ਸਰਕਾਰ ਦੇ ਦਾਅਵੇ ਠੁੱਸ, ਮੰਡੀ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
ਸਰਕਾਰ ਦੇ ਦਾਅਵੇ ਠੁੱਸ, ਮੰਡੀ ’ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
Publish Date: Mon, 20 Apr 2026 08:31 PM (IST)
Updated Date: Tue, 21 Apr 2026 04:07 AM (IST)

ਲਿਫਟਿੰਗ ਨਾ ਹੋਣ ਕਰ ਕੇ ਆੜ੍ਹਤੀਆਂ ’ਚ ਵੀ ਪਾਇਆ ਜਾ ਰਿਹਾ ਭਾਰੀ ਰੋਸ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਖੰਨਾ : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਮੰਡੀਆਂ ’ਚ ਕਣਕ ਦੀ ਖ਼ਰੀਦ ਦੇ ਪੁਖਤਾ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਏਸ਼ੀਆਂ ਦੀ ਅਨਾਜ਼ ਮੰਡੀ ਤੋਂ ਵੱਡੀ ਅਨਾਜ ਮੰਡੀ ’ਚ ਸਰਕਾਰ ਦੇ ਮਾੜੇ ਪ੍ਰਬੰਧ ਦਿਖਾਈ ਦੇ ਰਹੇ ਹਨ। ਮੰਡੀ ’ਚ ਖ਼ਰੀਦ ਕੀਤੀ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਲਿਫਿਟੰਗ ਨਾ ਹੋਣ ਕਰ ਕੇ ਸਾਰੀ ਮੰਡੀ ’ਚ ਨਵੀਂ ਆ ਰਹੀ ਫ਼ਸਲ ਨੂੰ ਸੁੱਟਣ ਲਈ ਥਾਂ ਦੀ ਵੱਡੀ ਘਾਟ ਹੋ ਗਈ ਹੈ ਤੇ ਲੱਖਾਂ ਕੁਇੰਟਲ ਕਣਕ ਖੁੱਲ੍ਹੇ ਅਸਮਾਨ ਹੇਠ ਰੱਬ ਆਸਰੇ ਪਈ ਹੈ। ਜਿਸ ਨੂੰ ਦੇਖ ਕੇ ਮਾਰਕੀਟ ਕਮੇਟੀ, ਫੂਡ ਸਪਲਾਈ ਤੇ ਠੇਕੇਦਾਰ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਗਈ ਹੈ। ਲਿਫਟਿੰਗ ਨਾ ਹੋਣ ਕਰਕੇ ਆੜ੍ਹਤੀਆਂ ’ਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਤੱਕ ਹੋਈ 44 ਫੀਸਦੀ ਹੀ ਲਿਫਟਿੰਗ ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਨਾਜ਼ ਮੰਡੀ ’ਚ ਹੁਣ ਤੱਕ 539165 ਕੁਇੰਟਲ ਕਣਕ ਦੀ ਖ਼ਰੀਦ ਹੋ ਚੁੱਕੀ ਹੈ, ਜਿਸ ’ਚ ਮਹਿਜ 239657 ਕੁਇੰਟਲ ਕਣਕ ਦੀ ਚੁਕਾਈ ਹੋਈ। ਜਿਸ ’ਚ 299508 ਕੁਇੰਟਲ ਕਣਕ ਅਨਾਜ਼ ਮੰਡੀ ’ਚ ਅਣਲਿਫਟਿਡ ਪਈ ਹੈ। ਠੇਕੇਦਾਰ ਵੱਲੋਂ 44 ਫੀਸਦੀ ਹੀ ਲਿਫਟਿੰਗ ਕੀਤੀ ਗਈ ਹੈ। ਜਿਸ ਕਰਕੇ ਅਨਾਜ਼ ਮੰਡੀ ਖੰਨਾ ਹਾਲਾਤ ਵਿਗੜੇ ਪਏ ਹਨ। ਸਾਰੀ ਮੰਡੀ ਕਣਕ ਦੀਆਂ ਬੋਰੀਆਂ ਨਾਲ ਭਰੀ ਪਈ ਹੈ। ਮੰਡੀ ’ਚ ਨਵੀਂ ਕਣਕ ਲਿਆਉਣ ਲਈ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਰੋਜ਼ਾਨਾ 106814 ਕੁਇੰਟਲ ਕਣਕ ਅਨਾਜ਼ ਮੰਡੀ ’ਚ ਆ ਰਹੀ ਹੈ ਪਰ ਲਿਫਟਿੰਗ ਨਾ ਹੋਣ ਕਰਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਰਮੀ ਕਰ ਕੇ ਘਟਦੀ ਨਮੀ, ਕਿਸਾਨਾਂ ਦਾ ਆਰਥਿਕ ਨੁਕਸਾਨ ਜ਼ੋਰਾਵਰ ਸਿੰਘ, ਮਲਕੀਤ ਸਿੰਘ ਤੇ ਦਲਜੀਤ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ। ਕਣਕ ਦੀ ਫ਼ਸਲ ਮੰਡੀ ’ਚ ਪਈ ਹੋਣ ਕਰਕੇ ਗਰਮੀ ਨਾਲ ਕਣਕ ’ਚ ਨਮੀਂ ਦੀ ਮਾਤਰਾ ਬਹੁਤ ਘੱਟ ਹੋ ਜਾਂਦੀ ਹੈ, ਜਿਸ ਕਰਕੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੂੰ ਮੰਡੀਆਂ ’ਚ ਬੈਠਣ ਲਈ ਵੀ ਮਜ਼ਬੂਰ ਹੋਣਾ ਪੈ ਰਿਹਾ ਹੈ। ਆੜ੍ਹਤੀ ਮੰਡੀ ’ਚ ਫਸਲ ਹਾਲੇ ਨਾ ਲਿਆਉਣ ਲਈ ਆਖਦੇ ਹਨ, ਜਿਸ ਕਰਕੇ ਖੇਤਾਂ ’ਚ ਖੜ੍ਹੀ ਜਾਂ ਘਰਾਂ ’ਚ ਵਾਢੀ ਕਰਕੇ ਲਿਆਂਦੀ ਫ਼ਸਲ ਦਾ ਵਜ਼ਨ ਬਹੁਤ ਘੱਟ ਜਾਵੇਗਾ। ਜਿਸ ਨਾਲ ਕਿਸਾਨ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਐੱਸਡੀਐੱਮ ਖੰਨਾ ਸਵਾਤੀ ਟਿਵਾਣਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਕੱਲ ਖ਼ੁਦ ਮੰਡੀ ’ਚ ਜਾ ਕੇ ਜਾਂਚ ਕਰਨਗੇ। ਡੀਐੱਫਐੱਸਓ ਨਰਿੰਦਰ ਸਿੰਘ ਨੇ ਕਿਹਾ ਕਿ ਸਪੈਸਲ ਗੱਡੀਆਂ ਲੱਗ ਰਹੀਆਂ ਹਨ, ਜਿਸ ਕਰ ਕੇ ਜਲਦੀ ਹੀ ਹੱਲ ਹੋ ਜਾਵੇਗਾ। ਕਣਕ ਇਕਦਮ ਮੰਡੀ ’ਚ ਆਉਣ ਕਰ ਕੇ ਸਮੱਸਿਆ ਆਈ ਹੈ।