ਨਾਜਾਇਜ਼ ਕਾਲੋਨੀਆਂ ਅਤੇ ਉਸਾਰੀਆਂ ਖ਼ਿਲਾਫ਼ ਗਲਾਡਾ ਦਾ ਵੱਡਾ ਐਕਸ਼ਨ, ਪੰਜ ਕਾਲੋਨੀਆਂ ‘ਤੇ ਚੱਲਿਆ ਪੀਲਾ ਪੰਜਾਂ

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਨੇ ਸੋਮਵਾਰ ਨੂੰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕਈ ਥਾਵਾਂ ‘ਤੇ ਜੇਸੀਬੀ ਮਸ਼ੀਨ ਦੀ ਪੀਲਾ ਪੰਜਾਂ ਚਲਾ ਕੇ ਉਨ੍ਹਾਂ ਨੂੰ ਢਾਹੁਣ ਦੀ ਮੁਹਿੰਮ ਚਲਾਈ। ਗਲਾਡਾ ਦੀ ਇਸ ਕਾਰਵਾਈ ਨਾਲ ਗੈਰ-ਅਧਿਕਾਰਤ ਤਰੀਕੇ ਨਾਲ ਕਾਲੋਨੀਆਂ ਕੱਟਣ ਵਾਲਿਆਂ ਅਤੇ ਬਿਨ੍ਹਾਂ ਮਨਜ਼ੂਰੀ ਉਸਾਰੀਆਂ ਕਰਨ ਵਾਲਿਆਂ ਵਿੱਚ ਹੜਕੰਪ ਮੱਚ ਗਿਆ।
ਜਾਣਕਾਰੀ ਅਨੁਸਾਰ ਗਲਾਡਾ ਦੀ ਟੀਮ ਨੇ ਡੇਹਲੋਂ, ਜਸਪਾਲ ਬਾਂਗਰ ਅਤੇ ਉੱਚੀ ਮੰਗਲੀ ਇਲਾਕਿਆਂ ਵਿੱਚ ਕੱਟੀਆਂ ਜਾ ਰਹੀਆਂ ਪੰਜ ਅਣ ਅਧਿਕਾਰਤ ਕਾਲੋਨੀਆਂ ‘ਤੇ ਸਖ਼ਤ ਕਾਰਵਾਈ ਕੀਤੀ। ਇਨ੍ਹਾਂ ਕਾਲੋਨੀਆਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਗਲਾਡਾ ਦੇ ਅਧਿਕਾਰੀਆਂ ਵੱਲੋਂ ਜੇਸੀਬੀ ਦੀ ਮਦਦ ਨਾਲ ਪੱਟ ਦਿੱਤਾ ਗਿਆ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਸੜਕਾਂ, ਸੀਮੈਂਟ ਦੇ ਢਾਂਚਿਆਂ ਅਤੇ ਹੋਰ ਗੈਰ-ਕਾਨੂੰਨੀ ਤਿਆਰੀਆਂ ਨੂੰ ਨਸ਼ਟ ਕਰ ਦਿੱਤਾ। ਇਸ ਤੋਂ ਇਲਾਵਾ ਗਲਾਡਾ ਦੀ ਟੀਮ ਨੇ ਭੈਰੋਮੁੰਨਾ, ਗਿੱਲ, ਜੰਡਿਆਲੀ, ਜਸਪਾਲ ਬਾਂਗਰ, ਕੋਹਾੜਾ, ਸੰਘੂ ਪੈਲੇਸ ਨੇੜੇ ਕੋਹਾੜਾ, ਲੁਧਿਆਣਾ-ਮਾਲੇਰਕੋਟਲਾ ਰੋਡ ਤੇ ਮਰਾਡੋ ਚੌਕੀ ਦੇ ਨੇੜੇ ਅਤੇ ਟਿੱਬਾ ਰੋਡ ਇਲਾਕਿਆਂ ਵਿੱਚ 12 ਨਾਜਾਇਜ਼ ਇਮਾਰਤਾਂ ਅਤੇ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਵੀ ਵੱਡੀ ਕਾਰਵਾਈ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਇਹ ਉਸਾਰੀਆਂ ਬਿਨ੍ਹਾਂ ਮਨਜ਼ੂਰੀ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਕੀਤੀਆਂ ਜਾ ਰਹੀਆਂ ਸਨ, ਜਿਸ ਕਾਰਨ ਇਨ੍ਹਾਂ ਖਿਲਾਫ ਕਾਰਵਾਈ ਕਰਨਾ ਜਰੂਰੀ ਸੀ।
ਗਲਾਡਾ ਵੱਲੋਂ ਸਿਰਫ਼ ਢਾਹੁਣ ਕਾਰਵਾਈ ਹੀ ਨਹੀਂ ਕੀਤੀ ਗਈ, ਸਗੋਂ ਹੋਰ ਕਈ ਪਿੰਡਾਂ ਵਿੱਚ ਬਣ ਰਹੀਆਂ ਅਣ ਅਧਿਕਾਰਤ ਕਾਲੋਨੀਆਂ ‘ਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ। ਚੂਹੜਪੁਰ, ਦਾਦ, ਕਨੀਜਾ, ਮਾਣਕਵਾਲ ਅਤੇ ਥਰੀਕੇ ਸਮੇਤ ਕਈ ਪਿੰਡਾਂ ਵਿੱਚ ਬਣ ਰਹੀਆਂ ਲਗਭਗ 20 ਅਣ ਅਧਿਕਾਰਤ ਕਾਲੋਨੀਆਂ ਦੀਆਂ ਰਿਪੋਰਟਾਂ ਸਬੰਧਤ ਤਹਿਸੀਲਦਾਰਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਹੁਣ ਇਨ੍ਹਾਂ ਮਾਮਲਿਆਂ ਵਿੱਚ ਅਗਲੀ ਕਾਨੂੰਨੀ ਅਤੇ ਰੈਵੇਨਿਊ ਵਿਭਾਗ ਦੀ ਕਾਰਵਾਈ ਕੀਤੀ ਜਾਵੇਗੀ। ਗਲਾਡਾ ਦੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਵਿਕਾਸ ਹੀਰਾ ਨੇ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਕਾਲੋਨੀ ਵਿੱਚ ਪਲਾਟ ਜਾਂ ਮਕਾਨ ਖਰੀਦਣ ਤੋਂ ਪਹਿਲਾਂ ਪੂਰੀ ਜਾਂਚ-ਪੜਤਾਲ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਕਈ ਲੋਕ ਸਸਤੇ ਰੇਟਾਂ ਦੇ ਲਾਲਚ ਵਿੱਚ ਗੈਰ-ਕਾਨੂੰਨੀ ਕਾਲੋਨੀਆਂ ਵਿੱਚ ਨਿਵੇਸ਼ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜਾਇਦਾਦ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਗਲਾਡਾ ਦੀ ਅਧਿਕਾਰਿਕ ਵੈੱਬਸਾਈਟ ਤੋਂ ਉਸ ਪ੍ਰੋਜੈਕਟ ਦੀ ਮਨਜ਼ੂਰੀ ਅਤੇ ਕਾਨੂੰਨੀ ਸਥਿਤੀ ਦੀ ਪੁਸ਼ਟੀ ਜ਼ਰੂਰ ਕਰ ਲੈਣ। ਉਨ੍ਹਾਂ ਕਿਹਾ ਕਿ ਗਲਾਡਾ ਵੱਲੋਂ ਭਵਿੱਖ ਵਿੱਚ ਵੀ ਗੈਰ-ਕਾਨੂੰਨੀ ਕਾਲੋਨੀਆਂ ਅਤੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਕਾਰਵਾਈ ਦੌਰਾਨ ਗਲਾਡਾ ਦੀ ਟੀਮ ਦੇ ਪੁਲਿਸ ਦੀ ਅਤੇ ਵਿਭਾਗ ਦੇ ਸਕਿਉਰਟੀ ਗਾਰਡਾਂ ਦੀ ਟੀਮ ਵੀ ਮੌਜੂਦ ਰਹੇ ਤਾਂ ਜੋ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਪੂਰੀ ਕੀਤੀ ਜਾ ਸਕੇ।