ਮੇਅਰ ਦਫ਼ਤਰ ਤੋਂ ਲੈ ਕੇ ਦਿਲਜੀਤ ਦੋਸਾਂਝ ਦੇ ਘਰ ਤੱਕ ਬੰਬ ਧਮਾਕਿਆਂ ਦੀ ਧਮਕੀ ਨਾਲ ਲੁਧਿਆਣਾ ਵਿੱਚ ਹੜਕੰਪ

ਬੰਬ ਧਮਾਕਿਆਂ ਦੀ ਧਮਕੀ ਨਾਲ ਮਹਾਨਗਰ ’ਚ ਮਚਿਆ ਹੜਕੰਪ
---
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਇੱਕ ਵਾਰ ਫਿਰ ਧਮਕੀ ਭਰੀ ਈ-ਮੇਲ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ। ਸਕੂਲਾਂ ਅਤੇ ਏਅਰਪੋਰਟ ਤੋਂ ਬਾਅਦ ਹੁਣ ਮੇਅਰ ਦਫ਼ਤਰ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿਛਲੇ 5 ਮਹੀਨਿਆਂ ਦੌਰਾਨ ਇਹ 6ਵਾਂ ਮਾਮਲਾ ਹੈ, ਜਦੋਂ ਸ਼ਹਿਰ ਦੇ ਸਰਕਾਰੀ ਦਫ਼ਤਰਾਂ ਅਤੇ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲੀਆਂ ਹਨ, ਪਰ ਅਜੇ ਤੱਕ ਪੁਲਿਸ ਕਿਸੇ ਵੀ ਮਾਮਲੇ ਦੇ ਅਸਲ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ।
ਸੋਮਵਾਰ ਸਵੇਰੇ ਕਰੀਬ 7:28 ਵਜੇ ਨਗਰ ਨਿਗਮ ਕਮਿਸ਼ਨਰ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੇ ਈ-ਮੇਲ ਆਈਡੀਜ਼ ‘ਤੇ ਇੱਕ ਖੌਫਨਾਕ ਈ-ਮੇਲ ਭੇਜੀ ਗਈ। ਈ-ਮੇਲ ਮਿਲਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ। ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ, ਡੌਗ ਸਕੁਆਡ ਅਤੇ ਐਂਟੀ-ਸਾਬੋਟਾਜ਼ ਦੀਆਂ ਟੀਮਾਂ ਤੁਰੰਤ ਘੰਟਾ ਘਰ ਨੇੜੇ ਸਥਿਤ ਨਗਰ ਨਿਗਮ ਦੇ ਜ਼ੋਨ-ਏ ਦਫ਼ਤਰ ਪਹੁੰਚ ਗਈਆਂ। ਇਸੇ ਦੌਰਾਨ ਸੁਰੱਖਿਆ ਏਜੰਸੀਆਂ ਨੇ ਪੂਰੀ ਇਮਾਰਤ ਖਾਲੀ ਕਰਵਾ ਕੇ ਕੋਨੇ-ਕੋਨੇ ਦੀ ਤਲਾਸ਼ੀ ਲਈ। ਕਈ ਘੰਟਿਆਂ ਤੱਕ ਚੱਲੀ ਜਾਂਚ ਦੌਰਾਨ ਮੌਕੇ ਤੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ, ਪਰ ਇਸ ਘਟਨਾ ਨੇ ਸ਼ਹਿਰ ਦੀ ਸੁਰੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਅਧਿਕਾਰੀਆਂ ਮੁਤਾਬਕ ਈ-ਮੇਲ ਦਾ ਸਬਜੈਕਟ ‘ਬੰਬ ਬਲਾਸਟ-ਮੇਅਰ ਆਫਿਸ ਲੁਧਿਆਣਾ’ ਸੀ। ਭੇਜਣ ਵਾਲੇ ਨੇ ਧਮਾਕਿਆਂ ਦੇ ਸਮੇਂ ਤੱਕ ਲਿਖੇ ਹੋਏ ਸਨ। ਈ-ਮੇਲ ਵਿੱਚ ਦਾਅਵਾ ਕੀਤਾ ਗਿਆ ਕਿ ਦੁਪਹਿਰ 1:11 ਵਜੇ ਮੇਅਰ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਜਦਕਿ ਰਾਤ 9:11 ਵਜੇ ਦਿਲਜੀਤ ਦੋਸਾਂਝ ਦੇ ਘਰ ‘ਤੇ ਧਮਾਕਾ ਕੀਤਾ ਜਾਵੇਗਾ। ਐਨਾ ਹੀ ਨਹੀਂ, ਮੈਸੇਜ ਵਿੱਚ ਇਹ ਵੀ ਲਿਖਿਆ ਗਿਆ ਕਿ ਜੇ ਗਾਇਕ ਦੀ ਕੋਈ ਮਦਦ ਕਰੇਗਾ ਤਾਂ ਉਸ ਨੂੰ ਵੀ ਮਾਰ ਦਿੱਤਾ ਜਾਵੇਗਾ।
---
ਸਿੱਖ ਵਿਰੋਧੀ ਦੰਗਿਆਂ ਦਾ ਕੀਤਾ ਗਿਆ ਜ਼ਿਕਰ
ਧਮਕੀ ਭਰੇ ਈ-ਮੇਲ ਮੈਸੇਜ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਅਤੇ ‘ਖੂਨ ਦਾ ਬਦਲਾ ਖੂਨ’ ਵਰਗੀ ਭੜਕਾਉ ਭਾਸ਼ਾ ਵਰਤੀ ਗਈ। ਭੇਜਣ ਵਾਲੇ ਨੇ 6 ਜੂਨ ਤੱਕ ਦਾ ਅਲਟੀਮੇਟਮ ਦਿੰਦਿਆਂ ਕਈ ਹੋਰ ਬੰਬ ਧਮਾਕਿਆਂ ਦੀਆਂ ਧਮਕੀਆਂ ਵੀ ਦਿੱਤੀਆਂ। ਈ-ਮੇਲ ਦੇ ਅੰਤ ਵਿੱਚ ‘ਖਾਲਿਸਤਾਨ ਨੈਸ਼ਨਲ ਆਰਮੀ’ ਦੇ ਨਾਮ ਨਾਲ ਦਸਤਖ਼ਤ ਕੀਤੇ ਗਏ ਸਨ। ਘਟਨਾ ਤੋਂ ਬਾਅਦ ਲੁਧਿਆਣਾ ਪੁਲਿਸ ਅਤੇ ਸਾਈਬਰ ਸੈੱਲ ਨੇ ਤੁਰੰਤ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਈ-ਮੇਲ ਭੇਜਣ ਵਾਲੇ ਦੇ ਗੈਜੇਟ ਦਾ ਆਈਪੀ ਐਡਰੈੱਸ ਟ੍ਰੇਸ ਕਰਨ ਅਤੇ ਦੋਸ਼ੀ ਦੀ ਪਛਾਣ ਲਈ ਟੈਕਨੀਕਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ਹਿਰ ਦੇ ਮਹੱਤਵਪੂਰਨ ਦਫ਼ਤਰਾਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।