ਸਮਾਰਟ ਸਿਟੀ ’ਚ ਕੂੜੇ ਦੇ ਢੇਰਾਂ ਦਾ ਰਾਜ
ਸਮਾਰਟ ਸਿਟੀ ‘ਚ ਕੂੜੇ ਦੇ ਢੇਰਾਂ ਦਾ ਰਾਜ, ਭਾਜਪਾ ਵੱਲੋਂ ਸਰਕਾਰ ‘ਤੇ ਤਿੱਖਾ ਹਮਲਾ
Publish Date: Tue, 05 May 2026 08:57 PM (IST)
Updated Date: Wed, 06 May 2026 04:17 AM (IST)

-ਭਾਜਪਾਈਆਂ ਵੱਲੋਂ ਸੂਬਾ ਸਰਕਾਰ ’ਤੇ ਤਿੱਖਾ ਹਮਲਾ -ਵਿਕਾਸ ਦੇ ਦਾਅਵਿਆਂ ਅੱਗੇ ਜ਼ਮੀਨੀ ਹਕੀਕਤ ਬਿਲਕੁਲ ਵੱਖਰੀ : ਧੀਮਾਨ --- ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ ਸਮਾਰਟ ਸਿਟੀ ਦੇ ਨਾਮ ਨਾਲ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੀ ਮੌਜੂਦਾ ਹਾਲਤ ‘ਤੇ ਭਾਜਪਾ ਨੇ ਤਿੱਖਾ ਪ੍ਰਹਾਰ ਕੀਤਾ ਹੈ। ਸ਼ਹਿਰ ਦੇ ਵੱਖ-ਵੱਖ ਐਂਟਰੀ ਪੁਆਇੰਟਾਂ ‘ਤੇ ਫੈਲੀ ਗੰਦਗੀ ਅਤੇ ਕੂੜੇ ਦੇ ਵੱਡੇ ਢੇਰਾਂ ਨੇ ਸਰਕਾਰ ਦੇ ਵਿਕਾਸ ਦੇ ਦਾਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਦਾਣਾ ਮੰਡੀ ਦੁੱਗਰੀ ਰੋਡ ‘ਤੇ ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸ਼ਹਿਰ ਵਿੱਚ ਦਾਖਲ ਹੁੰਦੇ ਹੀ ਲੋਕਾਂ ਦਾ ਸਵਾਗਤ ਫੁੱਲਾਂ ਨਾਲ ਨਹੀਂ, ਸਗੋਂ ਬਦਬੂ ਮਾਰਦੇ ਕੂੜੇ ਦੇ ਢੇਰਾਂ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਹਾਲਾਤ ਸਮਾਰਟ ਸਿਟੀ ਦੀ ਛਵੀ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਾ ਰਹੇ ਹਨ। ਧੀਮਾਨ ਨੇ ਦੀ ਅਗਵਾਈ ਵਾਲੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਕ ਪਾਸੇ ਵੱਡੇ ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਜਮੀਨੀ ਹਕੀਕਤ ਬਿਲਕੁਲ ਵੱਖਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਨਗਰ ਨਿਗਮ ਦੇ ਨੁਮਾਇੰਦੇ ਲੋਕਾਂ ਨੂੰ ਆ ਰਹੀਆਂ ਮੁੱਢਲੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਇਸ ਮੌਕੇ ਉਨ੍ਹਾਂ ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਸਬੰਧਤ ਅਧਿਕਾਰੀਆਂ ਨੂੰ ਘੇਰਦਿਆਂ ਕਿਹਾ ਕਿ ਜੇਕਰ ਸ਼ਹਿਰ ਦੀ ਸਫਾਈ ਪ੍ਰਣਾਲੀ ਇੰਨੀ ਹੀ ਲਾਪਰਵਾਹ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਿਹਤ ਸੰਬੰਧੀ ਗੰਭੀਰ ਖਤਰੇ ਪੈਦਾ ਹੋ ਸਕਦੇ ਹਨ। ਧੀਮਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਜਲਦੀ ਹੀ ਕੂੜਾ ਪ੍ਰਬੰਧਨ ‘ਚ ਸੁਧਾਰ ਨਾ ਕੀਤਾ ਗਿਆ ਤਾਂ ਭਾਜਪਾ ਵੱਲੋਂ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਜਾਵੇਗਾ।