ਡਾਟਾ ਸੁਰੱਖਿਆ ਤੇ ਆਨਲਾਈਨ ਠੱਗੀਆਂ ਤੋਂ ਬਚਾਅ ਦੇ ਢੰਗ ਤਰੀਕੇ ਦੱਸੇ
ਡਾਟਾ ਸੁਰੱਖਿਆ ਅਤੇ ਆਨਲਾਈਨ ਠੱਗੀਆਂ ਤੋਂ ਬਚਾਅ ਦੇ ਢੰਗ ਤਰੀਕੇ ਦੱਸੇ
Publish Date: Thu, 21 May 2026 07:27 PM (IST)
Updated Date: Fri, 22 May 2026 04:16 AM (IST)

- ਵੈਟਰਨਰੀ ਯੂਨੀਵਰਸਿਟੀ ਵਿਖੇ ਸਾਈਬਰ ਸੁਰੱਖਿਆ ਪ੍ਰਤੀ ਕਰਵਾਇਆ ਗਿਆ ਜਾਗਰੂਕਤਾ ਸੈਸ਼ਨ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਲਾਈ ਨਿਰਦੇਸ਼ਾਲੇ ਦੀ ਰਾਸ਼ਟਰੀ ਸੇਵਾ ਯੋਜਨਾ ਇਕਾਈ ਵੱਲੋਂ ‘ਐਕਟ ਹਿਊਮਨ ਸੋਸਾਇਟੀ’ ਦੇ ਸਹਿਯੋਗ ਨਾਲ ਸਾਈਬਰ ਅਪਰਾਧ ਅਤੇ ਡਿਜੀਟਲ ਸੁਰੱਖਿਆ ਦੀਆਂ ਵੱਧਦੀਆਂ ਚੁਣੌਤੀਆਂ ਬਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਹਿੱਤ ਇੱਕ ਪ੍ਰੋਗਰਾਮ ਕਰਵਾਇਆ ਗਿਆ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਾਈਬਰ ਸੁਰੱਖਿਆ ਅਤਿ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਅਤੇ ਗਿਆਨਵਾਨ ਲੋਕ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ। ਡਾ. ਰਾਬਿੰਦਰ ਸਿੰਘ ਔਲਖ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਐਕਟ ਹਿਊਮਨ ਸੁਸਾਇਟੀ ਵੱਲੋਂ ਸਰੀਰਕ ਸਮੱਸਿਆਵਾਂ, ਵਾਤਾਵਰਣ ਸੁਰੱਖਿਆ, ਪੇਸ਼ੇਵਰ ਗਿਆਨ, ਡਾਕਟਰੀ ਸਹਾਇਤਾ ਅਤੇ ਕੈਂਸਰ ਵਰਗੀ ਬਿਮਾਰੀ ਦੀਆਂ ਚੁਣੌਤੀਆਂ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਉਪਰਾਲਿਆਂ ਬਾਰੇ ਚਾਨਣਾ ਪਾਇਆ। ਤਰੁਣ ਮਲਹੋਤਰਾ, ਕੁੰਜੀਵਤ ਬੁਲਾਰੇ ਅਤੇ ਸਾਈਬਰ ਅਕੈਡਮੀ ਦੇ ਸੰਸਥਾਪਕ ਨੇ ਸਾਈਬਰ ਜਾਗਰੂਕਤਾ ਅਤੇ ਡਿਜੀਟਲ ਭਰੋਸੇ ਨੂੰ ਬਣਾਉਣ ਵਾਸਤੇ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੰਬੋਧਨ ਕੀਤਾ। ਉਨ੍ਹਾਂ ਸਾਈਬਰ ਧੋਖਾਧੜੀ ਨਾਲ ਵਧ ਰਹੇ ਖ਼ਤਰਿਆਂ ਬਾਰੇ ਦੱਸਿਆ ਅਤੇ ਡਾਟਾ ਸੁਰੱਖਿਆ ਅਤੇ ਆਨਲਾਈਨ ਠੱਗੀਆਂ ਤੋਂ ਬਚਾਅ ਬਾਰੇ ਮਾਰਗਦਰਸ਼ਨ ਕੀਤਾ। ਉਨ੍ਹਾਂ ਨੇ ਸੁਰੱਖਿਅਤ ਪਾਸਵਰਡ ਅਤੇ ਠੱਗੀ ਦੀਆਂ ਕੋਸ਼ਿਸ਼ਾਂ ਦੇ ਢੰਗ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਹਰਲੀਨ ਕੌਰ, ਸੰਸਥਾਪਕ, ਐਕਟ ਹਿਊਮ ਸੁਸਾਇਟੀ ਨੇ ਇਸ ਸੋਸਾਇਟੀ ਵੱਲੋਂ ਸਮਾਜਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਸਾਡਾ ਉਦੇਸ਼ ਹਮਦਰਦ ਅਤੇ ਜ਼ਿੰਮੇਵਾਰ ਸਮਾਜਕ ਵਾਤਾਵਰਣ ਸਿਰਜਣਾ ਹੈ। ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਇਸ ਚਰਚਾ ਦਾ ਕੌਮੀ ਸੇਵਾ ਯੋਜਨਾ ਦੇ ਵਲੰਟੀਅਰ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਡਾ. ਵਰਿੰਦਰ ਉੱਪਲ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਕੇਂਦਰ ਨੇ ਧੰਨਵਾਦ ਦਾ ਮਤਾ ਸਾਂਝਾ ਕੀਤਾ। ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਸੈਸ਼ਨ ਨੂੰ ਜਾਣਕਾਰੀ ਭਰਪੂਰ ਢੁੱਕਵਾਂ ਅਤੇ ਸਮੇਂ ਦੇ ਹਾਣ ਦਾ ਦੱਸਿਆ। ਇਸ ਮੌਕੇ ਵਿਭਿੰਨ ਕਾਲਜਾਂ ਦੇ ਐਨਐਸਐਸ ਪ੍ਰੋਗਰਾਮ ਅਫ਼ਸਰ ਡਾ. ਰਾਜੇਸ਼ ਕਸਰੀਜਾ, ਡਾ. ਚੰਦਰ ਸ਼ੇਖਰ ਮੁਖੋਪਾਧਿਆਇ, ਡਾ. ਨਰਿੰਦਰ ਕੁਮਾਰ, ਡਾ. ਵਿਸ਼ਾਲ ਸ਼ਰਮਾ ਅਤੇ ਡਾ. ਸਯੱਦ ਹਸਨ ਵੀ ਮੌਜੂਦ ਸਨ।