ਫਿਰੋਜ਼ਪੁਰ, ਉਟਾਲਾ, ਕਿਲਾ ਰਾਏਪੁਰ ਤੇ ਸੰਗਰੂਰ ਵੱਲੋਂ ਜਿੱਤਾਂ ਦਰਜ
ਸੀਨੀਅਰ ਵਰਗ ਵਿੱਚ ਫਿਰੋਜਪੁਰ ਅਤੇ ਉਟਾਲਾ, ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਸੰਗਰੂਰ ਜੇਤੂ
Publish Date: Sun, 17 May 2026 06:52 PM (IST)
Updated Date: Mon, 18 May 2026 04:12 AM (IST)
ਵਿਜੈ ਵਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ 16ਵਾਂ ਜੇਐਸਟੀ ਟਰੱਕ ਪਰਮਿਟ, ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਤੀਜੇ ਦਿਨ ਸੀਨੀਅਰ ਵਰਗ ਵਿੱਚ ਬਾਬਾ ਸ਼ੇਰ ਸਾਹ ਵਲੀ ਅਕੈਡਮੀ ਫਿਰੋਜ਼ਪੁਰ ਅਤੇ ਯੰਗ ਉਟਾਲਾ ਜੇਤੂ ਰਹੇ ਜਦ ਕਿ ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਅਤੇ ਸੰਗਰੂਰ ਦੀਆਂ ਟੀਮਾਂ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ।
ਤੀਸਰੇ ਦਿਨ ਦੂਸਰੇ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਜੂਨੀਅਰ ਵਿਸ਼ਵ ਕੱਪ ਜੇਤੂ ਕਪਤਾਨ ਹਰਜੀਤ ਸਿੰਘ ਹਰਜੀਤਾ ਦੀ ਕਪਤਾਨੀ ਹੇਠ ਬਾਬਾ ਸ਼ੇਰ ਸਾਹ ਵਲੀ ਹਾਕੀ ਅਕੈਡਮੀ ਫਿਰੋਜ਼ਪੁਰ ਨੇ ਅਮਰਗੜ ਹਾਕੀ ਸੈਂਟਰ ਨਾਲ 6-6 ਗੋਲਾਂ ਦੀ ਬਰਾਬਰੀ ਤੋਂ ਬਾਅਦ ਸ਼ੂਟ ਆਊਟ ਵਿੱਚ 3-2 ਗੋਲਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਪਹਿਲੀ ਜਿੱਤ ਹਾਸਿਲ ਕੀਤੀ, ਜਦਕਿ ਦੂਸਰੇ ਮੁਕਾਬਲੇ ਵਿੱਚ ਯੰਗ ਕਲੱਬ ਉਟਾਲਾ ਨੇ ਲੁਧਿਆਣਾ ਸਪੋਰਟਸ ਕਲੱਬ ਨੂੰ ਇੱਕ ਤਰਫਾ ਕਰਦਿਆਂ 7-2 ਗੋਲਾਂ ਨਾਲ ਮਾਤ ਦਿੱਤੀ। ਜੂਨੀਅਰ ਵਰਗ ਵਿੱਚ ਕਿਲਾ ਰਾਏਪੁਰ ਹਾਕੀ ਸੈਂਟਰ ਨੇ ਏਕ ਨੂਰ ਅਕੈਡਮੀ ਤੇਹਿੰਗ ਨੂੰ 6-2 ਗੋਲਾਂ ਹਰਾ ਕੇ ਟੂਰਨਾਮੈਂਟ ਦਾ ਵੱਡਾ ਉਲਟ ਫੇਰ ਕੀਤਾ ਜਦਕਿ ਇਸ ਤੋਂ ਪਹਿਲਾਂ ਸੰਗਰੂਰ ਅਕੈਡਮੀ ਨੇ ਨਨਕਾਣਾ ਸਾਹਿਬ ਛੰਨਾ ਅਮਰਗੜ੍ਹ ਹਾਕੀ ਸੈਂਟਰ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ। ਇਸ ਮੌਕੇ ਗਿਆਨ ਸਿੰਘ ਕਾਲੜਾ ਜਿਲਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਆਮ ਆਦਮੀ ਪਾਰਟੀ, ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ , ਅਮਰੀਕ ਸਿੰਘ ਮਿਨਹਾਸ ਰਿਟਾਇਰਡ ਏਆਈਜੀ ਪੰਜਾਬ ਪੁਲਿਸ, ਸਾਬਕਾ ਕੌਮੀ ਖਿਡਾਰੀ ਰਛਪਾਲ ਸਿੰਘ ਨਾਗੀ, ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਕਾਲੜਾ ਨੇ ਜਰਖੜ ਹਾਕੀ ਅਕੈਡਮੀ ਵਾਸਤੇ ਇੱਕ ਵਾਟਰ ਕੂਲਰ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਸੰਜੇ ਗੋਇਲ , ਡਾਕਟਰ ਮਨਜੀਤ ਸਿੰਘ , ਅਜੀਤ ਸਿੰਘ ਲਾਦੀਆ , ਸੁਨੀਲ ਕੁਮਾਰ ਸੈਕਟਰੀ ਸਪੋਰਟਸ ਰੇਲਵੇ ਫਿਰੋਜ਼ਪੁਰ, ਗੁਰਸਤਿੰਦਰ ਸਿੰਘ ਪਰਗਟ, ਬਾਬਾ ਰੁਲਦਾ ਸਿੰਘ, ਕੁਲਦੀਪ ਸਿੰਘ ਘਵੱਦੀ,ਸ਼ਿੰਗਾਰਾ ਸਿੰਘ ਜਰਖੜ, , ਬੂਟਾ ਸਿੰਘ ਸਿੱਧੂ, ਦਲਵੀਰ ਸਿੰਘ ਜਰਖੜ , ਪਵਨਪ੍ਰੀਤ ਸਿੰਘ ਡੰਗੋਰਾ, ਕੋਚ ਹਰਮੀਤ ਸਿੰਘ ਜਰਖੜ ਅਕੈਡਮੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।