨਿਗਮ ਜ਼ੋਨ ਡੀ ਕੱਟ ਨੇੜੇ ਥਾਰ ਗੱਡੀ ਨੰਬਰ ਪੀਬੀ 10 ਕੇਐਮ 9190 ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਚਾਰਾਂ ਦੋਸਤਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਗੱਡੀ ਵਿੱਚ ਪੰਜੇ ਨੌਜਵਾਨ ਦੋਸਤ ਸਵਾਰ ਸਨ। ਗੱਡੀ ਚਲਾ ਰਹੇ ਨੌਜਵਾਨ ਤੋਂ ਵਾਹਨ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਕੀਤੀ ਜਾ ਸਕੇ।
ਸੂਤਰਾਂ ਅਨੁਸਾਰ ਹਾਦਸੇ ਵਿੱਚ ਆਰੀਅਨ ਦਾ ਦੋਸਤ ਦਿਵਾਂਸ਼ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ ਅਤੇ ਉਸ ਦੇ ਸਿਰ ‘ਤੇ ਸੱਟ ਲੱਗੀ ਹੈ। ਇਸ ਤੋਂ ਇਲਾਵਾ ਯੁਵਰਾਜ ਗਿੱਲ ਦੇ ਬਾਂਹ ‘ਤੇ ਸੱਟਾਂ ਆਈਆਂ ਹਨ, ਜਦਕਿ ਹੋਰ ਦੋ ਦੋਸਤਾਂ ਨੂੰ ਮਾਮੂਲੀ ਚੋਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਪਿਤਾ ਨੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪਰਿਵਾਰ ਵੱਲੋਂ ਪੋਸਟਮਾਰਟਮ ਤੋਂ ਬਿਨ੍ਹਾਂ ਹੀ ਲਾਸ਼ ਲੈ ਲਈ ਗਈ। ਇਹ ਹਾਦਸਾ ਇੱਕ ਵਾਰ ਫਿਰ ਸਾਬਤ ਕਰ ਗਿਆ ਕਿ ਤੇਜ਼ ਰਫ਼ਤਾਰ ਅਤੇ ਇੱਕ ਪਲ ਦੀ ਲਾਪਰਵਾਹੀ ਕਿਸੇ ਦਾ ਵੀ ਹੱਸਦਾ-ਖੇਡਦਾ ਘਰ ਉਜਾੜ ਸਕਦੀ ਹੈ।