ਕਿਸਾਨਾਂ ਨੂੰ ਉੱਨਤ ਡੇਅਰੀ ਖੁਰਾਕ ਤਕਨਾਲੋਜੀਆਂ ’ਚ ਦਿੱਤੀ ਸਿਖਲਾਈ
ਵਿਚਾਰ ਵਟਾਂਦਰਾ ਸੈਸ਼ਨ ਨਾਲ ਪੰਜ ਦਿਨਾਂ ਵਿਹਾਰਕ ਸਿਖਲਾਈ ਪ੍ਰੋਗਰਾਮ ਸਮਾਪਤ
Publish Date: Sun, 24 May 2026 06:52 PM (IST)
Updated Date: Mon, 25 May 2026 04:11 AM (IST)
ਵਿਚਾਰ ਵਟਾਂਦਰਾ ਸੈਸ਼ਨ ਨਾਲ ਪੰਜ ਦਿਨਾਂ ਵਿਹਾਰਕ ਸਿਖਲਾਈ ਪ੍ਰੋਗਰਾਮ ਸਮਾਪਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਅਹਾਰ ਵਿਭਾਗ ਵੱਲੋਂ ਡੇਅਰੀ ਪਸ਼ੂਆਂ ਲਈ ਪੌਸ਼ਟਿਕ ਖੁਰਾਕ ਤਕਨਾਲੋਜੀਆਂ ਵਿਸ਼ੇ 'ਤੇ ਜਾਰੀ ਪੰਜ ਦਿਨਾਂ ਦਾ ਵਿਹਾਰਕ ਸਿਖਲਾਈ ਪ੍ਰੋਗਰਾਮ ਵਿਚਾਰ ਵਟਾਂਦਰਾ ਸੈਸ਼ਨ ਨਾਲ ਸਮਾਪਤ ਹੋ ਗਿਆ। ਪੰਜਾਬ ਅਤੇ ਨਾਲ ਲੱਗਦੇ ਰਾਜਾਂ ਤੋਂ ਦੋ ਔਰਤਾਂ ਸਮੇਤ 24 ਕਿਸਾਨਾਂ ਨੇ ਸਿਖਲਾਈ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਡੇਅਰੀ ਕਿਸਾਨਾਂ ਨੂੰ ਵਿਹਾਰਕ ਹੁਨਰਾਂ ਅਤੇ ਵਿਗਿਆਨਕ ਗਿਆਨ ਨਾਲ ਜੋੜਨਾ ਸੀ ਤਾਂ ਜੋ ਬਿਹਤਰ ਪਸ਼ੂ ਪੌਸ਼ਟਿਕਤਾ ਰਾਹੀਂ ਉਤਪਾਦਕਤਾ ਵਧਾਈ ਜਾ ਸਕੇ।
ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਸਿਖਲਾਈ ਉੱਨਤ ਖੁਰਾਕ ਤਕਨਾਲੋਜੀਆਂ ਨੂੰ ਖੇਤਰ ਵਿੱਚ ਲਾਗੂ ਕਰਨ 'ਤੇ ਕੇਂਦ੍ਰਿਤ ਸੀ। ਮੁੱਖ ਵਿਸ਼ਿਆਂ ਵਿੱਚ ਤੂੜੀ ਦੀ ਕੁਦਰਤੀ ਫਰਮੈਂਟੇਸ਼ਨ, ਯੂਰੀਆ ਮੋਲਾਸੇਸ ਖਣਿਜ ਬਲਾਕ ਦੀ ਤਿਆਰੀ, ਫੀਡ ਜਾਂਚ, ਖਣਿਜ ਮਿਸ਼ਰਣ ਫਾਰਮੂਲਾ , ਬਾਈਪਾਸ ਫੈਟ ਤਿਆਰ ਕਰਨੀ ਅਤੇ ਕੱਟਿਆਂ, ਵੱਛਿਆਂ ਤੇ ਦੁਧਾਰੂ ਬੱਕਰੀਆਂ ਅਤੇ ਡੇਅਰੀ ਜਾਨਵਰਾਂ ਲਈ ਸੰਤੁਲਿਤ ਰਾਸ਼ਨ ਤਿਆਰ ਕਰਨਾ ਸ਼ਾਮਲ ਸੀ। ਪ੍ਰੋਗਰਾਮ ਵਿੱਚ ਸਾਈਲੇਜ ਬਣਾਉਣਾ, ਸੁਰੱਖਿਅਤ ਫੀਡ ਸਟੋਰੇਜ ਅਤੇ ਅਫਲਾਟੌਕਸਿਨ ਨਿਯੰਤਰਣ ਲਈ ਰਣਨੀਤੀਆਂ ਵੀ ਸ਼ਾਮਲ ਸਨ।
ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਡਾ ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਗਿਆਨਕ ਖੁਰਾਕ ਢੰਗਾਂ ਨੂੰ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਨੂੰ ਸਿਰਫ਼ ਰੋਜ਼ੀ-ਰੋਟੀ ਦੇ ਤੌਰ 'ਤੇ ਹੀ ਨਹੀਂ, ਸਗੋਂ ਇੱਕ ਵਾਧੇ ਵਾਲੇ ਖੇਤੀਬਾੜੀ ਕਾਰੋਬਾਰ ਮਾਡਲ ਵਜੋਂ ਦੇਖਣ ਦੀ ਸੋਚ ਦਿੱਤੀ ਕਿਉਂਕਿ ਇਹ ਟਿਕਾਊ ਆਮਦਨ ਨੂੰ ਯਕੀਨੀ ਬਣਾਉਣ ਅਤੇ ਪੇਂਡੂ ਰੁਜ਼ਗਾਰ ਪੈਦਾ ਕਰਨ ਦੇ ਸਮਰੱਥ ਹੈ। ਉਨ੍ਹਾਂ ਨੇ ਕਿਸਾਨ-ਕੇਂਦ੍ਰਿਤ ਸਿਖਲਾਈ ਪ੍ਰੋਗਰਾਮਾਂ ਦੇ ਆਯੋਜਨ ਲਈ ਵਿਭਾਗ ਦੀ ਵੀ ਸ਼ਲਾਘਾ ਕੀਤੀ ਜੋ ਵਿਹਾਰਕ, ਖੇਤਰ-ਪੱਧਰੀ ਚੁਣੌਤੀਆਂ ਨੂੰ ਹੱਲ ਕਰਦੇ ਹਨ। ਕੋਰਸ ਸੰਯੋਜਕ ਡਾ. ਜੁਝਾਰ ਸਿੰਘ, ਡਾ. ਜਸਪਾਲ ਸਿੰਘ ਲਾਂਬਾ ਅਤੇ ਡਾ. ਉਦੈਬੀਰ ਸਿੰਘ ਨੇ ਕਿਸਾਨਾਂ ਦੀ ਉਤਸ਼ਾਹੀ ਭਾਗੀਦਾਰੀ ਅਤੇ ਸਰਗਰਮ ਸ਼ਮੂਲੀਅਤ 'ਤੇ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਡੇਅਰੀ ਕਿਸਾਨਾਂ ਵੱਲੋਂ ਪਸ਼ੂਆਂ ਦੀ ਸਿਹਤ ਅਤੇ ਦੁੱਧ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਪੌਸ਼ਟਿਕਤਾ ਤਕਨਾਲੋਜੀਆਂ ਨੂੰ ਅਪਣਾਉਣ ਵਿੱਚ ਵਧਦੀ ਰੁਚੀ ਨੂੰ ਸਰਾਹਿਆ।