ਲੁਧਿਆਣਾ ’ਚ ਹਾਈ-ਟੈਕ ਸੁਰੱਖਿਆ ਦਾ ਆਗਾਜ਼: ਨਵੇਂ ICCC ਦਾ ਉਦਘਾਟਨ, ਹੁਣ AI ਰੱਖੇਗੀ ਅਪਰਾਧੀਆਂ ’ਤੇ ਨਜ਼ਰ
ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਲੁਧਿਆਣਾ ਦੌਰੇ ਦੌਰਾਨ ਸਿਵਲ ਲਾਈਨ ਸਥਿਤ ਪੁਲਿਸ ਲਾਈਨ ਵਿੱਚ ਇਕ ਵਿਸ਼ੇਸ਼ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਤਿਆਰ ਕੀਤੇ ਗਏ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਦਾ ਉਦਘਾਟਨ ਕਰਕੇ ਇਸਨੂੰ ਲੋਕਾਂ ਨੂੰ ਸਮਰਪਿਤ ਕੀਤਾ। ਸਮਾਰੋਹ ਦੌਰਾਨ ਉਨ੍ਹਾਂ ਨੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।
Publish Date: Tue, 05 May 2026 04:31 PM (IST)
Updated Date: Tue, 05 May 2026 04:45 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਲੁਧਿਆਣਾ ਦੌਰੇ ਦੌਰਾਨ ਸਿਵਲ ਲਾਈਨ ਸਥਿਤ ਪੁਲਿਸ ਲਾਈਨ ਵਿੱਚ ਇਕ ਵਿਸ਼ੇਸ਼ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ ਤਿਆਰ ਕੀਤੇ ਗਏ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਦਾ ਉਦਘਾਟਨ ਕਰਕੇ ਇਸਨੂੰ ਲੋਕਾਂ ਨੂੰ ਸਮਰਪਿਤ ਕੀਤਾ। ਸਮਾਰੋਹ ਦੌਰਾਨ ਉਨ੍ਹਾਂ ਨੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।
ਡੀਜੀਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਾਲੀ ਅਤੇ ਜਲੰਧਰ ਤੋਂ ਬਾਅਦ ਹੁਣ ਲੁਧਿਆਣਾ ਪੰਜਾਬ ਦਾ ਤੀਜਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ.ਟੀ.ਐੱਮ.ਐੱਸ. ) ਪੂਰੀ ਤਰ੍ਹਾਂ ਲਾਗੂ ਕੀਤਾ ਗਿਆ ਹੈ। ਸ਼ਹਿਰ ਦੇ 46 ਅਹਿਮ ਸਥਾਨਾਂ ’ਤੇ ਲਗੇ ਏ.ਆਈ. ਆਧਾਰਿਤ ਕੈਮਰੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਆਪ ਹੀ ਪਛਾਣ ਕੇ ਆਟੋਮੈਟਿਕ ਚਲਾਨ ਜਾਰੀ ਕਰਨਗੇ।
ਇਕ ਛੱਤ ਹੇਠਾਂ ਸਾਰੀਆਂ ਸੇਵਾਵਾਂ ਨਵੇਂ ਸੈਂਟਰ ਨਾਲ ਟ੍ਰੈਫਿਕ ਮੈਨੇਜਮੈਂਟ, ਐਮਰਜੈਂਸੀ ਰਿਸਪਾਂਸ (112) ਅਤੇ ਵਾਇਰਲੈਸ ਵਰਗੀਆਂ ਸਹੂਲਤਾਂ ਹੁਣ ਇਕ ਹੀ ਪਲੇਟਫਾਰਮ ’ਤੇ ਕੰਮ ਕਰਨਗੀਆਂ। ਇਸ ਨਾਲ ਪੁਲਿਸ ਦੀ ਕਾਰਵਾਈ ਦਾ ਸਮਾਂ ਘਟ ਕੇ ਲਗਪਗ 7 ਤੋਂ 8 ਮਿੰਟ ਰਹਿ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਦੀਆਂ 259 ਥਾਵਾਂ ’ਤੇ ਕਰੀਬ 1700 ਕੈਮਰੇ ਲਗਾ ਕੇ ਨਿਗਰਾਨੀ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ।
ਅਪਰਾਧ ’ਤੇ ਨਜ਼ਰ ਅਤੇ ਤਕਨੀਕੀ ਤਾਕਤ ਡੀ.ਜੀ.ਪੀ. ਮੁਤਾਬਕ ਪੰਜਾਬ ਪੁਲਿਸ ਪਹਿਲਾਂ ਤੋਂ ਹੀ ਏ.ਆਈ. ਦੀ ਵਰਤੋਂ ਕਰ ਰਹੀ ਹੈ। ਇਸ ਸਮੇਂ ਪੁਲਿਸ ਕੋਲ ਲਗਪਗ 4 ਲੱਖ ਅਪਰਾਧੀਆਂ ਦਾ ਡਾਟਾ ਮੌਜੂਦ ਹੈ ਅਤੇ 84 ਹਜ਼ਾਰ ਤੋਂ ਵੱਧ ਅਪਰਾਧੀਆਂ ਦੇ ਵੌਇਸ ਸੈਂਪਲ ਇਕੱਠੇ ਕੀਤੇ ਗਏ ਹਨ। ਪਿਛਲੇ ਚਾਰ ਸਾਲਾਂ ਵਿੱਚ ਪੁਲਿਸ ਦੇ ਆਧੁਨਿਕੀਕਰਨ ਲਈ 1100 ਕਰੋੜ ਰੁਪਏ ਖਰਚੇ ਗਏ ਹਨ, ਜਦਕਿ ਸਾਈਬਰ ਵਿੰਗ ਨੂੰ 32 ਕਰੋੜ ਦੀ ਲਾਗਤ ਨਾਲ ਮਜ਼ਬੂਤ ਕੀਤਾ ਗਿਆ ਹੈ। ਇਸ ਕਾਰਨ ਪੰਜਾਬ ਸਾਈਬਰ ਠੱਗੀ ਤੋਂ ਰਕਮ ਵਾਪਸੀ ਵਿੱਚ ਦੇਸ਼ ਭਰ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ।
ਸਰਹੱਦੀ ਇਲਾਕਿਆਂ ’ਚ ਵੀ ਸਖ਼ਤ ਨਿਗਰਾਨੀ ਸਰਹੱਦਾਂ ਦੀ ਸੁਰੱਖਿਆ ਲਈ “ਸੈਕੰਡ ਲਾਈਨ ਆਫ ਡਿਫੈਂਸ” ਤਹਿਤ 585 ਸਥਾਨਾਂ ’ਤੇ 2300 ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ, ਐਂਟੀ-ਡ੍ਰੋਨ ਸਿਸਟਮ (ਈ.ਡੀ.ਐੱਸ.) ਵੀ ਲਾਗੂ ਕੀਤਾ ਗਿਆ ਹੈ, ਜਿਸ ਦੇ 3 ਯੂਨਿਟ ਮੌਜੂਦਾ ਸਮੇਂ ਚੱਲ ਰਹੇ ਹਨ ਅਤੇ ਜਲਦੀ ਹੀ 6 ਹੋਰ ਜੋੜੇ ਜਾਣਗੇ।
ਗੈਂਗਸਟਰਾਂ ਲਈ ਚਿਤਾਵਨੀ ਵਿਦੇਸ਼ੀ ਧਮਕੀਆਂ ਬਾਰੇ ਗੱਲ ਕਰਦਿਆਂ ਡੀ.ਜੀ.ਪੀ. ਨੇ ਸਪਸ਼ਟ ਕੀਤਾ ਕਿ ਅਪਰਾਧੀ ਕਿਸੇ ਵੀ ਦੇਸ਼ ਵਿੱਚ ਹੋਣ, ਪੰਜਾਬ ਪੁਲਿਸ ਉਨ੍ਹਾਂ ਤੱਕ ਪਹੁੰਚਣ ਵਿੱਚ ਸਮਰੱਥ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 80 ਤੋਂ 90 ਫੀਸਦੀ ਐਕਸਟੋਰਸ਼ਨ ਕਾਲਾਂ ਫਰਜ਼ੀ ਜਾਂ ਸਥਾਨਕ ਅਪਰਾਧੀਆਂ ਵੱਲੋਂ ਕੀਤੀਆਂ ਜਾਂਦੀਆਂ ਹਨ। ਨੌਜਵਾਨਾਂ ਨੂੰ ਉਨ੍ਹਾਂ ਨੇ ਸਲਾਹ ਦਿੱਤੀ ਕਿ ਗਲਤ ਰਾਹਾਂ ਤੋਂ ਦੂਰ ਰਹਿਣ ਅਤੇ ਆਪਣੀ ਪੜ੍ਹਾਈ ਅਤੇ ਭਵਿੱਖ ’ਤੇ ਧਿਆਨ ਦੇਣ।