ਬੇਕਾਬੂ ਫਾਰਚੂਨਰ ਨੇ ਸੜਕ 'ਤੇ ਮਚਾਇਆ ਕਹਿਰ: ਕਈ ਕਾਰਾਂ ਦੇ ਉਡਾਏ ਪਰਖੱਚੇ, ਮਚਿਆ ਚੀਕ ਚਿਹਾੜਾ
ਮਹਾਨਗਰ ਲੁਧਿਆਣਾ ਦੇ ਪ੍ਰੀਤ ਪੈਲੇਸ ਨੇੜੇ ਸ਼ੁੱਕਰਵਾਰ ਦੁਪਹਿਰ ਇੱਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸੜਕ ’ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਕਰੀਬ 3:15 ਵਜੇ ਵਾਪਰੇ ਇਸ ਭਿਆਨਕ ਹਾਦਸੇ ਦੌਰਾਨ ਬੇਕਾਬੂ ਹੋਈ ਐੱਸਯੂਵੀ ਕਈ ਵਾਹਨਾਂ ਨੂੰ ਟੱਕਰ ਮਾਰਦੀ ਹੋਈ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿੱਚ ਜਾ ਵੱਜੀ। ਗਨੀਮਤ ਇਹ ਰਹੀ ਕਿ ਮੌਕੇ ’ਤੇ ਖੜ੍ਹਾ ਇੱਕ ਰਾਹਗੀਰ ਵਾਲ-ਵਾਲ ਬਚ ਗਿਆ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
Publish Date: Sat, 23 May 2026 11:15 AM (IST)
Updated Date: Sat, 23 May 2026 11:16 AM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਪ੍ਰੀਤ ਪੈਲੇਸ ਨੇੜੇ ਸ਼ੁੱਕਰਵਾਰ ਦੁਪਹਿਰ ਇੱਕ ਤੇਜ਼ ਰਫ਼ਤਾਰ ਫਾਰਚੂਨਰ ਨੇ ਸੜਕ ’ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਕਰੀਬ 3:15 ਵਜੇ ਵਾਪਰੇ ਇਸ ਭਿਆਨਕ ਹਾਦਸੇ ਦੌਰਾਨ ਬੇਕਾਬੂ ਹੋਈ ਐੱਸਯੂਵੀ ਕਈ ਵਾਹਨਾਂ ਨੂੰ ਟੱਕਰ ਮਾਰਦੀ ਹੋਈ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਵਿੱਚ ਜਾ ਵੱਜੀ। ਗਨੀਮਤ ਇਹ ਰਹੀ ਕਿ ਮੌਕੇ ’ਤੇ ਖੜ੍ਹਾ ਇੱਕ ਰਾਹਗੀਰ ਵਾਲ-ਵਾਲ ਬਚ ਗਿਆ, ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਜਾਣਕਾਰੀ ਅਨੁਸਾਰ ਫਾਰਚੂਨਰ ਬਹੁਤ ਤੇਜ਼ ਰਫ਼ਤਾਰ ਵਿੱਚ ਆ ਰਹੀ ਸੀ। ਅਚਾਨਕ ਡਰਾਈਵਰ ਦੀ ਗੱਡੀ ਦਾ ਸੰਤੁਲਨ ਨੂੰ ਵਿਗੜ ਗਿਆ ਅਤੇ ਐੱਸਯੂਵੀ ਪਹਿਲਾਂ ਰੌਂਗ ਸਾਈਡ ਤੋਂ ਆ ਰਹੀ ਡੱਸਟਰ ਕਾਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਫਾਰਚੂਨਰ ਅੱਗੇ ਵਧਦੀ ਹੋਈ ਸੜਕ ਕਿਨਾਰੇ ਖੜ੍ਹੀ ਨੀਲੇ ਰੰਗ ਦੀ ਬਲੀਨੋ ਅਤੇ ਇੱਕ ਬਰੀਜ਼ਾ ਵਿੱਚ ਜਾ ਵੱਜੀ। ਹਾਦਸੇ ਵੇਲੇ ਇੱਕ ਵਿਅਕਤੀ ਘਟਨਾ ਸਥਾਨ ਦੇ ਬਿਲਕੁਲ ਨੇੜੇ ਖੜ੍ਹਾ ਸੀ, ਜੋ ਕੁਝ ਇੰਚਾਂ ਦੇ ਫਰਕ ਨਾਲ ਗੱਡੀ ਦੀ ਚਪੇਟ ਵਿੱਚ ਆਉਣ ਤੋਂ ਬਚ ਗਿਆ। ਸੀਸੀਟੀਵੀ ਫੁਟੇਜ ਵਿੱਚ ਇਹ ਮੰਜ਼ਰ ਸਾਫ਼ ਦਿਖਾਈ ਦੇ ਰਿਹਾ ਹੈ ਕਿ ਜੇਕਰ ਗੱਡੀ ਥੋੜ੍ਹੀ ਜਿਹੀ ਵੀ ਉਸਦੀ ਦਿਸ਼ਾ ਵੱਲ ਮੁੜ ਜਾਂਦੀ ਤਾਂ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਨੁਕਸਾਨੀ ਗੱਡੀਆਂ ਨੂੰ ਹਟਵਾ ਕੇ ਟ੍ਰੈਫਿਕ ਬਹਾਲ ਕਰਵਾਇਆ। ਪੁਲਿਸ ਨੇ ਮੌਕੇ ਤੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਹਾਦਸਾ ਤੇਜ਼ ਰਫ਼ਤਾਰੀ ਕਾਰਨ ਹੋਇਆ ਜਾਂ ਡਰਾਈਵਰ ਦੀ ਲਾਪ੍ਰਵਾਹੀ ਇਸ ਦੀ ਵਜ੍ਹਾ ਬਣੀ।