ਸਮਾਜ ਦੀ ਉਸਾਰੂ ਸਿਰਜਣਾ ਲਈ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਔਰਗਨਾਈਜੇਸ਼ਨ ਦਾ ਗਠਨ

-ਉਚੇਰੀ ਸਿੱਖਿਆ ਰਾਜਨੀਤਿਕ ਅਤੇ ਆਰਥਿਕ ਮਜਬੂਤੀ ਹੈ ਮਕਸਦ
---
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਬੀਤੀ ਸ਼ਾਮ ਲੁਧਿਆਣਾ ਦੇ ਦੁੱਗਰੀ ਫੇਜ਼ 1 ਦੇ ਐਮਜੀਐਮ ਸਕੂਲ ਵਿੱਚ ਵਿਸ਼ਵ ਭਰ ਦੇ ਕੰਬੋਜ ਭਾਈਚਾਰੇ ਦੇ ਸਿਰਕੱਢ ਆਗੂਆਂ ਦੀ ਮਿਲਣੀ ਹੋਈ। ਇਸ ਮਿਲਣੀ ਵਿੱਚ ਲੰਬੀਆਂ ਵਿਚਾਰ-ਚਰਚਾਵਾਂ ਹੋਈਆਂ ਤੇ ਸਿੱਟੇ ਵਜੋਂ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਆਰਗਨਾਈਜੇਸ਼ਨ ਦਾ ਗਠਨ ਹੋਇਆ।
ਭਾਈਚਾਰੇ ਦੇ ਮੁਹਤਬਰ ਲੋਕਾਂ ਵੱਲੋਂ ਭਲਾਈ ਅਤੇ ਸਮਾਜਿਕ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਗਲੋਬਲ ਕੰਬੋਜ ਐਜੂਕੇਸ਼ਨਲ ਐਂਡ ਵੈਲਫੇਅਰ ਆਰਗਨਾਈਜੇਸ਼ਨ ਵੱਲੋਂ ਉੱਤਰੀ ਭਾਰਤ ਦੇ ਸੂਬਿਆਂ ਤੇ ਅਧਾਰਿਤ ਸੰਸਥਾ ਦੇ ਵੱਖ-ਵੱਖ ਵਿੰਗਾਂ ਦਾ ਗਠਨ ਕੀਤਾ ਗਿਆ। ਇਸ ਮਹੱਤਵਪੂਰਨ ਕਦਮ ਦਾ ਮੁੱਖ ਉਦੇਸ਼ ਕੰਬੋਜ ਕਮਿਊਨਿਟੀ ਦੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ ਅਤੇ ਸਮਾਜ ਵਿੱਚ ਵੱਧ ਰਹੀ ਲੱਚਰਤਾ ਦੇ ਖਿਲਾਫ ਸਮਾਜ ਨੂੰ ਜਾਗਰੂਕ ਕਰਨਾ ਹੈ।
ਇਸ ਦੇ ਨਾਲ ਹੀ ਰਾਜਨੀਤਿਕ ਅਤੇ ਆਰਥਿਕ ਪੱਖੋਂ ਵੀ ਭਾਈਚਾਰੇ ਨੂੰ ਮਜਬੂਤ ਕਰਨ ਦੀਆਂ ਰਣਨੀਤੀਆਂ ਉਲੀਕੀਆਂ ਗਈਆਂ। ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਏਕਤਾ ਅਤੇ ਸਾਂਝੇ ਉੱਦਮ ਨਾਲ ਕਮਿਊਨਿਟੀ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ। ਇਸ ਮੌਕੇ ਤੇ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ, ਉੱਪ ਚੇਅਰਮੈਨ ਜਸਵਿੰਦਰ ਸਿੰਘ ਰਾਣਾ, ਪ੍ਰਧਾਨ ਭੁਪਿੰਦਰ ਸਿੰਘ, ਢੋਟ, ਉੱਪ ਪ੍ਰਧਾਨ ਗੁਰਮੀਤ ਸਿੰਘ, ਉੱਪ ਪ੍ਰਧਾਨ ਬਲਦੇਵ ਸਿੰਘ ਖਿੰਡਾ, ਉੱਪ ਪ੍ਰਧਾਨ ਦਿਲਬਾਗ ਸਿੰਘ ਜੋਸਨ, ਉੱਪ ਪ੍ਰਧਾਨ ਰਮੇਸ਼ ਕੰਬੋਜ, ਸਕੱਤਰ ਜਨਰਲ ਮਨਿੰਦਰਪਾਲ ਸਿੰਘ ਪਲਾਸੌਰ, ਸਕੱਤਰ ਜਸਪਾਲ ਹਾਂਡਾ, ਜੁਆਇੰਟ ਸਕੱਤਰ ਹਰਵੀਰ ਸਿੰਘ ਥਿੰਦ, ਖਜ਼ਾਨਚੀ ਪਲਵਿੰਦਰ ਸਿੰਘ ਜੰਮੂ, ਫਾਇਨਾਂਸ ਸਕੱਤਰ ਮਨਦੀਪ ਸਿੰਘ ਜੋਸਨ, ਮੀਡੀਆ ਸੈਲ ਦੇ ਪ੍ਰਧਾਨ ਤੇਜਿੰਦਰ ਕੌਰ ਥਿੰਦ, ਲੀਗਲ ਅਡਵਾਇਜ਼ਰੀ ਕਮੇਟੀ ਵਿੱਚ ਪ੍ਰਧਾਨ ਪਰਮਿੰਦਰ ਪਾਲ ਸਿੰਘ ਹਾਂਡਾ, ਸਕੱਤਰ ਐਡਵੋਕੇਟ ਅਮਰਜੀਤ ਸਿੰਘ ਬਾਜੇਕੇ, ਚੀਫ ਪੈਟਰਨ ਦੀਦਾਰ ਸਿੰਘ ਨਲਵੀ, ਗੱਜਣ ਸਿੰਘ ਥਿੰਦ, ਸੰਤ ਸਿੰਘ ਜੌਸ਼ਨ, ਡਾ ਮਲਕੀਤ ਥਿੰਦ, ਇਕਬਾਲ ਸਿੰਘ ਕੰਬੋਜ, ਰਮੇਸ਼ ਕੰਬੋਜ, ਸੁਖਦੇਵ ਸਿੰਘ ਜੱਜ, ਨਿਰਮਲਜੀਤ ਸਿੰਘ ਸਮੇਤ ਸੁਸਾਇਟੀ ਦੀ ਗਵਰਨਿੰਗ ਕੌਂਸਲ ਵਿੱਚ 26 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸੁਖਦੇਵ ਸਿੰਘ ਨਾਨਕਪੁਰ ਅਤੇ ਪ੍ਰਧਾਨ ਭੁਪਿੰਦਰ ਸਿੰਘ ਢੋਟ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਹੀ ਉਹ ਹਥਿਆਰ ਹੈ ਜਿਸ ਨਾਲ ਕਿਸੇ ਵੀ ਸਮਾਜ ਨੂੰ ਅਸਾਨੀ ਨਾਲ ਤਰੱਕੀ ਦੇ ਰਾਹ ‘ਤੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਵੱਖ ਵੱਖ ਵਿੰਗਾਂ ਦੇ ਗਠਨ ਦਾ ਮਤਲਬ ਹੀ ਕਮਿਊਨਿਟੀ ਦੇ ਆਉਣ ਵਾਲੇ ਭਵਿੱਖ ਨੂੰ ਸਹੀ ਮਾਰਗਦਰਸ਼ਨ ਦੇਣਾ ਹੈ। ਸਕੱਤਰ ਜਨਰਲ ਮਨਿੰਦਰਪਾਲ ਸਿੰਘ, ਖਜ਼ਾਨਚੀ ਪਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਸਮਾਜ ਦਾ ਜਿਹੜਾ ਵਰਗ ਅਸਾਨੀ ਨਾਲ ਹੋਰਾਂ ਦੀ ਮਦਦ ਕਰ ਸਕਦਾ ਹੈ ਉਸ ਨੂੰ ਚਾਹੀਦਾ ਹੈ ਕਿ ਉਹ ਕਮਿਊਨਿਟੀ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰ ਹੋਣਹਾਰ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਤਾਂ ਜੋ ਉਨ੍ਹਾਂ ਅੱਗੇ ਵਧ ਕੇ ਕਮਿਊਨਿਟੀ ਦੀ ਸੇਵਾ ਕਰਨ ਦਾ ਮੌਕਾ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਕਮਿਊਨਿਟੀ ਦੇ ਹੋਣਹਾਰ ਵਿਦਿਆਰਥੀਆਂ ਲਈ ਸਕਾਲਰਸ਼ਿਪ ਯੋਜਨਾਵਾਂ, ਕੈਰੀਅਰ ਕਾਊਂਸਲਿੰਗ ਅਤੇ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।
ਇਸ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਚੀਫ ਪੈਟਰਨ ਗੱਜਣ ਸਿੰਘ ਥਿੰਦ ਅਤੇ ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੇ ਕਿਹਾ ਕਿ ਸਾਨੂੰ ਮਿਲ ਕੇ ਸਮਾਜ ਵਿੱਚ ਫੈਲ ਰਹੀ ਲੱਚਰਤਾ ਅਤੇ ਨਕਾਰਾਤਮਕ ਰੁਝਾਨਾਂ ਨੂੰ ਰੋਕਣ ਲਈ ਵੀ ਖਾਸ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਦੀ ਸ਼ੁਰੂਆਤ ਸਾਨੂੰ ਆਪਣੇ ਘਰਾਂ ਅਤੇ ਕਮਿਊਨਿਟੀ ਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਖੁਸ਼ੀ ਦੇ ਸਮਾਗਮਾਂ ਵਿੱਚ ਲੱਚਰ ਗੀਤਾਂ ਦਾ ਬਾਈਕਾਟ ਕਰਦੇ ਹੋਏ ਸਮਾਜ ਨੂੰ ਚੰਗੀ ਦਿਸ਼ਾ ਦੇਣ ਵਾਲੇ ਗੀਤਾਂ ਨਾਲ ਆਪਣੀ ਖੁਸ਼ੀ ਮਨਾਉਣੀ ਚਾਹੀਦੀ ਹੈ।
ਇਸ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਕੰਬੋਜ ਕਮਿਊਨਿਟੀ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ ਖੇਡਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਕਮਿਊਨਿਟੀ ਦੇ ਹਰ ਵਰਗ ਨੂੰ ਸੁਸਾਇਟੀ ਨਾਲ ਜੋੜਿਆ ਜਾਵੇ, ਤਾਂ ਜੋ ਇਕ ਮਜ਼ਬੂਤ ਅਤੇ ਸੁਚੱਜਾ ਸਮਾਜ ਤਿਆਰ ਕੀਤਾ ਜਾ ਸਕੇ। ਇਸ ਲਈ ਵੱਖ-ਵੱਖ ਇਲਾਕਿਆਂ ਵਿੱਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਸਿੱਖਿਆ ਅਤੇ ਸਮਾਜਿਕ ਮੁੱਲਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ।