ਚਾਰ ਮੁਲਾਜ਼ਮਾਂ ਨੇ ਕੀਤਾ ਲੱਖਾਂ ਰੁਪਏ ਦਾ ਗਬਨ
ਚਾਰ ਮੁਲਾਜ਼ਮਾਂ ਨੇ ਕੀਤਾ ਲੱਖਾਂ ਰੁਪਏ ਦਾ ਗਬਨ
Publish Date: Sun, 19 Apr 2026 06:25 PM (IST)
Updated Date: Sun, 19 Apr 2026 06:27 PM (IST)

ਕੰਪਨੀ ਦੇ ਮਾਲਕ ਦੀ ਸ਼ਿਕਾਇਤ ’ਤੇ ਮਹਿਲਾ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਦੀ ਬੀਕੇ ਆਟੋ ਏਜੰਸੀ ਵਿਚੋਂ ਲੱਖਾਂ ਰੁਪਏ ਦੇ ਗਬਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਕੰਪਨੀ ਦੇ ਚਾਰ ਮੁਲਾਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਇਹ ਐਫਆਈਆਰ ਕੰਪਨੀ ਦੇ ਮਾਲਕ ਭਾਰਤ ਨਗਰ ਦੇ ਵਾਸੀ ਜਗਮੋਹਨ ਗੁਪਤਾ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਬੀਕੇ ਆਟੋ ਏਜੰਸੀ ਦੇ ਮਾਲਕ ਜਗਮੋਹਨ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਬੈਟਰੀਆਂ ਅਤੇ ਸੋਲਰ ਸਿਸਟਮ ਦਾ ਕੰਮ ਕਰਦੀ ਹੈ। ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦਾ ਦਫਤਰ ਸਮਰਾਲਾ ਚੌਕ ਇਲਾਕੇ ਵਿਚ ਹੈ। ਪਿਛਲੇ ਕੁਝ ਸਮੇਂ ਤੋਂ ਕੰਪਨੀ ਵਿਚ ਮਨਜੀਤ ਸਿੰਘ ਅਤੇ ਹਰਸ਼ ਮਿੱਤਲ ਬਤੌਰ ਮੈਨੇਜਰ ਨੌਕਰੀ ਕਰ ਰਹੇ ਸਨ ਜਦਕਿ ਸੁਖਵਿੰਦਰ ਸਿੰਘ ਉਰਫ ਲਾਡੀ ਡਰਾਈਵਰ ਅਤੇ ਡਿਲੀਵਰੀ ਮੈਨ ਦਾ ਕੰਮ ਕਰਦਾ ਸੀ। ਇਸੇ ਤਰ੍ਹਾਂ ਕੰਪਨੀ ਵਿਚ ਪ੍ਰਤਿਮਾ ਉਰਫ ਪਰੀ ਫਰਮ ਵਿਚ ਬਤੌਰ ਅਕਾਊਂਟੈਂਟ ਤਾਇਨਾਤ ਸੀ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਕਸਰ ਦੂਜੀਆਂ ਸਟੇਟਾਂ ਦੇ ਦੌਰੇ ’ਤੇ ਹੁੰਦੇ ਸਨ। ਇਸੇ ਦੌਰਾਨ ਮੁਲਜ਼ਮਾਂ ਨੇ ਆਪਸ ਵਿੱਚ ਮਿਲੀਭੁਗਤ ਕਰਕੇ ਫਰਮ ਵਿਚੋਂ ਲੱਖਾਂ ਰੁਪਏ ਦਾ ਗਬਨ ਕਰ ਲਿਆ। ਇਹ ਸਾਰਾ ਕੁਝ ਫਰਮ ਦੇ ਮਾਲਕ ਦੀ ਗੈਰ ਹਾਜ਼ਰੀ ਵਿੱਚ ਹੋਇਆ। ਸ਼ੱਕ ਪੈਣ ਤੇ ਜਦ ਜਗਮੋਹਨ ਗੁਪਤਾ ਨੇ ਹਿਸਾਬ ਚੈੱਕ ਕੀਤਾ ਤਾਂ ਫਰਮ ਖਾਸੀ ਘਾਟੇ ਵਿਚ ਨਜ਼ਰ ਆਈ। ਇਸ ਮਾਮਲੇ ਵਿਚ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੜਤਾਲ ਤੋਂ ਬਾਅਦ ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਪੁਲਿਸ ਨੇ ਕਰਮ ਕਾਲੋਨੀ ਤਾਜਪੁਰ ਰੋਡ ਦੇ ਰਹਿਣ ਵਾਲੇ ਮਨਜੀਤ ਸਿੰਘ ਉਰਫ ਜੋਨੀ, ਹਰਸ਼ ਮਿੱਤਲ, ਸੁਖਵਿੰਦਰ ਸਿੰਘ ਉਰਫ ਲਾਡੀ ਅਤੇ ਪ੍ਰਤਿਮਾ ਉਰਫ ਪਰੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਗਲੇਰੀ ਪੜਤਾਲ ਕੀਤੀ ਜਾ ਰਹੀ ਹੈ।