ਸਰਕਾਰ ਦਾ ਵਿਕਾਸ ਵੱਲ ਘੱਟ ਤੇ ਖਹਿਬਾਜ਼ੀ ਵੱਲ ਵੱਧ ਧਿਆਨ : ਸੋਖੀ
ਹਲਕਾ ਆਤਮ ਨਗਰ ਦੇ ਪਿਛਲੇ ਵਿਧਾਇਕਾਂ ਦੀ ਨਲਾਇਕੀ ਕਰਕੇ ਗਿੱਲ ਰੋਡ 'ਤੇ ਫਲਾਈਓਵਰ ਨਹੀਂ ਬਣਿਆ-ਸੋਖੀ
Publish Date: Thu, 14 May 2026 06:40 PM (IST)
Updated Date: Fri, 15 May 2026 04:10 AM (IST)

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਆਤਮ ਨਗਰ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਵਿਧਾਨ ਸਭਾ ਹਲਕਾ ਆਤਮ ਨਗਰ ਦੀ ਮੁੱਖ ਸੜਕ ਗਿੱਲ ਰੋਡ ਦੇ ਹਾਲਾਤ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਪਿਛਲੇ ਢਾਈ ਤਿੰਨ ਮਹੀਨੇ ਤੋਂ ਪੁੱਟੀ ਗਈ ਸੜਕ ਦਾ ਅਜੇ ਤੱਕ ਨਾ ਬਣਨਾ ਸਾਬਿਤ ਕਰਦਾ ਹੈ ਕਿ ਪੰਜਾਬ ਸਰਕਾਰ ਦਾ ਧਿਆਨ ਵਿਕਾਸ ਵੱਲ ਘੱਟ ਤੇ ਵਿਰੋਧੀ ਪਾਰਟੀਆਂ ਨਾਲ ਸਿਆਸੀ ਖਹਿਬਾਜ਼ੀ ਵੱਲ ਜਿਆਦਾ ਹੈ। ਉਨ੍ਹਾਂ ਕਿਹਾ ਕਿ ਇਸ ਪੁੱਟੀ ਹੋਈ ਸੜਕ ਦਾ ਖਮਿਆਜ਼ਾ ਇਥੋਂ ਲੱਖਾਂ ਦੀ ਗਿਣਤੀ ਵਿੱਚ ਲੰਘਣ ਵਾਲੇ ਰੋਜ਼ ਭੁਗਤ ਰਹੇ ਹਨ। ਜਿਨ੍ਹਾਂ ਨੂੰ ਕਈ ਕਈ ਘੰਟੇ ਜਾਮ ਵਿੱਚ ਫਸਣਾ ਪੈਂਦਾ ਹੈ ਅਤੇ ਧੂੜ ਮਿੱਟੀ ਉਨ੍ਹਾਂ ਦੇ ਪੇਟ ਵਿੱਚ ਜਾਂਦੀ ਹੈ ਜਿਸ ਨਾਲ ਕਈਆਂ ਨੂੰ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਹੋਰ ਕਿਹਾ ਕਿ ਹਲਕਾ ਆਤਮ ਨਗਰ ਦੇ ਪਿਛਲੇ ਵਿਧਾਇਕਾਂ ਦੀ ਨਲਾਇਕੀ ਕਾਰਨ ਇਹ ਸਭ ਹੋ ਰਿਹਾ ਹੈ, ਜੇਕਰ ਉਨ੍ਹਾਂ ਦੀ ਮਨਸ਼ਾ ਹਲਕੇ ਵਿੱਚ ਵਿਕਾਸ ਕਰਵਾਉਣ ਦੀ ਹੁੰਦੀ, ਤਾਂ ਇਸ ਰੋਡ ਤੇ ਫਲਾਈਓਵਰ ਬਣਿਆ ਹੁੰਦਾ ਅਤੇ ਇਥੋਂ ਲੰਘਣ ਵਾਲੇ ਉਨ੍ਹਾਂ ਨੂੰ ਅਸੀਸਾਂ ਦਿੰਦੇ ਪਰ ਉਨ੍ਹਾਂ ਦੀ ਸਿਆਸਤ ਛੋਟੇ-ਛੋਟੇ ਕੰਮਾਂ ਲਈ ਇਲਾਕਾ ਨਿਵਾਸੀਆਂ ਨੂੰ ਆਪਣੇ ਦਫਤਰ ਦੇ ਗੇੜੇ ਲਵਾਉਣ ਤੱਕ ਹੀ ਸੀਮਤ ਰਖੀ ਅਤੇ ਇਸ ਹਲਕੇ ਵਿੱਚ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਲਿਆਂਦਾ। ਸੋਖੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਵਿਕਾਸ ਕਿਵੇਂ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਹਨ ਕਿ ਜੇਕਰ ਪੰਜਾਬ ਦਾ ਸਰਮਾਇਆ ਪੰਜਾਬ ਦੇ ਵਿਕਾਸ ਤੇ ਖਰਚ ਕਰਨਾ ਹੈ, ਤਾਂ ਇਕੋ ਇਕ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸਤਾ ਵਿੱਚ ਲਿਆਉਣਾ ਅਤਿ ਜਰੂਰੀ ਹੈ। ਸੋਖੀ ਨੇ ਕਿਹਾ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਯਕੀਨੀ ਹੈ, ਜੋ ਕਿ ਪੰਜਾਬ ਵਿੱਚ ਪਹਿਲਾਂ ਦੀ ਤਰਾਂ ਸਰਬਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲਾਂ ਦੀ ਤਰਾਂ ਸੜਕਾਂ ਦਾ ਨਾਲ ਵਿਛਾਇਆ ਜਾਵੇਗਾ, ਅਮਨ ਤੇ ਕਾਨੂੰਨ ਦੀ ਸਥਿਤੀ ਤੇ ਕਾਬੂ ਪਾਉਂਦੇ ਹੋਏ ਲੋਕਾਂ ਦੇ ਰੁਜਗਾਰ ਵੱਲ ਧਿਆਨ ਦਿੱਤਾ ਜਾਵੇਗਾ ਤਾਂ ਜੋ ਕੋਈ ਆਪਣੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣ ਬਾਰੇ ਸੋਚੇ ਵੀ ਨਾਂ।