...ਤੇ ਜਦੋਂ ਨਕਲੀ ਮਹੰਤਾਂ ਨੂੰ ਸਰੇ ਬਾਜ਼ਾਰ ਦਿੱਤੀਆਂ ‘ਵਧਾਈਆਂ’
ਮੁੰਡਿਆਂ ਤੋਂ ਬਣੇ ਨਕਲੀ ਮਹੰਤਾਂ ਨੂੰ ਸਰੇਬਾਜ਼ਾਰ ਘੇਰ ਕੇ ਕੀਤੇ ‘ਗੰਜੇ’
Publish Date: Mon, 15 Sep 2025 06:24 PM (IST)
Updated Date: Mon, 15 Sep 2025 06:26 PM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਬਾਜ਼ਾਰਾਂ ਵਿਚ ਔਰਤਾਂ ਵਾਲੇ ਸੂਟ ਪਾ ਕੇ ਨਕਲੀ ਬਣੇ ਮਹੰਤ ਮੁੰਡਿਆਂ ਨੂੰ ਅਸਲੀ ਮਹੰਤਾਂ ਨੇ ਘੇਰ ਲਿਆ। ਉਨ੍ਹਾਂ ਦਾ ਕੁਟਾਪਾ ਚਾੜ੍ਹਦਿਆਂ ਸਰੇ ਬਾਜ਼ਾਰ ਉਨ੍ਹਾਂ ਨੂੰ ਸਿਰੋਂ ਗੰਜੇ ਕਰ ਦਿੱਤਾ। ਨਕਲੀ ਮਹੰਤਾਂ ਤੋਂ ਦੁਖੀ ਲੋਕ ਵੀ ਵੱਡੀ ਗਿਣਤੀ ’ਚ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਇਨ੍ਹਾਂ ਵੱਲੋਂ ਕੀਤੇ ਜਾਂਦੇ ਕਈ ਕੰਮਾਂ ਦਾ ਖੁਲਾਸਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਜਗਰਾਓਂ ਦੇ ਬਾਜ਼ਾਰਾਂ ’ਚ ਔਰਤਾਂ ਦੇ ਸੂਟ ਪਾ ਕੇਮਹੰਤ ਘੁੰਮ ਰਹੇ ਸਨ। ਜੋ ਘਰਾਂ ਤੇ ਦੁਕਾਨਾਂ ਤੋਂ ਵਧਾਈਆਂ ਇਕੱਠੀਆਂ ਕਰ ਰਹੇ ਸਨ। ਇਨ੍ਹਾਂ ਦੇ ਘੁੰਮਣ ਦੀ ਸੂਚਨਾ ਮਿਲਣ ’ਤੇ ਜਗਰਾਓਂ ਦੇ ਮਰਹੂਮ ਲੈਚੀ ਮਹੰਤ ਦੇ ਡੇਰੇ ਦੇ ਮਹੰਤਾਂ ਨੂੰ ਪਤਾ ਲੱਗ ਗਿਆ। ਇਸ ’ਤੇ ਡੇਰੇ ਵਿਚ ਬੈਠੇ ਮਹੰਤ ਇਕੱਠੇ ਹੋ ਕੇ ਬਾਜ਼ਾਰ ਜਾ ਪੁੱਜੇ। ਉਨ੍ਹਾਂ ਬਾਜ਼ਾਰ ਵਿਚ ਔਰਤਾਂ ਦੇ ਸੂਟ ਪਾ ਕੇ ਘੁੰਮ ਰਹੇ ਇਨ੍ਹਾਂ ਮੁੰਡਿਆਂ ਨੂੰ ਘੇਰ ਲਿਆ। ਉਹ ਮਹੰਤ ਹਨ, ਦਾ ਸਬੂਤ ਦੇਣ ’ਤੇ ਭੱਜਣ ਲੱਗੇ ਤਾਂ ਮਹੰਤਾਂ ਨੇ ਘੇਰ ਲਿਆ ਅਤੇ ਫਿਰ ਰੱਜ ਕੇ ਛਿੱਤਰ ਪ੍ਰੇਡ ਕਰਦਿਆਂ ਹੇਠਾਂ ਬਿਠਾ ਲਿਆ। ਇਸ ’ਤੇ ਇੱਕ ਮਹੰਤ ਵੱਲੋਂ ਵਾਲ ਕੱਟਣ ਵਾਲੀ ਮਸ਼ੀਨ ਮੰਗਵਾਈ ਗਈ ਅਤੇ ਇਨ੍ਹਾਂ ਦੇ ਸਿਰਾਂ ਤੋਂ ਵਾਲ ਲਾਹ ਕੇ ਗੰਜੇ ਕਰ ਦਿੱਤਾ ਗਿਆ। ਇਸ ਮੌਕੇ ਬਕਾਇਦਾ ਇਨ੍ਹਾਂ ਨਕਲੀ ਮਹੰਤਾਂ ਦੀ ਹੋਈ ਕੁੱਟਮਾਰ ਤੇ ਗੰਜੇ ਕਰਨ ਦੀ ਵੀਡੀਓ ਵੀ ਬਣੀ। ਇਸ ਮੌਕੇ ਮਹੰਤਾਂ ਨੇ ਕਿਹਾ ਕਿ ਇਹ ਮੁੰਡੇ ਹੋ ਕੇ ਨਕਲੀ ਮਹੰਤ ਬਣ ਕੇ ਉਨ੍ਹਾਂ ਦਾ ਨਾਂ ਹੀ ਨਹੀਂ ਅਕਸ਼ ਵੀ ਖ਼ਰਾਬ ਕਰ ਰਹੇ ਸਨ। ਰਾਤ ਨੂੰ ਨਕਲੀ ਮਹੰਤ ਬਣ ਕੇ ਗਲਤ ਕੰਮਾਂ ਨੂੰ ਅੰਜਾਮ ਵੀ ਦਿੰਦੇ ਸਨ। ਇਸ ਕਰਕੇ ਆਮ ਲੋਕ ਅਕਸਰ ਹੀ ਉਨ੍ਹਾਂ ਨੂੰ ਸ਼ਿਕਾਇਤਾਂ ਕਰਦੇ ਸਨ। ਅੱਜ ਇਨ੍ਹਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ ਹੈ।