ਲੰਬੀ ਉਡੀਕ ਪਿੱਛੋਂ ਹਲਵਾਰਾ ਹਵਾਈ ਅੱਡਾ ਤੋਂ ਉਡਾਣਾਂ ਸ਼ੁਰੂ
ਲੰਮੀ ਉਡੀਕ ਤੋਂ ਬਾਅਦ ਹਲਵਾਰਾ ਹਵਾਈ ਅੱਡਾ ਤੋਂ ਉਡਾਣਾਂ ਸ਼ੁਰੂ
Publish Date: Fri, 15 May 2026 07:33 PM (IST)
Updated Date: Sat, 16 May 2026 04:12 AM (IST)
- 02 ਦਿੱਲੀ ਤੋਂ ਕੌਮਾਂਤਰੀ ਹਲਵਾਰਾ ਹਵਾਈ ਅੱਡੇ ਲਈ ਪਹਿਲੀ ਏਅਰ ਇੰਡੀਆ ਦੀ ਫਲਾਈਟ ਵਿਚ ਸਫਰ ਕਰ ਰਹੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਹੋਰ।
- 03 ਕੌਮਾਂਤਰੀ ਹਲਵਾਰਾ ਹਵਾਈ ਅੱਡੇ ’ਤੇ ਪਹਿਲੀ ਫਲਾਈਟ ਦੇ ਪਹੁੰਚਣ ’ਤੇ ਗਿੱਧਾ ਅਤੇ ਭੰਗੜਾ ਪਾਉਂਦੇ ਗੱਭਰੂ ਅਤੇ ਮੁਟਿਆਰਾਂ।
- ਦੋ ਐੱਮਪੀਜ਼ ਨਾਲ ਕੇਂਦਰੀ ਰਾਜ ਮੰਤਰੀ ਪਹਿਲੀ ਫਲਾਈਟ ’ਚ ਹਲਵਾਰਾ ਪੁੱਜੇ
ਸੰਜੀਵ ਗੁਪਤਾ, ਪੰਜਾਬੀ ਜਾਗਰਣ
ਜਗਰਾਓਂ : ਆਖ਼ਰ ਲੰਬੀ ਉਡੀਕ ਮਗਰੋਂ ਕੌਮਾਂਤਰੀ ਹਲਵਾਰਾ ਹਵਾਈ ਅੱਡੇ ਤੋਂ ਅੱਜ ਉਡਾਣਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਵੇਰੇ 7:05 ਵਜੇ ਦਿੱਲੀ ਤੋਂ ਹਲਵਾਰਾ ਲਈ ਪਹਿਲਾ ਏਅਰ ਇੰਡੀਆ ਦਾ ਜਹਾਜ਼ ਏਆਈ-481 ਪਹੁੰਚਿਆ। ਇਸ ਜਹਾਜ਼ ਦੇ ਹਲਵਾਰਾ ਹਵਾਈ ਅੱਡੇ ਪੁੱਜਣ ’ਤੇ ਜਿੱਥੇ ਏਅਰਪੋਰਟ ਅਥਾਰਿਟੀ ਨੇ ਜਹਾਜ਼ ’ਤੇ ਪਾਣੀ ਦੀਆਂ ਬੁਛਾਰਾਂ ਮਾਰਦਿਆਂ ਸਲਾਮੀ ਦਿੱਤੀ, ਉੱਥੇ ਢੋਲ ਦੇ ਡੱਗੇ ਦੀਆਂ ਧਮਾਲਾਂ ’ਚ ਗਿੱਧਾ ਪਾਉਂਦੀਆਂ ਮੁਟਿਆਰਾਂ ਤੇ ਭੰਗੜਾ ਪਾਉਂਦੇ ਗੱਭਰੂਆਂ ਨੇ ਯਾਤਰੀਆਂ ਦਾ ਸਵਾਗਤ ਕੀਤਾ। ਇਸ ਪਹਿਲੀ ਫਲਾਈਟ ’ਚ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਤੇ ਵਿਕਰਮਜੀਤ ਸਾਹਨੀ ਨਾਲ ਪਹੁੰਚੇ। ਜਾਣਕਾਰੀ ਅਨੁਸਾਰ ਪਹਿਲੀ ਫਲਾਈਟ ’ਚ ਕੁੱਲ 71 ਯਾਤਰੀ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਲਵਾਰਾ ਹਵਾਈ ਅੱਡੇ ਪਹੁੰਚੇ। ਫਿਰ ਇਸੇ ਫਲਾਈਟ ’ਚ ਹਲਵਾਰਾ ਤੋਂ ਦਿੱਲੀ ਲਈ 99 ਯਾਤਰੀ ਰਵਾਨਾ ਹੋਏ। ਇਸ ਮਗਰੋਂ ਦਿੱਲੀ ਤੋਂ ਦੂਸਰੀ ਫਲਾਈਟ (ਏਆਈ-483) 40 ਯਾਤਰੀ ਲੈ ਕੇ ਦੁਪਹਿਰ ਨੂੰ ਕੌਮਾਂਤਰੀ ਹਲਵਾਰਾ ਹਵਾਈ ਅੱਡੇ ’ਤੇ ਪਹੁੰਚੇ। ਇਹੀ ਫਲਾਈਟ ਮੁੜ ਵਾਪਸ ਦਿੱਲੀ ਲਈ ਸਿਰਫ਼ 20 ਯਾਤਰੀ ਲੈ ਕੇ ਵਾਪਸ ਪਰਤੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੌਮਾਂਤਰੀ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਦੀ ਖੁਸ਼ੀ ਮਨਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨਾਲ ਹੀ ਪੰਜਾਬੀਆਂ ਨੂੰ ਇਨ੍ਹਾਂ ਫਲਾਈਟਾਂ ਨੂੰ ਨੱਕੋ-ਨੱਕ ਭਰ ਕੇ ਭੇਜਣ ਦੀ ਅਪੀਲ ਕੀਤੀ ਤਾਂ ਕਿ ਜਲਦੀ ਇਸ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਵੀ ਸ਼ੁਰੂ ਹੋਣ। ਏਅਰਪੋਰਟ ਅਥਾਰਟੀ ਅਨੁਸਾਰ ਹਲਵਾਰੇ ਤੋਂ ਰੋਜ਼ਾਨਾ ਦੋ ਫਲਾਈਟਾਂ ਦਿੱਲੀ ਤੋਂ ਹਲਵਾਰਾ ਤੇ ਹਲਵਾਰਾ ਤੋਂ ਦਿੱਲੀ ਲਈ ਚੱਲਣਗੀਆਂ। ਇਨ੍ਹਾਂ ਜਹਾਜ਼ਾਂ ’ਚ ਸਫਰ ਕਰਨ ਵਾਲਿਆਂ ਨੂੰ ਕਰੀਬ ਡੇਢ ਘੰਟਾ ਪਹਿਲਾਂ ਪਹੁੰਚਣਾ ਲਾਜ਼ਮੀ ਹੋਵੇਗਾ। ਅੱਜ ਪਹਿਲੀ ਫਲਾਈਟ ਰਾਹੀਂ ਪਹੁੰਚੇ ਯਾਤਰੀਆਂ ਨੇ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਇਸ ਹਵਾਈ ਅੱਡੇ ਦੇ ਸ਼ੁਰੂ ਹੋਣ ਨਾਲ ਇਲਾਕੇ ਹੀ ਨਹੀਂ ਦੂਰ ਨੇੜੇ ਦੇ ਸ਼ਹਿਰਾਂ ਦੇ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੀ ਹੈ।