ਭਿਆਨਕ ਸੜਕ ਹਾਦਸੇ ਵਿੱਚ ਮਹਿਲਾ ਡਾਕ ਅਧਿਕਾਰੀ ਦੀ ਮੌਤ

-ਡਿਊਟੀ ’ਤੇ ਜਾਂਦੇ ਸਮੇਂ ਵਾਪਰਿਆ ਭਿਆਨਕ ਹਾਦਸਾ
-ਨਾਬਾਲਿਗ ਧੀ ਦੇ ਸਿਰੋਂ ਉੱਠਿਆ ਮਾਂ ਦਾ ਸਾਇਆ
---
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਹੰਬੜਾਂ ਇਲਾਕੇ ਵਿੱਚ ਮੰਗਲਵਾਰ 3ਵੇਰੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਹਰ ਕਿਸੇ ਨੂੰ ਝੰਝੋੜ ਕੇ ਰੱਖ ਦਿੱਤਾ। ਡਿਊਟੀ ‘ਤੇ ਜਾ ਰਹੀ ਇਕ ਮਹਿਲਾ ਡਾਕ ਅਧਿਕਾਰੀ ਦੀ ਤੇਜ਼ ਰਫ਼ਤਾਰ ਟਰੱਕ ਹੇਠਾਂ ਆ ਕੇ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਮੌਜੂਦ ਲੋਕਾਂ ਦੇ ਹਲਾਤਾਂ ਨੂੰ ਦੇਖ ਹੋਸ਼ ਉੱਡ ਗਏ । ਮ੍ਰਿਤਕਾ ਦੀ ਪਛਾਣ ਰਵਿਤਾ ਵਜੋਂ ਹੋਈ ਹੈ, ਜੋ ਬਹਾਦਰਕੇ ਰੋਡ ਦੀ ਰਹਿਣ ਵਾਲੀ ਸੀ ਅਤੇ ਜਗਰਾਉਂ ਦੇ ਡਾਕ ਘਰ ਵਿੱਚ ਅਧਿਕਾਰੀ ਵਜੋਂ ਸੇਵਾ ਨਿਭਾਅ ਰਹੀ ਸੀ।
ਜਾਣਕਾਰੀ ਮੁਤਾਬਕ ਰਵਿਤਾ ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸਵੇਰੇ ਵੀ ਆਪਣੇ ਸਹਿਕਰਮੀ ਆਕਾਸ਼ਦੀਪ ਸਿੰਘ ਨਾਲ ਮੋਟਰਸਾਈਕਲ ‘ਤੇ ਜਗਰਾਉਂ ਲਈ ਨਿਕਲੀ ਸੀ। ਦੋਵੇਂ ਹੰਬੜਾਂ ਵਿੱਚ ਸਥਿਤ ਐਚਡੀਐਫਸੀ ਬੈਂਕ ਨੇੜੇ ਪਹੁੰਚੇ ਹੀ ਸਨ ਕਿ ਅਚਾਨਕ ਇੱਕ ਪੈਦਲ ਵਿਅਕਤੀ ਸੜਕ ਪਾਰ ਕਰਨ ਲਈ ਤੇਜ਼ੀ ਨਾਲ ਦੌੜਿਆ। ਇਸ ਦੌਰਾਨ ਮੋਟਰਸਾਈਕਲ ਚਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਬਾਈਕ ਬੇਕਾਬੂ ਹੋ ਗਈ। ਬਾਈਕ ਤੋਂ ਪਿੱਛੇ ਬੈਠੀ ਰਵਿਤਾ ਸੜਕ ਦੇ ਵਿਚਕਾਰ ਜਾ ਡਿੱਗੀ। ਇਸ ਤੋਂ ਪਹਿਲਾਂ ਕਿ ਉਹ ਖੁਦ ਨੂੰ ਸੰਭਾਲ ਪਾਉਂਦੀ, ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਟਰੱਕ ਦਾ ਟਾਇਰ ਉਸ ਦੇ ਸਿਰ ਉੱਪਰੋਂ ਲੰਘ ਗਿਆ, ਜਿਸ ਕਾਰਨ ਡਾਕ ਅਧਿਕਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮੱਚ ਗਿਆ ਅਤੇ ਰਾਹਗੀਰਾਂ ਨੇ ਤੁਰੰਤ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਘਟਨਾ ਦੀ ਖ਼ਬਰ ਮਿਲਦੇ ਹੀ ਥਾਣਾ ਲਾਢੋਵਾਲ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਹਾਦਸਾ ਗ੍ਰਸਤ ਟਰੱਕ ਨੂੰ ਜ਼ਬਤ ਕਰ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਪੈਦਲ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ।
ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਟਰੱਕ ਬਹੁਤ ਤੇਜ਼ ਰਫ਼ਤਾਰ ਵਿੱਚ ਸੀ ਅਤੇ ਹਾਦਸੇ ਤੋਂ ਬਾਅਦ ਕੁਝ ਦੂਰੀ ‘ਤੇ ਜਾ ਕੇ ਰੁਕਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਭਾਰੀ ਵਾਹਨਾਂ ਦੀ ਰਫ਼ਤਾਰ ‘ਤੇ ਕਾਬੂ ਹੋਵੇ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤਾਂ ਅਜਿਹੇ ਦਰਦਨਾਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸ਼ਹਿਰ ਵਿੱਚ ਵੱਧ ਰਹੇ ਸੜਕ ਹਾਦਸਿਆਂ ਅਤੇ ਟ੍ਰੈਫਿਕ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਰ ਰੋਜ਼ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡਰਾਈਵਿੰਗ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ, ਪਰ ਇਸ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਪੂਰੀ ਸਖ਼ਤੀ ਨਹੀਂ ਹੋ ਰਹੀ।
ਰਵਿਤਾ ਦੀ ਮੌਤ ਨੇ ਹਰ ਉਸ ਵਿਅਕਤੀ ਦੀਆਂ ਅੱਖਾਂ ਨਮ ਕਰ ਦਿੱਤੀਆਂ ਜਿਸ ਨੂੰ ਇਸ ਦਰਦਨਾਕ ਹਾਦਸੇ ਬਾਰੇ ਪਤਾ ਲੱਗਿਆ । ਘਰ ਤੋਂ ਡਿਊਟੀ ਲਈ ਨਿਕਲੀ ਇੱਕ ਮਾਂ ਸ਼ਾਮ ਤੱਕ ਵਾਪਸ ਆਪਣੇ ਬੱਚੇ ਕੋਲ ਨਹੀਂ ਪਹੁੰਚ ਸਕੀ। ਇੱਕ ਪਲ ਦੀ ਲਾਪ੍ਰਵਾਹੀ ਨੇ ਪੂਰਾ ਪਰਿਵਾਰ ਉਜਾੜ ਕੇ ਰੱਖ ਦਿੱਤਾ।
---
ਪਤੀ ਦੀ ਹੋ ਚੁੱਕੀ ਹੈ ਪਹਿਲਾਂ ਹੀ ਮੌਤ
ਰਵਿਤਾ ਦੀ ਮੌਤ ਨੇ ਨਾ ਸਿਰਫ਼ ਉਸ ਦੇ ਪਰਿਵਾਰ ਨੂੰ, ਸਗੋਂ ਪੂਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਉਸ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਇਕਲੌਤੇ ਬੱਚੇ ਦੀ ਪਰਵਰਿਸ਼ ਇਕੱਲੇ ਕਰ ਰਹੀ ਸੀ। ਹੁਣ ਇਸ ਹਾਦਸੇ ਨਾਲ ਉਸ ਦੀ ਨਾਬਾਲਿਗ ਧੀ ਦੇ ਸਿਰੋਂ ਮਾਂ ਦਾ ਸਾਇਆ ਉੱਠ ਗਿਆ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਘਰ ਵਿੱਚ ਮਾਤਮ ਦਾ ਮਾਹੌਲ ਹੈ।