7 ਮਹੀਨੇ ਪਹਿਲਾਂ ਵਿਆਹੀ ਲੜਕੀ ਨੇ ਗਰਿੱਲ ਨਾਲ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
7 ਮਹੀਨੇ ਪਹਿਲੋਂ ਵਿਆਹੀ ਲੜਕੀ ਨੇ ਗਰਿਲ ਨਾਲ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ
Publish Date: Sat, 16 May 2026 06:42 PM (IST)
Updated Date: Sat, 16 May 2026 06:45 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਪਤੀ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਬੁਰੀ ਤਰ੍ਹਾਂ ਪਰੇਸ਼ਾਨ ਹੋਈ ਵਿਆਹੁਤਾ ਨੇ ਸਟੋਰ ਰੂਮ ਦੀ ਗਰਿਲ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪੇਕਿਆਂ ਨੇ ਜਿਵੇਂ ਹੀ ਉਸਦੀ ਲਟਕਦੀ ਹੋਈ ਲਾਸ਼ ਦੇਖੀ, ਤਾਂ ਸਾਰਿਆਂ ਦੇ ਹੋਸ਼ ਉੱਡ ਗਏ। ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੀਆਰਐੱਸ ਨਗਰ ਦੇ ਜੇ ਬਲਾਕ ਦੀ ਰਹਿਣ ਵਾਲੀ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਏਐਸਆਈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਲੜਕੀ ਦਾ ਪੋਸਟਮਾਰਟਮ ਕੀਤਾ ਜਾਵੇਗਾ। ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜੇ ਬਲਾਕ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੈਟਰੋਲ ਪੰਪ ਤੇ ਨੌਕਰੀ ਕਰਦੇ ਹਨ। ਉਹ ਆਪਣੀ ਬੇਟੀ ਅਮਨਦੀਪ ਕੌਰ ਨੂੰ ਇੱਕ ਵੱਡਾ ਇਨਸਾਨ ਬਣਿਆ ਦੇਖਣਾ ਚਾਹੁੰਦੇ ਸਨ, ਜਿਸ ਦੇ ਚਲਦੇ ਉਨ੍ਹਾਂ ਨੇ ਆਪਣੀ ਧੀ ਨੂੰ ਬੀਕੌਮ ਦੀ ਪੜ੍ਹਾਈ ਕਰਵਾਈ। ਸਿੱਖਿਆ ਪੂਰੀ ਕਰਵਾਉਣ ਤੋਂ ਬਾਅਦ ਉਹ ਲੜਕੀ ਦੇ ਲਈ ਇੱਕ ਚੰਗਾ ਰਿਸ਼ਤਾ ਦੇਖ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਅਖਬਾਰ ਵਿਚ ਇਸ਼ਤਿਹਾਰ ਦਿੱਤਾ ਜਿਸ ਤੋਂ ਬਾਅਦ ਇਕ ਅਕਤੂਬਰ 2025 ਨੂੰ ਅਮਨਦੀਪ ਕੌਰ ਦਾ ਵਿਆਹ ਜਲੰਧਰ ਦੇ ਲੱਧੇਵਾਲੀ ਰੋਡ ਦੇ ਪ੍ਰੀਤ ਵਿਹਾਰ ਦੇ ਵਾਸੀ ਪਵਨਜੀਤ ਸਿੰਘ ਨਾਲ ਹੋ ਗਿਆ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਲੜਕੀ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਦਹੇਜ ਦੀ ਮੰਗ ਕਰਦੇ ਹੋਏ ਲੜਕੀ ਦਾ ਸਹੁਰਾ ਪਰਿਵਾਰ ਉਸਨੂੰ ਲਗਾਤਾਰ ਤੰਗ ਕਰ ਰਿਹਾ ਸੀ। ਪਿਛਲੇ ਸੱਤ ਮਹੀਨਿਆਂ ਵਿਚ ਉਹ ਲੜਕੀ ਨਾਲ ਲੜਾਈ ਝਗੜਾ ਕਰਦੇ ਅਤੇ ਮਾਨਸਿਕ ਤਸੀਹੇ ਦਿੰਦੇ। ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਅਮਨਦੀਪ ਕੌਰ ਆਪਣੇ ਪਿਤਾ ਦੇ ਘਰ ਆ ਕੇ ਰਹਿ ਰਹੀ ਸੀ। ਬੀਤੇ ਦਿਨ ਪਰਿਵਾਰ ਜਦ ਲੜਕੀ ਨੂੰ ਲੱਭਦਾ ਹੋਇਆ ਸਟੋਰ ਰੂਮ ਵਿਚ ਪਹੁੰਚਿਆ, ਤਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਨੇ ਪੱਗ ਦੇ ਜ਼ਰੀਏ ਗਰਿਲ ਨਾਲ ਫਾਹਾ ਲਗਾਇਆ ਹੋਇਆ ਸੀ। ਉਧਰੋਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਅਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਸਟੋਰ ਰੂਮ ਦੀ ਜਾਂਚ ਕਰ ਰਹੀ ਹੈ। ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਲੜਕੀ ਦੇ ਪਤੀ ਪਵਨਜੀਤ ਸਿੰਘ, ਸ਼ੈਲਿੰਦਰ ਕੁਮਾਰ ਅਤੇ ਸੁਰਿੰਦਰ ਕੌਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਦੁਪਹਿਰ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।