ਮਾਹਿਰਾਂ ਨੇ ਦੱਸੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦੇ ਤਰੀਕੇ
ਮਾਹਿਰਾਂ ਨੇ ਦੱਸੇ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਦੇ ਤਰੀਕੇ
Publish Date: Mon, 25 May 2026 06:52 PM (IST)
Updated Date: Tue, 26 May 2026 04:08 AM (IST)

-ਗਰਮੀ ਵਧਣ ਨਾਲ ਪਸ਼ੂਆਂ ਉੱਪਰ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ ਮੌਸਮ ਦਾ ਜਿਆਦਾ ਦਬਾਅ --- ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਗਰਮੀ ਦੇ ਵਧਣ ਨਾਲ ਪਸ਼ੂਆਂ ਉੱਪਰ ਵੀ ਮੌਸਮ ਦਾ ਬਹੁਤ ਜਿਆਦਾ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਸਮ ਵਿੱਚ ਘੱਟ ਚਾਰਾ ਖਾਣ ਕਾਰਣ ਪਸ਼ੂਆਂ ਦਾ ਉਤਪਾਦਨ ਵੀ ਘੱਟ ਜਾਂਦਾ ਹੈ। ਇਹ ਜਾਣਕਾਰੀ ਡਾ. ਯਸ਼ਪਾਲ ਸਿੰਘ ਮੁਖੀ ਪਸ਼ੂਧਨ ਉਤਪਾਦਨ ਅਤੇ ਪ੍ਰਬੰਧ ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਤੇਜ਼ ਗਰਮੀ ਵਿੱਚ ਹਵਾਦਾਰ ਸ਼ੈੱਡ, ਪਾਣੀ ਦਾ ਸੁਚੱਜਾ ਪ੍ਰਬੰਧ, ਸਹੀ ਅਤੇ ਸੰਤੁਲਿਤ ਚਾਰਾ ਅਤੇ ਸਹੀ ਸਿਹਤ ਪ੍ਰਬੰਧਨ ਪਸ਼ੂਆਂ ਤੋਂ ਗਰਮੀ ਦਾ ਦਬਾਅ ਘਟਾਉਂਦਾ ਹੈ। ਸ਼ੈੱਡ ਖੁੱਲੇ, ਉੱਚੇ ਤੇ ਹਵਾਦਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਦੇ ਦਰਵਾਜ਼ਿਆਂ ’ਤੇ ਜ਼ਿਆਦਾ ਗਰਮੀ ਹੋਣ ਦੀ ਸੂਰਤ ਵਿੱਚ ਬੋਰੀਆਂ ਜਾਂ ਟਾਟ ਦੇ ਪਰਦੇ ਲਗਾ ਦੇਣੇ ਚਾਹੀਦੇ ਹਨ। ਸ਼ੈੱਡਾਂ ਦੀਆਂ ਛੱਤਾਂ ਉੱਪਰ ਵੀ ਚਿੱਟਾ ਰੰਗ ਕਰ ਦੇਣਾ ਚਾਹੀਦਾ ਹੈ ਜਾਂ ਗਰਮੀ ਤੋਂ ਬਚਾਉਣ ਵਾਲੇ ਸਾਧਨ ਜਿਵੇਂ ਪਰਾਲੀ ਆਦਿ ਪਾ ਦੇਣੀ ਚਾਹੀਦੀ ਹੈ। ਸ਼ੈੱਡਾਂ ਦੀਆਂ ਛੱਤਾਂ ਦੀਆਂ ਸ਼ੀਟਾਂ ਦੇ ਅੰਦਰਲੇ ਪਾਸਿਉਂ ਗੂੜਾ ਰੰਗ ਕਰ ਦੇਣਾ ਚਾਹੀਦਾ ਹੈ। ਸ਼ੈੱਡ ਵਿੱਚ ਪੱਖੇ ਜਾਂ ਪਾਣੀ ਦੀ ਫੁਹਾਰ ਦੇਣ ਵਾਲੇ ਕੂਲਰ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਜ਼ਿਆਦਾ ਗਰਮੀ ਦੇ ਸਮੇਂ ਵਿੱਚ ਕੁੱਝ ਵਕਤ ਲਈ ਦਿਨ ਵਿੱਚ ਤਿੰਨ-ਚਾਰ ਵਾਰ ਚਲਾਉਣਾ ਚਾਹੀਦਾ ਹੈ। ਇਹ ਸਾਧਨ ਗਾਂਵਾਂ ਦੇ ਨਾਲੋਂ ਮੱਝਾਂ ਲਈ ਹੋਰ ਵਧੇਰੇ ਫਾਇਦੇਮੰਦ ਰਹਿੰਦਾ ਹੈ, ਕਿਉਂਕਿ ਮੱਝਾਂ ਦਾ ਰੰਗ ਕਾਲਾ ਹੋਣ ਕਾਰਣ ਉਨ੍ਹਾਂ ’ਤੇ ਗਰਮੀ ਦਾ ਅਸਰ ਜ਼ਿਆਦਾ ਹੁੰਦਾ ਹੈ। ਫਾਰਮ ਉੱਪਰ ਇੱਕ ਛੋਟਾ ਛੱਪੜ ਵੀ ਬਣਾ ਦੇਣਾ ਚਾਹੀਦਾ ਹੈ ਜਿੱਥੇ ਪਸ਼ੂ ਮਰਜ਼ੀ ਨਾਲ ਆ ਜਾ ਸਕੇ। ਅਜਿਹੇ ਮੌਸਮ ਵਿੱਚ ਰੁੱਖ ਬਹੁਤ ਕਾਰਗਰ ਸਾਬਿਤ ਹੁੰਦੇ ਹਨ। ਇਸ ਲਈ ਫਾਰਮ ’ਤੇ ਵਧੀਆ ਛਾਂ-ਦਾਰ ਰੁੱਖ ਲਾਉਣੇ ਬਹੁਤ ਜ਼ਰੂਰੀ ਹਨ। ਪਸ਼ੂ ਦੇ ਕੋਲ ਹਰ ਵੇਲੇ ਠੰਡਾ ਪੀਣ ਯੋਗ ਪਾਣੀ ਮੁਹੱਈਆ ਹੋਣਾ ਚਾਹੀਦਾ ਹੈ। ਡਾ. ਜਸਪਾਲ ਸਿੰਘ ਹੁੰਦਲ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਸਰਵੋਤਮ ਖੁਰਾਕ ਦੇ ਤਰੀਕਿਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਤਾਂ ਜੋ ਡੇਅਰੀ ਜਾਨਵਰਾਂ ਵਿੱਚ ਗਰਮੀ ਦੇ ਦਬਾਅ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਗਰਮੀਆਂ ਦੌਰਾਨ ਫੀਡ ਦੀ ਮਾਤਰਾ ਘਟਦੀ ਹੈ, ਬਾਈਪਾਸ/ਸੁਰੱਖਿਅਤ ਚਰਬੀ ਦੀ ਪੂਰਤੀ ਦੁਆਰਾ ਰਾਸ਼ਨ ਦੀ ਊਰਜਾ ਘਣਤਾ ਵਧਾਈ ਜਾਣੀ ਚਾਹੀਦੀ ਹੈ, ਜਦੋਂ ਕਿ ਮਿਹਦੇ ਵਿੱਚ ਗਰਮੀ ਨੂੰ ਘਟਾਉਣ ਲਈ ਪਚਣਯੋਗ ਅਤੇ ਅਪਚਣਯੋਗ, ਖੁਰਾਕ ਦਾ ਸੰਤੁਲਨ ਰੱਖਣਾ ਬਹੁਤ ਜਰੂਰੀ ਹੈ। ਕਿਸਾਨਾਂ ਨੂੰ ਰਾਸ਼ਨ ਵਿੱਚ ਘਟੀਆ-ਗੁਣਵੱਤਾ ਵਾਲੀ ਤੂੜੀ ਨੂੰ ਸੀਮਤ ਕਰਦੇ ਹੋਏ, ਮੱਕੀ ਦੇ ਸਾਈਲੇਜ, ਬਰਸੀਮ ਘਾਹ ਅਤੇ ਤਾਜ਼ੇ ਹਰੇ ਚਾਰੇ ਵਰਗੇ ਬਹੁਤ ਜ਼ਿ਼ਆਦਾ ਪਚਣਯੋਗ ਗੁਣਵੱਤਾ ਵਾਲੇ ਚਾਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਖਣਿਜ ਅਤੇ ਧਾਤਾਂ ਦੀ ਪੂਰਤੀ ਵੀ ਮਹੱਤਵਪੂਰਨ ਹੈ। ਡਾ. ਪਰਮਜੀਤ ਕੌਰ, ਮੁਖੀ, ਵੈਟਰਨਰੀ ਪਰਜੀਵੀ ਵਿਭਾਗ ਨੇ ਕਿਹਾ ਕਿ ਪਸ਼ੂ ਸਹੀ ਤਰੀਕੇ ਨਾਲ ਮਲੱਪ ਰਹਿਤ ਕਰਨਾ ਚਾਹੀਦਾ ਹੈ ਅਤੇ ਉਸਦਾ ਟੀਕਾਕਰਨ ਨਹੀਂ ਖੁੰਝਣਾ ਚਾਹੀਦਾ। ਗਰਮੀ ਦੇ ਮੌਸਮ ਵਿੱਚ ਚਿੱਚੜ ਅਤੇ ਮੱਖੀ-ਮੱਛਰ ਬਹੁਤ ਤੰਗ ਕਰਦੇ ਹਨ। ਇਨ੍ਹਾਂ ਤੋਂ ਬਚਾਅ ਵਾਸਤੇ ਚਿੱਚੜ ਮਾਰ ਦਵਾਈ ਪਸ਼ੂ ਨੂੰ ਲਗਾਉਣੀ ਚਾਹੀਦੀ ਹੈ। ਇਹ ਦਵਾਈ ਸ਼ੈੱਡਾਂ ਦੇ ਅੰਦਰ ਅਤੇ ਸ਼ੈੱਡਾਂ ਦੀਆਂ ਮੋਰੀਆਂ ਜਾਂ ਝੀਤਾਂ ਆਦਿ ਵਿੱਚ ਵੀ ਛਿੜਕਾਅ ਦੇਣੀ ਚਾਹੀਦੀ ਹੈ। ਅਜਿਹੇ ਉਪਰਾਲਿਆਂ ਨਾਲ ਪਸ਼ੂ ਦਾ ਉਤਪਾਦਨ ਵੀ ਸਥਿਰ ਰਹੇਗਾ ਤੇ ਉਸਦੀ ਸਿਹਤ ਵੀ ਕਾਇਮ ਰਹੇਗੀ।