ਜਨਰਲ ਸਟੋਰ ਨੂੰ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ
ਪਿੰਡ ਬਹਿਲੋਲਪੁਰ ’ਚ ਜਨਰਲ ਸਟੋਰ ਨੂੰ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ
Publish Date: Sat, 25 Apr 2026 07:11 PM (IST)
Updated Date: Sun, 26 Apr 2026 04:14 AM (IST)

ਲੱਖਾਂ ਰੁਪਏ ਦੀ ਨਕਦੀ ਅਤੇ ਸਾਮਾਨ ਸੜ ਕੇ ਸੁਆਹ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਬਲਾਕ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਵਿਖੇ ਇੱਕ ਜਨਰਲ ਸਟੋਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ’ਚ ਲੱਖਾਂ ਰੁਪਏ ਨਕਦੀ, ਸਾਰਾ ਸਾਮਾਨ ਸੜਨ ਸਮੇਤ 1.50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੁਕਾਨਦਾਰ ਸੂਰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਉਸ ਨੇ ਜਨਰਲ ਸਟੋਰ ਖੋਲਿ੍ਹਆ ਹੀ ਸੀ ਕਿ ਇੱਕ ਗਾਹਕ ਨੂੰ ਜਦੋਂ ਸਾਮਾਨ ਦੇਣ ਲੱਗਾ ਤਾਂ ਪਿੱਛੋਂ ਇਕਦਮ ਅੱਗ ਦੀਆਂ ਲਪਟਾਂ ਨਿਕਲੀਆਂ। ਅਜੇ ਉਹ ਪਿੱਛੇ ਅੱਗ ਬੁਝਾਉਣ ਲਈ ਜਾ ਹੀ ਰਿਹਾ ਸੀ ਕਿ ਇਕਦਮ ਸਾਰੇ ਜਨਰਲ ਸਟੋਰ ਵਿਚ ਅੱਗ ਫੈਲ ਗਈ। ਉਸ ਨੇ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਪਿੰਡ ਵਾਸੀ ਇਕੱਠੇ ਹੋ ਗਏ ਅਤੇ ਨਾਲ ਹੀ ਸਥਿਤ ਪੁਲਸ ਚੌਂਕੀ ਇੰਚਾਰਜ ਸੋਹਣ ਸਿੰਘ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਵਲੋਂ ਇੱਕਜੁਟ ਹੋ ਕੇ ਫਾਇਰ ਬ੍ਰਿਗੇਡ ਕਰਮਚਾਰੀਆਂ ਨਾਲ ਮਿਲ ਕੇ ਅੱਗ ਨੂੰ ਬੁਝਾਉਣ ਦੀ ਬਹੁਤ ਕੋਸਿਸ਼ ਕੀਤੀ ਪਰ ਅੱਗ ਦੁਕਾਨਦਾਰ ਦੀ ਕੋਠੀ ਅਤੇ ਗੁਦਾਮਾਂ ਤੱਕ ਵੀ ਪਹੁੰਚ ਗਈ, ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਟੋਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਸਟੋਰ ’ਚ ਪਈ ਕਰੀਬ 5 ਤੋਂ 7 ਲੱਖ ਰੁਪਏ ਨਕਦੀ ਵੀ ਅੱਗ ਦੀ ਭੇਟ ਚੜ੍ਹ ਗਈ। ਇਸ ਅੱਗ ਨੇ ਜਨਰਲ ਸਟੋਰ ਦੇ ਪਿੱਛੇ ਬਣੀ ਕੋਠੀ ਨੂੰ ਵੀ ਆਪਣੀ ਚਪੇਟ ਵਿਚ ਲੈ ਲਿਆ ਅਤੇ ਲੱਗੇ ਏ.ਸੀ. ਸਮੇਤ ਕੁਝ ਸਮਾਨ ਵੀ ਸੜ ਗਿਆ। ਪਿੰਡ ਵਾਸੀਆਂ ਵੱਲੋਂ ਕੋਠੀ ਦਾ ਸਾਰਾ ਸਾਮਾਨ ਬਾਹਰ ਕੱਢਿਆ ਗਿਆ ਤੇ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ। ਇਸ ਅੱਗ ਨਾਲ ਜਨਰਲ ਸਟੋਰ ਦੀ ਸਾਰੀ ਇਮਾਰਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕੋਠੀ ਵਿਚ ਵੀ ਤਰੇੜਾਂ ਆ ਗਈਆਂ। ਪਿੰਡ ਦੇ ਸਰਪੰਚ ਕਮਲਪ੍ਰੀਤ ਸਿੰਘ, ਅਕਾਲੀ ਆਗੂ ਦੇ ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ ਅਤੇ ਸਮੂਹ ਪੰਚਾਇਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਅੱਗ ਨਾਲ ਦੁਕਾਨਦਾਰ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਇਸ ਲਈ ਉਸਨੂੰ ਮੁਆਵਜ਼ਾ ਦੇ ਕੇ ਸਹਾਇਤਾ ਕੀਤੀ ਜਾਵੇ। ਦੁਕਾਨਦਾਰ ਸੂਰਤ ਸਿੰਘ ਬਹੁਤ ਹੀ ਗ਼ਮਗੀਨ ਸੀ ਤੇ ਪਿੰਡ ਵਾਸੀ ਉਸ ਨੂੰ ਹੌਂਸਲਾ ਦੇ ਰਹੇ ਸਨ।