ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਕਿਸਾਨ : ਡਾ. ਸੰਧੂ
ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਕਿਸਾਨ-ਪੀਏਯੂ ਮਾਹਿਰ
Publish Date: Fri, 08 May 2026 06:51 PM (IST)
Updated Date: Sat, 09 May 2026 04:11 AM (IST)

- ਪੀਏਯੂ ਮਾਹਿਰਾਂ ਨੇ ਕੱਦੂ ਜਾਤੀ ਦੀਆਂ ਫਸਲਾਂ ਦੇ ਝੁਲਸ ਰੋਗ ਸਬੰਧੀ ਕਿਸਾਨਾਂ ਨੂੰ ਸਿਫ਼ਾਰਸ਼ਾਂ ਕੀਤੀਆਂ ਫੋਟੋ ਨੰਬਰ-9 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਕੱਦੂ ਜਾਤੀ ਦੀਆਂ ਫ਼ਸਲਾਂ ’ਚ ਝੁਲਸ ਰੋਗ (ਡਾਊਨੀ ਮਿਲਡਿਊ) ਇੱਕ ਗੰਭੀਰ ਸਮੱਸਿਆ ਹੈ ਜੋ ਅਨੁਕੂਲ ਮੌਸਮੀ ਹਾਲਾਤ ’ਚ ਫੈਲ ਕੇ ਵੱਡਾ ਨੁਕਸਾਨ ਕਰ ਸਕਦੀ ਹੈ। ਇਹ ਰੋਗ ਪੱਤਿਆਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਪੱਤਿਆਂ ਦੇ ਉੱਪਰਲੇ ਪਾਸੇ ਪੀਲੇ ਧੱਬੇ ਬਣਾਉਂਦਾ ਹੈ। ਸਵੇਰ ਸਮੇਂ ਜਦੋਂ ਹਵਾ ’ਚ ਨਮੀਂ ਜ਼ਿਆਦਾ ਹੁੰਦੀ ਹੈ ਤਾਂ ਇੰਨਾਂ ਪੱਤਿਆਂ ਦੇ ਹੇਠਲੇ ਪਾਸੇ ਸਲੇਟੀ ਰੰਗ ਦੀ ਉੱਲੀ ਦੀ ਪਰਤ ਦਿਖਾਈ ਦਿੰਦੀ ਹੈ, ਬਾਅਦ ’ਚ ਇਹ ਧੱਬੇ ਭੂਰੇ ਹੋ ਕੇ ਸੁੱਕ ਜਾਂਦੇ ਹਨ ਤੇ ਫ਼ਸਲ ਝੁਲਸੀ ਹੋਈ ਪ੍ਰਤੀਤ ਹੁੰਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉੱਘੇ ਪੌਦਾ ਰੋਗ ਮਾਹਿਰ ਤੇ ਪੀਏਯੂ ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਭਜੋਧ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ’ਚ ਮੌਸਮ ਝੁਲਸ ਰੋਗ ਲਈ ਅਨੁਕੂਲ ਹੋ ਗਿਆ ਹੈ ਅਤੇ ਖਰਬੂਜ਼ਾ, ਤਰਬੂਜ਼, ਲੌਕੀ ਤੇ ਹੋਰ ਕੱਦੂ ਜਾਤੀ ਫਸਲਾਂ ’ਚ ਝੁਲਸ ਰੋਗ ਦੇ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ। ਰਾਜਪੁਰ, ਡੇਰਾਬੱਸੀ ਅਤੇ ਸੰਗਰੂਰ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਪੱਧਰ ਤੇ ਇਸ ਰੋਗ ਦਾ ਹਮਲਾ ਦੇਖਣ ਵਿੱਚ ਆਇਆ ਹੈ। ਪ੍ਰਭਾਵਿਤ ਖੇਤਾਂ ਵਿੱਚ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਜਲਦੀ ਹੀ ਫਸਲ ਤਬਾਹ ਹੋ ਸਕਦੀ ਹੈ। ਦਰਮਿਆਨੇ ਤਾਪਮਾਨ (25-30 ਸੈਲਸੀਅਸ), ਵੱਧ ਨਮੀਂ ਅਤੇ ਵਾਰ-ਵਾਰ ਹੋਣ ਵਾਲੀ ਹਲਕੀ ਵਰਖਾ ਇਸ ਰੋਗ ਦੇ ਫੈਲਾਅ ਨੂੰ ਵਧਾਉਣ ਵਾਲੇ ਤੱਤ ਹਨ। ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ। ਉਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਖੁੱਲੀ ਸਿੰਚਾਈ ਭਾਵ ਫਲੱਡ ਇਰੀਗੇਸ਼ਨ ਤੋਂ ਬਚਣਾ ਚਾਹੀਦਾ ਹੈ। ਫਸਲ ਵਿੱਚ ਹਵਾ ਦੀ ਆਵਾਜਾਈ ਬਣਾਈ ਰੱਖਣ ਲਈ ਪੌਦਿਆਂ ਵਿਚਕਾਰ ਸਹੀ ਦੂਰੀ ਹੋਣੀ ਚਾਹੀਦੀ ਹੈ। ਪੀਏਯੂ ਮਾਹਿਰਾਂ ਨੇ ਕਿਹਾ ਕਿ ਝੁਲਸ ਰੋਗ ਦੀ ਰੋਕਥਾਮ ਲਈ ਕਲੋਰੋਥੈਲੋਨਿਲ (ਕਵਚ) 0400 ਗ੍ਰਾਮ ਪ੍ਰਤੀ ਏਕੜ ਜਾਂ ਸਾਈਮੋਕਸਾਨਿਲ 8 ਫੀਸਦੀ, ਮੈਨਕੋਜ਼ੇਬ 64 ਫੀਸਦੀ, ਡਬਲਯੂ ਪੀ (ਕਰਜ਼ੇਟ 8) 0600 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।