ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਲਗਾਉਣ ਤੇ ਦੁੱਧ ਟੈਸਟਿੰਗ ਦਾ ਫਰੀ ਕੈਂਪ ਲਾਇਆ
ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਲਗਾਉਣ ਅਤੇ ਦੁੱਧ ਟੈਸਟਿੰਗ ਦਾ ਫਰੀ ਕੈਂਪ ਲਾਇਆ
Publish Date: Mon, 27 Apr 2026 05:58 PM (IST)
Updated Date: Mon, 27 Apr 2026 06:01 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਵੈਟਸ ਕਲੱਬ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਵਿਸ਼ਵ ਵੈਟਰਨਰੀ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਸਾਲਾਨਾ ਉਤਸਵ ਮੌਕੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਲਗਾਉਣ ਅਤੇ ਦੁੱਧ ਟੈਸਟਿੰਗ ਦਾ ਫਰੀ ਕੈਂਪ ਵੀ ਲਾਇਆ ਗਿਆ ਜਿਸਦਾ ਉਦਘਾਟਨ ਕਲੱਬ ਦੇ ਮੀਤ ਪ੍ਰਧਾਨ ਡਾ. ਗੁਰਚਰਨ ਸਿੰਘ ਤੂਰ, ਸਕੱਤਰ ਜਨਰਲ ਡਾ. ਅਸ਼ਵਨੀ ਸ਼ਰਮਾ, ਵਿੱਤ ਸਕੱਤਰ ਡਾ. ਸੂਰਜ ਭਾਨ ਅਤੇ ਸੀਨੀਅਰ ਰੈਜੀਡੈਂਟ ਵੈਟ ਡਾ. ਪੀਐਨ ਵਰਮਨ ਦੀ ਹਾਜ਼ਰੀ ਵਿਚ ਕਲੱਬ ਦੇ ਪ੍ਰਧਾਨ ਡਾ. ਵਿਨੋਦ ਕੁਮਾਰ ਜਿੰਦਲ ਦੁਆਰਾ ਕੀਤਾ ਗਿਆ। ਕੈਂਪ ਵਿਚ ਵੱਡੀ ਗਿਣਤੀ ਪੈਟ ਪਾਲਕਾਂ ਨੇ ਅਪਣੇ ਕੁੱਤਿਆਂ ਨੂੰ ਹਲਕਾਅ ਰੋਕੂ ਟੀਕੇ ਲਗਵਾਏ। ਇਸ ਮੌਕੇ ਕੀਤੇ ਗਏ ਟੈਕਨੀਕਲ ਸੈਸ਼ਨ ਦੌਰਾਨ ਵਰਲਡ ਵੈਟਰਨਰੀ ਡੇਅ 2026 ਦੇ ਯੂਨੀਵਰਸਲ ਥੀਮ ਵੈਟਨੇਰੀਅਨਜ-ਗਾਰਡੀਅਨਜ ਆਫ ਫੂਡ ਐਂਡ ਹੈਲਥ ਦੇ ਤਹਿਤ ਵੈਟਰਨਰੀ ਡਾਕਟਰਜ ਪਿਲਰਜ ਆਫ ਸਸਟੇਨੇਬਲ ਰੂਰਲ ਇਕਾਨਮੀ ਵਿਸ਼ੇ ਉੱਪਰ ਡਾ. ਅਨਹਦ ਸਿੱਧੂ ਵੱਲੋਂ ਅਪਣਾ ਕੂੰਜੀਵਤ ਖੋਜ ਪੱਤਰ ਪੜਿਆ ਗਿਆ ਜਿਸ ਵਿਚ ਜਿੱਥੇ ਵੈਟਰਨਰੀ ਡਾਕਟਰਾਂ ਵੱਲੋਂ ਪੇਂਡੂ ਖੇਤਰ ਦੀਆਂ ਮੁਸ਼ਕਲ ਹਾਲਤਾਂ ਅੰਦਰ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਅਹਿਮ ਵੈਟਰਨਰੀ ਸੇਵਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਉੱਥੇ ਹੀ ਵਧੀਆ ਤੇ ਸੰਤੁਲਿਤ ਖੁਰਾਕ ਪੈਦਾ ਕਰਨ ਅਤੇ ਪਸ਼ੂਆਂ ਦੇ ਨਾਲ ਨਾਲ ਪਸ਼ੂਆਂ ਤੋਂ ਮਨੁੱਖਾਂ ਨੂੰ ਲੱਗ ਸਕਣ ਵਾਲੀਆਂ ਹਲਕਾਅ ਅਤੇ ਬਰੂਸੀਲੌਸਿਸ ਵਰਗੀਆਂ ਭਿਆਨਕ ਬਿਮਾਰੀਆਂ ਦੀ ਰੋਕ ਥਾਮ ਲਈ ਵੈਟਰਨਰੀ ਡਾਕਟਰਜ ਵੱਲੋਂ ਨਿਭਾਈ ਜਾਂਦੀ ਮਹੱਤਵਪੂਰਣ ਭੂਮਿਕਾ ਨੂੰ ਵੀ ਵਿਚਾਰ ਅਧੀਨ ਲਿਆਂਦਾ ਗਿਆ। ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਜਤਿੰਦਰਪਾਲ ਸਿੰਘ ਗਿੱਲ ਨੇ ਵੈਟਸ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੈਟਰਨਰੀ ਯੂਨੀਵਰਸਿਟੀ ਨਾ ਸਿਰਫ ਪੰਜਾਬ ਦੇ ਪਸ਼ੂ ਪਾਲਕਾਂ ਦੇ ਬਿਮਾਰ ਪਸ਼ੂਆਂ ਦਾ ਸਸਤਾ ਤੇ ਵਧੀਆ ਇਲਾਜ ਕਰਨ ਲਈ ਦੇਸ਼ ਭਰ ਚੋਂ ਮੋਹਰੀ ਹੈ, ਸਗੋ ਇਹ ਸੰਸਾਰ ਪ੍ਰਸਿੱਧ ਵਿਦਿਅਕ ਸੰਸਥਾ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਆਮ ਲੋਕਾਂ ਦਾ ਆਰਥਿਕ ਅਤੇ ਜੀਵਨ ਪੱਧਰ ਉੱਚਾ ਚੁੱਕਣ ਲਈ ਦਿਨ ਰਾਤ ਇਕ ਕਰ ਕੇ ਅਪਣਾ ਬਣਦਾ ਯੋਗਦਾਨ ਪਾ ਰਹੀ ਹੈ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮਹਿਕਮਾ ਪਸ਼ੂ ਪਾਲਣ ਪੰਜਾਬ ਦੇ ਨਿਰਦੇਸ਼ਕ ਡਾਕਟਰ ਪਰਮਦੀਪ ਸਿੰਘ ਵਾਲੀਆ ਨੇ ਮਨੁੱਖੀ ਖੁਰਾਕ ਵਿਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ, ਅੰਡੇ ਅਤੇ ਮੀਟ ਦੀ ਮਹੱਤਤਾ ਬਾਰੇ ਅਪਣੇ ਵਿਚਾਰ ਰੱਖੇ। ਉਨ੍ਹਾਂ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਲੋਕ ਪੱਖੀ ਸਕੀਮਾਂ ਦਾ ਵੀ ਵਿਸ਼ੇਸ਼ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਆਧੁਨਿਕ ਦੌਰ ਵਿੱਚ ਡੇਅਰੀ, ਡਾਗ ਬਰੀਡਿੰਗ, ਡਾਗ ਟ੍ਰੇਨਿੰਗ, ਪੈਟ ਗਰੂਮਿੰਗ, ਪੋਲਟਰੀ ਅਤੇ ਮੀਟ ਪੈਦਾਵਾਰ ਦੇ ਖੇਤਰ ਵਿਚ ਬੇਰੁਜ਼ਗਾਰ ਨੋਜਵਾਨਾਂ ਲਈ ਅਨੰਤ ਮੌਕੇ ਉਪਲਭਧ ਹਨ ਜੋ ਕਿ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਕੋਹੜ ਦਾ ਖਾਤਮਾ ਕਰਨ ਵਿਚ ਬੇਹੱਦ ਸਹਾਈ ਹੋ ਸਕਦੇ ਹਨ। ਇਸ ਮੌਕੇ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ ਵਿਚ ਸਾਬਕਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅਤੇ ਉੱਘੇ ਗਾਇਕ ਡਾਕਟਰ ਵੀਰ ਸੁਖਵੰਤ ਦੀ ਸੰਗੀਤ ਟੀਮ ਨੇ ਖੂਬ ਰੰਗ ਬੰਨਿਆ। ਇਸ ਮੌਕੇ ਪੂਰੇ ਪੰਜਾਬ ਅੰਦਰੋਂ ਹੁੰਮ ਹੁੰਮਾ ਕੇ ਪਹੁੰਚੇ ਵੈਟਰਨਰੀ ਡਾਕਟਰਾਂ, ਵੈਟਰਨਰੀ ਅਧਿਕਾਰੀਆਂ, ਵੈਟਰਨਰੀ ਵਿਦਿਆਰਥੀਆਂ ਤੋਂ ਇਲਾਵਾ ਸਾਬਕਾ ਡੀਨ ਪੋਸਟ ਗ੍ਰੈਜੂਏਟ ਸਟੱਡੀਜ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਡਾਕਟਰ ਸਿਮਰਤ ਸਾਗਰ ਸਿੰਘ, ਡੀਨ ਕਾਲਜ ਆਫ ਬਾਇਓਟੈਕਨੌਲੌਜੀ ਡਾਕਟਰ ਆਰਐਸ ਸੇਠੀ, ਡੀਨ ਵੈਟਰਨਰੀ ਕਾਲਜ ਲੁਧਿਆਣਾ ਡਾਕਟਰ ਸਵਰਨ ਸਿੰਘ ਰੰਧਾਵਾ, ਕਲੱਬ ਦੀ ਕਾਰਜਕਰਨੀ ਦੇ ਸੀਨੀਅਰ ਮੈਂਬਰ ਡਾਕਟਰ ਭੁਪਿੰਦਰ ਸਿੰਘ ਗਿੱਲ, ਡਾਕਟਰ ਪੀਪੀ ਸਿੰਘ, ਡਾਕਟਰ ਸੁਲਭਾ ਜਿੰਦਲ, ਡਾਕਟਰ ਵਿਨੇ ਮੋਹਨ, ਪੈਟਰਨ ਡਾਕਟਰ ਕੁਲਬੀਰ ਸਿੰਘ ਸੰਧੂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਲੁਧਿਆਣਾ ਡਾਕਟਰ ਅਮਰੀਕ ਸਿੰਘ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅਖੀਰ ਵਿੱਚ ਕਲੱਬ ਦੇ ਪ੍ਰਧਾਨ ਡਾਕਟਰ ਵਿਨੋਦ ਕੁਮਾਰ ਜਿੰਦਲ ਨੇ ਕਲੱਬ ਦੀ ਉਸਾਰੀ ਅਧੀਨ ਇਮਾਰਤ ਉੱਪਰ ਹੋਣ ਵਾਲੇ ਲਾਗਤ ਖਰਚਿਆਂ ਲਈ ਖੁੱਲ ਕੇ ਆਰਥਿਕ ਮੱਦਦ ਕਰਨ ਅਤੇ ਮੈਂਬਰਸ਼ਿਪ ਦਾ ਦਾਇਰਾ ਹੋਰ ਵਿਸ਼ਾਲ ਕਰਨ ਦੀ ਵੀ ਪੁਰਜੋਰ ਅਪੀਲ ਕੀਤੀ ਜਿਸ ਨੂੰ ਮੌਕੇ ਤੇ ਹੀ ਭਰਪੂਰ ਹੁੰਗਾਰਾ ਮਿਲਿਆ। ਕਲੱਬ ਦੇ ਸੀਨੀਅਰ ਐਗਜੀਕਿਊਟਿਵ ਮੈਂਬਰ ਡਾਕਟਰ ਪ੍ਰਿਤਪਾਲ ਸਿੰਘ ਵੱਲੋਂ ਅੰਤ ਵਿੱਚ ਆਏ ਹੋਏ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਦਾ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ ਗਿਆ। ਸਟੇਜ ਦੀ ਕਾਰਵਾਈ ਡਾਕਟਰ ਕੇਵਲ ਅਰੋੜਾ ਨੇ ਬਾਖੂਬੀ ਨਿਭਾਈ।