ਟਰੱਕ ਚੋਂ ਭਾਰੀ ਮਾਤਰਾ ਵਿੱਚ ਸਾਈਕਲ ਚੋਰੀ ਕਰਨ ਵਾਲਾ ਗਿਰੋਹ ਗ੍ਰਿਫਤਾਰ

ਚੋਰੀ ਕੀਤੇ 55 ਸਾਈਕਲ ਅਤੇ ਚੋਰੀ ਦੀ ਮਹਿੰਦਰਾ ਪਿੱਕਅਪ ਬਰਾਮਦ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਡਰਾਈਵਰ ਦੇ ਘਰ ਦੇ ਬਾਹਰ ਖੜ੍ਹੇ ਟਰੱਕਾਂ ਨੂੰ ਨਿਸ਼ਾਨਾ ਬਣਾਕੇ ਟਰੱਕ ਚੋਂ ਭਾਰੀ ਮਾਤਰਾ ਵਿੱਚ ਸਾਈਕਲ ਚੋਰੀ ਕਰਨ ਵਾਲੇ ਇੱਕ ਸ਼ਾਤਿਰ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਥਾਣਾ ਕੂੰਮਕਲਾਂ ਦੀ ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 55 ਚੋਰੀਸ਼ੁਦਾ ਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬੈਲਰੋ ਪਿੱਕਅਪ ਬਰਾਮਦ ਕੀਤੀ ਹੈ।
ਮੁਲਜ਼ਮਾਂ ਨੇ ਜੰਮੂ ਕਸ਼ਮੀਰ ਭੇਜੇ ਜਾਣ ਵਾਲੇ ਸਾਈਕਲ ਉਸ ਵੇਲੇ ਚੋਰੀ ਕੀਤੇ ਸਨ ਜਦੋਂ ਟਰੱਕ ਦਾ ਡਰਾਈਵਰ ਬਿਮਾਰੀ ਦੇ ਚੱਲਦਿਆਂ ਟਰੱਕ ਘਰ ਦੇ ਬਾਹਰ ਖੜਾ ਕਰਕੇ ਅੰਦਰ ਆਰਾਮ ਕਰ ਰਿਹਾ ਸੀ। ਜਾਣਕਾਰੀ ਦਿੰਦੇ ਹੋਏ ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਅਤੇ ਚੌਂਕੀ ਕਟਾਣੀ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਵਾਰਦਾਤ 14 ਮਈ ਦੀ ਹੈ। ਮਨਮੋਹਿਤ ਸਿੰਘ ਵਾਸੀ ਪਾਮ ਇਨਕਲੇਵ, ਪਿੰਡ ਸੰਗੋਵਾਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਫੈਕਟਰੀ ਦੇ ਟਰੱਕ ਵਿੱਚ ਲੋਡ ਕੀਤੇ ਗਏ ਸਾਈਕਲਾਂ ਦੇ 35 ਗੱਤੇ ਪਿੰਡ ਭੈਣੀ ਸਾਹਿਬ ਨੇੜੇ ਚੋਰੀ ਹੋ ਗਏ ਹਨ। ਸ਼ਿਕਾਇਤ ਮੁਤਾਬਕ 4 ਨੌਜਵਾਨ ਮਹਿੰਦਰਾ ਬੈਲਰੋ ਪਿੱਕ ਅੱਪ ਵਿੱਚ ਆਏ ਅਤੇ ਕੁਝ ਹੀ ਸਮੇਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਟਰੱਕ ਡਰਾਈਵਰ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਇਸ ਕਾਰਨ ਉਸ ਨੇ ਟਰੱਕ ਆਪਣੇ ਘਰ ਦੇ ਬਾਹਰ ਖੜ੍ਹਾ ਕਰ ਦਿੱਤਾ ਅਤੇ ਉਸ ਨੂੰ ਤਿਰਪਾਲ ਨਾਲ ਪੂਰੀ ਤਰ੍ਹਾਂ ਢੱਕ ਕੇ ਆਰਾਮ ਕਰਨ ਲਈ ਘਰ ਅੰਦਰ ਚਲਾ ਗਿਆ। ਮੁਲਜ਼ਮ ਪਹਿਲਾਂ ਤੋਂ ਹੀ ਮੌਕੇ ਦੀ ਤਾਕ ਵਿੱਚ ਸਨ ਅਤੇ ਉਨ੍ਹਾਂ ਨੇ ਸੁੰਨੇ ਪਏ ਟਰੱਕ ਵਿੱਚੋਂ ਸਾਈਕਲਾਂ ਦੇ ਗੱਤੇ ਉਤਾਰ ਕੇ ਆਪਣੀ ਪਿੱਕ ਅੱਪ ਵਿੱਚ ਲੋਡ ਕਰ ਲਏ।
ਏਸੀਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਤਫਤੀਸ਼ ਦੌਰਾਨ ਪੁਲਿਸ ਨੇ ਤਰੁਣ ਕਪੂਰ ਉਰਫ਼ ਲੱਕੀ, ਹਰਵਿੰਦਰ ਸਿੰਘ ਉਰਫ਼ ਹਨੀ, ਸੁਰਜੀਤ ਸਿੰਘ ਉਰਫ਼ ਗਿਆਨੀ ਅਤੇ ਸ਼ਿਵਮ ਉਰਫ਼ ਕਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਪੁੱਛ ਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਵਾਰਦਾਤ ਵਿੱਚ ਵਰਤੀ ਗਈ ਮਹਿੰਦਰਾ ਬੈਲਰੋ ਪਿੱਕ ਅੱਪ ਵੀ ਕੁੱਝ ਦਿਨ ਪਹਿਲਾਂ ਮਲੇਰਕੋਟਲਾ ਇਲਾਕੇ ਵਿੱਚੋਂ ਚੋਰੀ ਕੀਤੀ ਗਈ ਸੀ। ਇਸੇ ਗੱਡੀ ਦੀ ਵਰਤੋਂ ਕਰਕੇ ਉਨ੍ਹਾਂ ਨੇ ਸਾਈਕਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
---
ਮੁਲਜ਼ਮਾਂ ਖ਼ਿਲਾਫ਼ ਦਰਜ ਹਨ 41 ਮੁਕੱਦਮੇ
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 55 ਸਾਈਕਲ ਬਰਾਮਦ ਕੀਤੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਾਫੀ ਸਮੇਂ ਤੋਂ ਚੋਰੀ, ਲੁੱਟ-ਖੋਹ ਅਤੇ ਨਸ਼ਾ ਤਸਕਰੀ ਵਰਗੀਆਂ ਵਾਰਦਾਤਾਂ ਵਿੱਚ ਸਰਗਰਮ ਸਨ। ਪੁਲਿਸ ਰਿਕਾਰਡ ਅਨੁਸਾਰ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਹੀ 41 ਮੁਕੱਦਮੇ ਦਰਜ ਹਨ। ਇਸ ਖੁਲਾਸੇ ਤੋਂ ਬਾਅਦ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਗਿਰੋਹ ਸਿਰਫ਼ ਇੱਕ ਹੀ ਵਾਰਦਾਤ ਤੱਕ ਸੀਮਿਤ ਨਹੀਂ ਸੀ, ਸਗੋਂ ਯੋਜਨਾਬੱਧ ਢੰਗ ਨਾਲ ਟਰੱਕਾਂ ਅਤੇ ਮਾਲ ਵਾਹਕ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗਿਰੋਹ ਨੇ ਹੋਰ ਕਿਹੜੀਆਂ ਥਾਵਾਂ ‘ਤੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਚੋਰੀ ਦਾ ਸਮਾਨ ਕਿੱਥੇ ਵੇਚਿਆ ਜਾਂਦਾ ਸੀ। ਫਿਲਹਾਲ ਚਾਰਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਹੋਰ ਪੁੱਛ ਗਿੱਛ ਜਾਰੀ ਹੈ। ਜਿਸ ਦੇ ਅਧਾਰ ਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।