ਭਦੌੜ ਹਾਊਸ ’ਚ ਮਹਿਲਾ ਚੋਰ ਗਿਰੋਹ ਦਾ ਖੌਫ, ਕੱਪੜਿਆਂ ਦੇ ਸ਼ੋਅਰੂਮ ’ਚੋਂ 5 ਲੱਖ ਰੁਪਏ ਚੋਰੀ
ਭਦੌੜ ਹਾਊਸ ‘ਚ ਮਹਿਲਾ ਚੋਰ ਗਿਰੋਹ ਦਾ ਖੌਫ, ਕੱਪੜਿਆਂ ਦੇ ਸ਼ੋਅਰੂਮ ਚੋਂ ਕੀਤੇ 5 ਲੱਖ ਚੋਰੀ
Publish Date: Wed, 29 Apr 2026 07:31 PM (IST)
Updated Date: Wed, 29 Apr 2026 07:34 PM (IST)

- ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵੱਖ-ਵੱਖ ਦੁਕਾਨਾਂ ਦੀ ਕੀਤੀ ਰੇਕੀ - ਪੜਤਾਲ ਤੋਂ ਬਾਅਦ ਅਣਪਛਾਤੀਆਂ ਔਰਤਾਂ ਖ਼ਿਲਾਫ਼ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਮਹਾਨਗਰ ਲੁਧਿਆਣਾ ਦੇ ਰੌਣਕਾਂ ਭਰੇ ਵਪਾਰਕ ਇਲਾਕੇ ਭਦੌੜ ਹਾਊਸ ’ਚ ਇਨ੍ਹਾਂ ਦਿਨਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿੱਥੇ ਦਿਨ ਦੇ ਸਮੇਂ ਖ਼ਰੀਦਦਾਰੀ ਲਈ ਭੀੜ ਲੱਗੀ ਰਹਿੰਦੀ ਹੈ, ਉੱਥੇ ਹੀ ਹੁਣ ਇੱਕ ਮਹਿਲਾ ਚੋਰ ਗਿਰੋਹ ਦੀ ਸਰਗਰਮੀ ਨੇ ਵਪਾਰੀਆਂ ਦੀ ਨੀਂਦ ਉਡਾ ਦਿੱਤੀ ਹੈ। ਲਗਾਤਾਰ ਹੋ ਰਹੀਆਂ ਚੋਰੀਆਂ ਦੀਆਂ ਕੋਸ਼ਿਸ਼ਾਂ ਅਤੇ ਇੱਕ ਵੱਡੀ ਵਾਰਦਾਤ ਨੇ ਇਸ ਇਲਾਕੇ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਚੰਦਰ ਨਗਰ ਦੇ ਵਾਸੀ ਕੱਪੜੇ ਦੇ ਕਾਰੋਬਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਇਸ ਮਾਮਲੇ ਸਬੰਧੀ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਕਿ ਉਹ ਭਦੌੜ ਹਾਊਸ ਨੇੜੇ ਪਟਿਆਲਾ ਪਾਰਕਿੰਗ ਵਿੱਚ ‘ਹਰਜੀ ਕ੍ਰੀਏਸ਼ਨ’ ਨਾਮ ਦੀ ਲੇਡੀਜ਼ ਸੂਟਾਂ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਮੁਤਾਬਿਕ ਬੀਤੇ ਦਿਨੀਂ ਉਨ੍ਹਾਂ ਦੀ ਦੁਕਾਨ ਵਿੱਚੋਂ ਕਰੀਬ 5 ਲੱਖ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਹ ਵਾਰਦਾਤ ਬੜੀ ਚਤੁਰਾਈ ਨਾਲ ਅੰਜਾਮ ਦਿੱਤੀ ਗਈ, ਜਿਸ ਦਾ ਪਤਾ ਉਨ੍ਹਾਂ ਨੂੰ ਬਾਅਦ ਵਿੱਚ ਲੱਗਾ। ਇਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸ਼ਿਕਾਇਤਕਰਤਾ ਨੇ ਆਪਣੀ ਪੜਤਾਲ ਵੀ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ 28 ਅਪ੍ਰੈਲ 2026 ਨੂੰ 4-5 ਅਣਪਛਾਤੀਆਂ ਔਰਤਾਂ ਮਾਰਕੀਟ ਵਿੱਚ ਘੁੰਮਦੀਆਂ ਨਜ਼ਰ ਆਈਆਂ, ਜਿਨ੍ਹਾਂ ਦੀਆਂ ਹਰਕਤਾਂ ਸ਼ੱਕੀ ਸਨ। ਇਹ ਔਰਤਾਂ ਵੱਖ-ਵੱਖ ਦੁਕਾਨਾਂ ਵਿੱਚ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ। ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਮਾਰਕੀਟ ਵਿੱਚ ਇੱਕ ਸੁਚੱਜੇ ਢੰਗ ਨਾਲ ਕੰਮ ਕਰਨ ਵਾਲਾ ਮਹਿਲਾ ਚੋਰ ਗਿਰੋਹ ਸਰਗਰਮ ਹੈ, ਜੋ ਪਹਿਲਾਂ ਦੁਕਾਨਾਂ ਦੀ ਰੇਕੀ ਕਰਦਾ ਹੈ ਅਤੇ ਫਿਰ ਮੌਕਾ ਦੇਖ ਕੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਬੜੀ ਚਾਲਾਕੀ ਨਾਲ ਕੰਮ ਕਰਦਾ ਹੈ ਅਤੇ ਭੀੜ-ਭਾੜ ਦਾ ਫਾਇਦਾ ਚੁੱਕ ਕੇ ਨਕਦੀ ਜਾਂ ਕੀਮਤੀ ਸਾਮਾਨ ’ਤੇ ਹੱਥ ਸਾਫ਼ ਕਰ ਜਾਂਦਾ ਹੈ। ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਨਾਲ ਮਾਰਕੀਟ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ ਅਤੇ ਦੁਕਾਨਦਾਰ ਆਪਣੇ ਕਾਰੋਬਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ। ਥਾਣਾ ਕੋਤਵਾਲੀ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਣਪਛਾਤੀਆਂ ਔਰਤਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਐੱਸਆਈ ਸੋਮਨਾਥ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਮਾਰਕੀਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਤੱਕ ਜਲਦੀ ਪਹੁੰਚਿਆ ਜਾ ਸਕੇ। ਭਦੌੜ ਹਾਊਸ ਇਲਾਕੇ ਵਿੱਚ ਮਹਿਲਾ ਚੋਰ ਗਿਰੋਹ ਦੀ ਸਰਗਰਮੀ ਨੇ ਵਪਾਰੀਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇੱਕ ਪਾਸੇ ਦੁਕਾਨ ਵਿੱਚੋਂ 5 ਲੱਖ ਤੋਂ ਵੱਧ ਦੀ ਨਕਦੀ ਚੋਰੀ ਹੋਈ, ਜਦਕਿ ਓਹੀ ਗਿਰੋਹ ਮਾਰਕੀਟ ਵਿੱਚ ਹੋਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਾ ਨਜ਼ਰ ਆਇਆ। ਵਪਾਰੀਆਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੀ ਸੁਰੱਖਿਆ ਵਧਾਉਣ।