ਨਾਜਾਇਜ਼ ਕਲੋਨੀਆਂ ਖ਼ਿਲਾਫ਼ ਗਲਾਡਾ ਹੋਇਆ ਸਖ਼ਤ
ਨਾਜਾਇਜ਼ ਕਲੋਨੀਆਂ ਖਿਲਾਫ ਗਲਾਡਾ ਵਿਭਾਗ ਹੋਇਆ ਸਖਤ
Publish Date: Wed, 20 May 2026 09:44 PM (IST)
Updated Date: Thu, 21 May 2026 04:10 AM (IST)

ਦੋ ਦਿਨਾਂ ’ਚ ਦੋ ਨਾਜਾਇਜ਼ ਕਾਲੋਨੀਆਂ ਖ਼ਿਲਾਫ਼ ਪਾਪਰਾ ਐਕਟ ’ਚ ਪਰਚਾ ਦਰਜ --- ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਆਸ ਪਾਸ ਵਾਹੀ ਵਾਲੀਆਂ ਜਮੀਨਾਂ ਉੱਪਰ ਗੈਰ ਕਾਨੂੰਨੀ ਢੰਗ ਨਾਲ ਕਲੋਨੀਆਂ ਕੱਟਣ ਵਾਲਿਆਂ ਖਿਲਾਫ ਗਲਾਡਾ ਵਿਭਾਗ ਵੱਲੋਂ ਦੋ ਦਿਨਾਂ ਵਿੱਚ ਦੋ ਵੱਖ ਵੱਖ ਮਾਮਲੇ ਦਰਜ ਕਰਵਾਏ ਗਏ ਹਨ। ਪਹਿਲੇ ਮਾਮਲੇ ਵਿੱਚ ਗਲਾਡਾ ਦੇ ਸਹਾਇਕ ਜ਼ਿਲ੍ਹਾ ਨਗਰ ਯੋਜਨਾਕਾਰ ਰੈਗੂਲੇਟਰੀ ਉਪ ਮੰਡਲ ਇੰਜੀਨੀਅਰ ਰੈਗੂਲੇਟਰੀ ਦੇ ਬਿਆਨ ਉੱਪਰ ਪਿੰਡ ਦਾਦ ਦੀ ਇੱਕ ਕਲੋਨੀ ਖਿਲਾਫ ਪਾਪਰਾ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਹੈ। ਗਲਾਡਾ ਅਦਾਕਾਰੀਆਂ ਮੁਤਾਬਕ ਪਿੰਡ ਦਾਦ ਦੀ ਵਾਹੀ ਵਾਲੀ ਜਮੀਨ ਉੱਪਰ ਕਲੋਨਾਈਜਰ ਵੱਲੋਂ ਕਿਰਨ ਵਿਹਾਰ ਨਾਮ ਦੀ ਅਣ ਅਧਿਕਾਰਤ ਕਲੋਨੀ ਕੱਟ ਕੇ ਕਲੋਨੀ ਅੰਦਰ ਨਾਜਾਇਜ਼ ਉਸਾਰੀਆਂ ਵੀ ਕੀਤੀਆਂ ਗਈਆਂ ਸਨ। ਗਲਾਡਾ ਵਿਭਾਗ ਵੱਲੋਂ ਬਣਾਏ ਗਏ ਨਿਯਮਾਂ ਦੀ ਅਦੂਲੀ ਕਰਦੇ ਹੋਏ ਬਿਨ੍ਹਾਂ ਪਾਸ ਕਰਵਾਈ ਗਈ ਇਸ ਕਲੋਨੀ ਦਾ ਨਿਰਮਾਣ ਕਰਕੇ ਕਲੋਨਾਈਜਰ ਵੱਲੋਂ ਜਿੱਥੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਕੇ ਮਾਲੀਏ ਨੂੰ ਚੂਨਾ ਲਗਾਇਆ ਜਾ ਰਿਹਾ ਸੀ, ਉੱਥੇ ਗ੍ਰਾਹਕਾਂ ਨੂੰ ਹਨੇਰੇ ਵਿੱਚ ਰੱਖ ਕੇ ਪਲਾਟ ਵੇਚੇ ਜਾ ਰਹੇ ਸਨ। ਉਕਤ ਕਲੋਨੀ ਸਬੰਧੀ ਵਾਰ ਵਾਰ ਦਸਤਾਵੇਜ ਮੰਗੇ ਜਾਣ ਅਤੇ ਨੋਟਿਸਾਂ ਦੇ ਬਾਵਜੂਦ ਜਦ ਕਲੋਨੀ ਕੱਟਣ ਵਾਲੇ ਵੱਲੋਂ ਗਲਾਡਾ ਦੀ ਕੋਈ ਵੀ ਪ੍ਰਵਾਹ ਨਾ ਕੀਤੀ ਗਈ ਤਾਂ ਥਾਣਾ ਸਦਰ ਪੁਲਿਸ ਕੋਲ ਉਕਤ ਕਲੋਰਾਈਜਰ ਖਿਲਾਫ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਚਰਨ ਸਿੰਘ ਮੁਤਾਬਕ ਪਾਪਰਾ ਐਕਟ 1995 ਅਧੀਨ ਕਿਰਨ ਵਿਹਾਰ ਨਾਮ ਦੀ ਇਸ ਕਲੋਨੀ ਖਿਲਾਫ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਥਾਣਾ ਡੇਹਲੋਂ ਦੀ ਪੁਲਿਸ ਵੱਲੋਂ ਸਹਾਇਕ ਮਿਲਖ ਅਫਸਰ ਗਲਾਡਾ ਦੇ ਬਿਆਨ ਉੱਪਰ ਪਿੰਡ ਰਣੀਆਂ ਸਥਿਤ ਡੈਲਟਾ ਸਿਟੀ ਕਲੋਨੀ ਦੇ ਪ੍ਰਮੋਟਰ ਖਿਲਾਫ ਪਾਪਰਾ ਐਕਟ ਅਧੀਨ ਪਰਚਾ ਦਰਜ ਕੀਤਾ ਗਿਆ। ਗਲਾਡਾ ਅਧਿਕਾਰੀਆਂ ਮੁਤਾਬਕ ਪਿੰਡ ਰਣੀਆ ਵਿਖੇ ਡੈਲਟਾ ਸਿਟੀ ਨਾਮ ਤੇ ਕਰੀਬ 10 ਏਕੜ ਵਾਹੀ ਵਾਲੀ ਜਮੀਨ ਉੱਪਰ ਰਿਹਾਇਸ਼ੀ ਕਲੋਨੀ ਕੱਟੀ ਗਈ ਸੀ। ਗਲਾਡਾ ਅਧਿਕਾਰੀਆਂ ਮੁਤਾਬਕ ਕਲੋਨੀ ਦੇ ਪ੍ਰਮੋਟਰ ਵੱਲੋਂ ਗਲਾਡਾ ਤੋਂ ਜਾਰੀ ਲਾਈਸੈਂਸ ਨਾ ਤਾਂ ਰਿਨਿਊ ਕਰਵਾਇਆ ਗਿਆ ਸੀ ਅਤੇ ਨਾ ਹੀ ਕਲੋਨੀ ਦੇ ਅੰਦਰੂਨੀ ਵਿਕਾਸ ਕਾਰਜ ਪੂਰੇ ਕਰਕੇ ਕੰਪਲੀਸ਼ਨ ਲਈ ਅਪਲਾਈ ਕੀਤਾ ਗਿਆ। ਅਜਿਹਾ ਕਰਕੇ ਡੈਲਟਾ ਸਿਟੀ ਕਲੋਨੀ ਦੇ ਪ੍ਰਮੋਟਰ ਨੇ ਸਰਕਾਰੀ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਸਬੰਧੀ ਪਿਛਲੇ ਸਾਲ ਮਾਰਚ ਮਹੀਨੇ ਵਿੱਚ ਥਾਣਾ ਡੇਹਲੋਂ ਦੀ ਪੁਲਿਸ ਨੂੰ ਪ੍ਰਮੋਟਰ ਖਿਲਾਫ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਉਕਤ ਸ਼ਿਕਾਇਤ ਮਿਲਣ ਮਗਰੋਂ ਪੁਲਿਸ ਵੱਲੋਂ ਦਸਤਾਵੇਜਾਂ ਦੀ ਪੜਚੋਲ ਕਰਨ ਤੋਂ ਬਾਅਦ ਪ੍ਰਮੋਟਰ ਖਿਲਾਫ ਪਾਪਰਾ ਐਕਟ ਅਧੀਨ ਪਰਚਾ ਦਰਜ ਕਰਕੇ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। --- ਨਾਜਾਇਜ਼ ਕਲੋਨੀਆਂ ਖਿਲਾਫ ਜਾਰੀ ਰਹੇਗੀ ਕਾਰਵਾਈ ਗਲਾਡਾ ਅਧਿਕਾਰੀਆਂ ਮੁਤਾਬਕ ਗਲਾਡਾ ਵਿਭਾਗ ਦੀ ਪ੍ਰਵਾਨਗੀ ਲਏ ਬਿਨ੍ਹਾਂ ਵਾਹੀ ਵਾਲੀਆਂ ਜਮੀਨਾਂ ਤੇ ਕਲੋਨੀਆਂ ਕੱਟ ਕੇ ਗ੍ਰਾਹਕਾਂ ਨੂੰ ਪਲਾਟ ਵੇਚਣ ਵਾਲੇ ਪ੍ਰਮੋਟਰਾਂ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਹੋਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿੱਥੇ ਅਜਿਹੇ ਪ੍ਰਮੋਟਰਾਂ ਵੱਲੋਂ ਝੂਠੇ ਸੱਚੇ ਵਾਅਦੇ ਕਰਕੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਦੇ ਪਲਾਟ ਵੇਚ ਕੇ ਮੋਟੀਆਂ ਕਮਾਈਆਂ ਕੀਤੀਆਂ ਗਈਆਂ, ਉੱਥੇ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਭੋਲੇ ਭਲੇ ਲੋਕਾਂ ਦੀ ਜ਼ਿੰਦਗੀ ਭਰਦੀ ਕਮਾਈ ਅਜਿਹੀਆਂ ਅਣ ਅਧਿਕਾਰਤ ਕਲੋਨੀਆਂ ਵਿੱਚ ਪਲਾਟ ਖਰੀਦਣ ਕਾਰਨ ਫਸ ਚੁੱਕੀ ਹੈ। ਅਜਿਹੀਆਂ ਕਲੋਨੀਆਂ ਵਿੱਚ ਗਲਾਡਾ ਵੱਲੋਂ ਨਿਰਧਾਰਿਤ ਮਾਣਕਾ ਮੁਤਾਬਕ ਨਾ ਤਾਂ ਚੌੜੀਆਂ ਸੜਕਾਂ ਬਣਾਈਆਂ ਜਾਂਦੀਆਂ ਹਨ ਅਤੇ ਨਾ ਹੀ ਸੀਵਰੇਜ ਪੀਣ ਵਾਲੇ ਪਾਣੀ ਅਤੇ ਪਾਰਕਾਂ ਵਰਗੀਆਂ ਅਹਿਮ ਜਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ। ਗਲਾਡਾ ਵਿਭਾਗ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਨਾਜਾਇਜ਼ ਕਲੋਨੀਆਂ ਦੀ ਸੂਚੀ ਬਣਾ ਕੇ ਕਾਨੂੰਨੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ।