ਧੜ੍ਹਿਆਂ ’ਚ ਵੰਡੀ ਕਾਂਗਰਸ ਲਈ ਆਸਾਨ ਨਹੀਂ ਹੋਵੇਗਾ 2027 ਦਾ ਰਾਸਤਾ
ਜਨਰਲ ਲਈ-ਧੜ੍ਹਿਆਂ ਵਿੱਚ ਵੰਡੀ ਕਾਂਗਰਸ ਲਈ ਆਸਾਨ ਨਹੀਂ ਹੋਵੇਗਾ 2027 ਦਾ ਰਾਸਤਾ
Publish Date: Tue, 15 Jul 2025 10:35 PM (IST)
Updated Date: Wed, 16 Jul 2025 04:11 AM (IST)

- ਇੰਚਾਰਜ ਬਘੇਲ ਤੇ ਐੱਮਪੀ ਕਿਸ਼ੋਰੀ ਲਾਲ ਦੀ ਏਕੇ ਦੀ ਕੋਸ਼ਿਸ਼ ਨੂੰ ਨਹੀਂ ਪੈ ਰਿਹਾ ਬੂਰ -ਲੋਕ ਸਭਾ ਚੋਣ ਤੋਂ ਬਾਅਦ ਰਾਜਾ ਵੜਿੰਗ ਤੇ ਆਸ਼ੂ ਦਰਮਿਆਨ ਵਧੀ ਸੀ ਤਲਖ਼ੀ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਧੜ੍ਹੇਬਾਜ਼ੀ ਸੜਕ ’ਤੇ ਆ ਗਈ ਹੈ ਤੇ ਪੰਜਾਬ ਦਾ ਹਰ ਵਿਅਕਤੀ ਕਾਂਗਰਸ ਪਾਰਟੀ ਦੀ ਅੰਦਰੂਨੀ ਧੜ੍ਹੇਬਾਜ਼ੀ ਤੇ ਕਲੇਸ਼ ਤੋਂ ਭਲੀ ਭਾਂਤ ਜਾਣੂੰ ਹੋ ਗਿਆ ਹੈ। ਅਜਿਹੀ ਸਥਿਤੀ ’ਚ 2027 ਦੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦਾ ਰਾਸਤਾ ਆਸਾਨ ਨਹੀਂ ਹੋਵੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਹਿਲਾਂ ਕਾਫ਼ੀ ਪਿਆਰ ਹੁੰਦਾ ਸੀ ਪਰ ਲੋਕ ਸਭਾ ਚੋਣਾਂ ਵਿੱਚ ਐੱਮਪੀ ਦੀ ਚੋਣ ਲੜਨ ਲਈ ਆਸ਼ੂ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ ਤੇ ਰਵਨੀਤ ਸਿੰਘ ਬਿੱਟੂ ਵੱਲੋਂ ਪਾਰਟੀ ਨੂੰ ਅਲਵਿਦਾ ਆਖਣ ਤੋਂ ਬਾਅਦ ਆਸ਼ੂ ਦੇ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਬਣਨ ਦਾ ਯਕੀਨੀ ਸੀ ਪਰ ਪਾਰਟੀ ਦੇ ਨਾਲ ਰਾਬਤਾ ਕਾਇਮ ਕਰਕੇ ਤੇ ਹਾਈਕਮਾਂਡ ਨੂੰ ਆਪਣੇ ਪੱਖ ਵਿਚ ਕਰਕੇ ਰਾਜਾ ਵੜਿੰਗ ਲੁਧਿਆਣਾ ਤੋਂ ਐੱਮਪੀ ਦੀ ਟਿਕਟ ਲੈ ਆਏ ਤੇ ਉਹ ਚੋਣ ਵੀ ਜਿੱਤ ਗਏ। ਚੋਣ ’ਚ ਆਸ਼ੂ ਧੜ੍ਹੇ ਵੱਲੋਂ ਵੜਿੰਗ ਦੀ ਖੁੱਲ੍ਹ ਕੇ ਮਦਦ ਨਹੀਂ ਕੀਤੀ ਗਈ। ਲੋਕ ਸਭਾ ਚੋਣਾਂ ’ਚ ਵੜਿੰਗ ਨੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਕਾਂਗਰਸ ਪਾਰਟੀ ’ਚ ਸ਼ਾਮਲ ਕਰਵਾ ਲਿਆ, ਜਿਸ ਤੋਂ ਆਸ਼ੂ ਧੜ੍ਹਾ ਕਾਫ਼ੀ ਔਖਾ ਹੋਇਆ ਦੱਸਿਆ ਜਾ ਰਿਹਾ ਸੀ। ਨਗਰ ਨਿਗਮ ਚੋਣਾਂ ’ਚ ਆਸ਼ੂ ਜ਼ੇਲ੍ਹ ’ਚ ਸਨ, ਕੌਂਸਲਰ ਦੀ ਚੋਣ ਲੜਨ ਵਾਲੀ ਆਸ਼ੂ ਦੀ ਪਤਨੀ ਮਮਤਾ ਆਸ਼ੂ ਅਤੇ ਆਸ਼ੂ ਦੀ ਭਰਜਾਈ ਨੂੰ ਵੀ ਚੋਣ ’ਚ ਹਾਰ ਦਾ ਮੂੰਹ ਦੇਖਣਾ ਪਿਆ। ਵੜਿੰਗ ਨੇ ਨਿਗਮ ਚੋਣ ’ਚ ਆਸ਼ੂ ਧੜ੍ਹੇ ਦੇ ਉਮੀਦਵਾਰਾਂ ਦੀ ਡੱਟ ਕੇ ਹਮਾਇਤ ਨਹੀਂ ਕੀਤੀ। ਲੋਕ ਸਭਾ ਚੋਣ ਤੋਂ ਬਾਅਦ ਰਾਜਾ ਵੜਿੰਗ ਤੇ ਆਸ਼ੂ ਦਰਮਿਆਨ ਦੂਰੀਆਂ ਏਨੀਆਂ ਜ਼ਿਆਦਾ ਵੱਧ ਗਈਆਂ ਕਿ ਹੁਣ ਦੋਵੇਂ ਆਗੂ ਇਕ ਦੂਸਰੇ ਨਾਲ ਇਕ ਸੁਰ ਹੋਣੇ ਮੁਸ਼ਕਿਲ ਹਨ। ਵਿਧਾਨ ਸਭਾ ਹਲਕਾ ਗਿੱਦੜ੍ਹਬਾਹਾ ਦੀ ਚੋਣ ਵਿਚ ਰਾਜਾ ਵੜਿੰਗ ਦੀ ਪਤਨੀ ਚੋਣ ਹਾਰ ਗਈ। ਉਸ ਸਮੇਂ ਰਾਜਾ ਵੜਿੰਗ ਨੇ ਪਾਰਟੀ ਪ੍ਰਧਾਨ ਦੇ ਆਹੁਦੇ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਨਹੀਂ ਕੀਤੀ ਪਰ ਰਾਜਾ ਵੜਿੰਗ ਧੜ੍ਹੇ ਤੋਂ ਬਿਨ੍ਹਾਂ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਆਸ਼ੂ ਨੇ ਕਾਰਜਕਾਰੀ ਪ੍ਰਧਾਨ ਦੇ ਆਹੁਦੇ ਤੋਂ ਅਸਤੀਫ਼ਾ ਦਿੱਤਾ ਅਤੇ ਹਾਰ ਦੀ ਜਿੰਮੇਵਾਰੀ ਆਪਣੇ ਮੋਢਿਆ ’ਤੇ ਲਈ। ਆਸ਼ੂ ਦੇ ਚੋਣ ਹਾਰਨ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੇ ਆਸ਼ੂ ਖਿਲਾਫ਼ ਰੱਜ ਕੇ ਭੜਾਸ ਕੱਢੀ ਤੇ ਉਨ੍ਹਾਂ ਦੇ ਹੰਕਾਰ ਨੂੰ ਹਾਰ ਦਾ ਕਾਰਣ ਦੱਸਿਆ। ਬੈਂਸ ਨੇ ਵੜਿੰਗ ਨੂੰ ਮਿਹਨਤੀ ਪ੍ਰਧਾਨ ਵਜੋਂ ਵੀ ਪੇਸ਼ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਰਾਣਾ ਕੇਪੀ, ਓਪੀ ਸੋਨੀ ਸਮੇਤ ਕਈ ਵੱਡੇ ਆਗੂ ਹਨ ਤੇ ਦੂਸਰੇ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ ਸਮੇਤ ਕਾਂਗਰਸ ਦੇ ਕਈ ਵੱਡੇ ਆਗੂ ਹਨ। ਬੀਤੇ ਦਿਨ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਕਾਂਗਰਸ ਪਾਰਟੀ ਦੇ ਰੋਸ ਧਰਨੇ ਵਿੱਚ ਵੀ ਚੰਨੀ, ਆਸ਼ੂ, ਪ੍ਰਗਟ, ਰਾਣਾ ਗੈਰ ਹਾਜ਼ਰ ਰਹੇ। ਕਾਂਗਰਸ ਪਾਰਟੀ ਵਿਚ ਏਕਤਾ ਬਣਾਉਣ ਲਈ ਕੁੱਲ ਹਿੰਦ ਕਾਂਗਰਸ ਦੇ ਸਕੱਤਰ, ਸਾਬਕਾ ਮੁੱਖ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਤੇ ਅਮੇਠੀ ਤੋਂ ਲੋਕ ਸਭਾ ਮੈਂਬਰ ਕਿਸ਼ੋਰੀ ਲਾਲ ਸ਼ਰਮਾ ਵੱਲੋਂ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਕੋਸ਼ਿਸ਼ ਨੂੰ ਬੂਰ ਨਹੀਂ ਪਿਆ ਤੇ ਪੰਜਾਬ ਕਾਂਗਰਸ ਦੇ ਆਗੂਆਂ ਦਰਮਿਆਨ ਏਕਤਾ ਹੋਣ ਦੀ ਬਜਾਏ ਦਿਨੋਂ ਦਿਨ ਤਲਖ਼ੀ ਤੇ ਧੜ੍ਹੇਬਾਜ਼ੀ ਹੋਰ ਵਧਦੀ ਜਾ ਰਹੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਂਗਰਸ ਹਾਈਕਮਾਂਡ ਪੰਜਾਬ ਦੇ ਕਾਂਗਰਸੀਆਂ ਵਿੱਚ ਏਕਤਾ ਬਣਾਉਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਇਹ ਧੜ੍ਹੇਬਾਜ਼ੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਪਾਰਟੀ ਦਰਮਿਆਨ ਇਹ ਹੀ ਕੁੱਝ ਚੱਲਦਾ ਰਿਹਾ,ਤਾਂ ਕਾਂਗਰਸ ਪਾਰਟੀ ਦਾ 2027 ਵਿੱਚ ਸਰਕਾਰ ਬਣਾਉਣ ਦਾ ਸੁਪਨਾ ਸਾਕਾਰ ਕਰਨਾ ਮੁਸ਼ਕਿਲ ਹੀ ਨਹੀਂ,ਸਗੋਂ ਅਸੰਭਵ ਵੀ ਹੈ।