ਹਰ ਵਿਅਕਤੀ ਕੋਲ ਹੁੰਦੀ ਹੈ ਕੋਈ ਨਾ ਕੋਈ ਵਿਲੱਖਣ ਯੋਗਤਾ - ਸਾਧਵੀ ਜਗਦੀਪਾ ਭਾਰਤੀ

-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਇਆ ਗਿਆ ‘ਭਜਨ ਸਰਿਤਾ' ਸਮਾਗਮ
--
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੈਲਾਸ਼ ਨਗਰ ਸਥਿੱਤ ਸਥਾਨਕ ਆਸ਼ਰਮ ਵਿਖੇ ‘ਭਜਨ ਸਰਿਤਾ' ਨਾਮਕ ਇੱਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਮਨ ਉਸੀ ਕੀ ਕਰੋ ਪ੍ਰਾਰਥਨਾ’ ਭਜਨ ਨਾਲ ਹੋਈ। ਇਸ ਮੌਕੇ 'ਤੇ ਸਾਧਵੀ ਜਗਦੀਪਾ ਭਾਰਤੀ ਨੇ ਕਿਹਾ ਕਿ ਮਨੁੱਖ ਵਿੱਚ ਕੁਦਰਤੀ ਤੌਰ ਤੇ ਚਾਰ ਤਰ੍ਹਾਂ ਦੇ ਬਲ ਮੰਨੇ ਜਾਂਦੇ ਹਨ। ਸੰਵੇਦੀ ਸ਼ਕਤੀ, ਮਨੋਬਲ, ਬੌਧਿਕ ਬਲ ਅਤੇ ਅਧਿਆਤਮਿਕ ਬਲ। ਅਕਸਰ ਲੋਕ ਆਪਣੀ ਜੀਵਨ ਰੂਪੀ ਗੱਡੀ ਨੂੰ ਮਨੋਬਲ ਦੇ ਬਾਲਣ ਨਾਲ ਚਲਾਉਂਦੇ ਹਨ। ਪਰ ਜੀਵਨ ਦੀ ਦੌੜ ਵਿੱਚ ਅਜਿਹੇ ਪਲ ਵੀ ਆਉਂਦੇ ਹਨ ਜਦੋਂ ਇਹ ਬਾਲਣ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੀ ਮਨੋਬਲ ਕਮਜ਼ੋਰ ਹੁੰਦਾ ਹੈ, ਵਿਅਕਤੀ ਸਵੈ-ਨਿਰਾਸ਼ਾ ਦੀਆਂ ਡੂੰਘੀਆਂ ਖੱਡਾਂ ਵਿੱਚ ਖਿਸਕਣਾ ਲੱਗਦੇ ਹੈ। ਮਨ ਦੇ ਕਮਜ਼ੋਰ ਹੋ ਜਾਣ ਨਾਲ ਬੁੱਧੀ ਵੀ ਆਪਣਾ ਸਹਾਰਾ ਛੱਡ ਦਿੰਦੀ ਹੈ ਅਤੇ ਵਿਅਕਤੀ ਆਪਣੀਆਂ ਇੰਦਰੀਆਂ ਦੁਆਰਾ ਬੁਰੀ ਤਰ੍ਹਾਂ ਗੁਲਾਮ ਹੋ ਜਾਂਦਾ ਹੈ।
ਇਸ ਡਿੱਗਦੇ ਮਨੋਬਲ ਨੂੰ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਮੰਤਰ ਰਚਨਾਤਮਕ ਅਤੇ ਉਤਸ਼ਾਹੀ ਵਿਚਾਰਾਂ 'ਤੇ ਬਹੁਤ ਜ਼ਿਆਦਾ ਭਰੋਸਾ ਕਰਨਾ ਹੈ। ਜਿਨ੍ਹਾਂ ਲੋਕਾਂ ਦਾ ਮਨੋਬਲ ਡਿੱਗ ਰਿਹਾ ਹੈ, ਉਨ੍ਹਾਂ ਨੂੰ ਆਪਣੇ ਆਪ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਅੱਜ 'ਮਹਾਨ' ਮੰਨੇ ਜਾਣ ਵਾਲੇ ਲੋਕ ਤਰੱਕੀ ਅਤੇ ਉੱਤਮਤਾ ਦੀਆਂ ਪੌੜੀਆਂ ਕਿਵੇਂ ਚੜ੍ਹਦੇ ਹਨ। ਇਸ ਦੁਨੀਆਂ ਵਿੱਚ ਕੋਈ ਵੀ ਵਿਅਕਤੀ ਪ੍ਰਤਿਭਾ ਤੋਂ ਸੱਖਣਾ ਪੈਦਾ ਨਹੀਂ ਹੋਇਆ ਹੈ। ਹਰ ਵਿਅਕਤੀ ਕੋਲ ਕੋਈ ਨਾ ਕੋਈ ਵਿਲੱਖਣ ਯੋਗਤਾ ਹੁੰਦੀ ਹੈ। ਜਰੂਰਤ ਹੈ ਤਾਂ ਸਿਰਫ਼ ਉਸ ਯੋਗਤਾ ਨੂੰ ਪਛਾਣਨਾ ਅਤੇ ਇਸਨੂੰ ਅਮਲ ਵਿੱਚ ਲਿਆਉਣਾ ਹੈ। ਜੇਕਰ ਅਸੀਂ ਸੱਚਮੁੱਚ ਆਪਣੇ ਦਿਲ ਤੋ ਆਪਣੀ ਸਮਰੱਥਾ ਨੂੰ ਸਮਝਦੇ ਹਾਂ ਅਤੇ ਇਸਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡੇ ਲਈ ਉੱਨਤੀ ਦਾ ਰਸਤਾ ਤਿਆਰ ਹੁੰਦਾ ਹੀ ਹੈ। ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਮਨੋਬਲ ਮਨੁੱਖੀ ਭਾਵਨਾਵਾਂ ਦੇ ਉੱਤਮੀਕਰਨ ਦਾ ਹੀ ਨਾਮ ਹੈ। ਪਰ ਇਹ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਮਨੋਬਲ ਦਾ ਅਸਲ ਸਰੋਤ ਇੱਕ ਵਿਅਕਤੀ ਦੇ ਅੰਦਰੂਨੀ ਆਤਮਾ ਵਿੱਚ ਹੈ। ਇਸ ਲਈ ਇਸਨੂੰ ਸਪੱਸ਼ਟ ਤੌਰ 'ਤੇ ਆਤਮਾ ਤੱਕ ਹੀ ਸਬੰਧਿਤ ਰੱਖਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਆਪਣੇ ਮਨ ਅਤੇ ਬੁੱਧੀ ਦਾ ਸੰਬਧ ਸਰਵਸ਼੍ਰੇਸ਼ਠ ਬ੍ਰਹਮਾ ਨਾਲ ਜੋੜ ਲੈਂਦਾ ਹੈ, ਬ੍ਰਹਮ ਗਿਆਨ ਪ੍ਰਾਪਤ ਕਰਕੇ ਉਸਦਾ ਨਿਰੰਤਰ ਅਭਿਆਸ ਕਰਦਾ ਹੈ ਤਾਂ ਉਸ ਦੇ ਸੰਕਲਪਾਂ ਵਿੱਚ ਦ੍ਰਿੜਤਾ ਅਤੇ ਸ਼ੁੱਭਤਾ ਦਾ ਸਮਾਵੇਸ਼ ਹੁੰਦਾ ਜਾਂਦਾ ਹੈ। ਉਦਾਹਰਣ ਵਜੋਂ ਮਾਤਾ ਸੀਤਾ ਨੂੰ ਲੱਭਣ ਲਈ ਵਾਨਰ ਸੈਨਾ ਦੁਆਰਾ ਕੀਤੇ ਗਏ ਖੋਜ ਅਭਿਆਨ ਨੂੰ ਹੀ ਲੀ ਲਵੋ। ਇੱਕ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਰੇ ਵਾਨਰ ਆਪਣਾ ਮਨੋਬਲ ਗੁਆ ਕੇ ਮਰਨ ਵਰਤ ਰੱਖਣ ਦਾ ਫੈਸਲਾ ਕਰਦੇ ਹਨ ਪਰ ਉਸੇ ਸਮੇਂ ਜਾਮਬਵਨ ਹਨੂਮਾਨ ਨੂੰ ਜੋ ਸਮੁੰਦਰ ਦੇ ਕੰਢੇ 'ਤੇ ਨਿਰਾਸ਼ ਹੋ ਕੇ ਬੈਠੇ ਸੀ, ਨੂੰ ਆਪਣੇ ਅਸਲ ਸਵਰੂਪ ਦੀ ਯਾਦ ਦਿਵਾਉਂਦੇ ਹਨ। ਉਹ ਉਸਨੂੰ ਉਸਦੇ ਅੰਦਰ ਮੌਜੂਦ ਦਿਵਯ ਸ਼ਕਤੀਆ ਦੀ ਯਾਦ ਦਿਵਾਉਂਦੇ ਹਨ ਅਤੇ ਦੱਸਦੇ ਹਨ ਕਿ ਉਹ ਕੀ ਕੀ ਕਰ ਸਕਦੇ ਹਨ। ਜਿਵੇਂ ਹੀ ਹਨੂਮਾਨ ਜੀ ਨੂੰ ਆਤਮ-ਅਨੁਭਵ ਹੁੰਦਾ ਹੈ ਤਾਂ ਉਸਦਾ ਮਨੋਬਲ ਅਸਾਧਾਰਨ ਰੂਪ ਵਿਚ ਵੱਧ ਜਾਂਦਾ ਹੈ। ਉਸਦੇ ਉਤਸ਼ਾਹ ਨੂੰ ਵੇਖਦੇ ਹੋਏ, ਬਾਕੀ ਵਾਨਰਾਂ ਵਿੱਚ ਵੀ ਸ਼ਕਤੀਸ਼ਾਲੀ ਊਰਜਾ ਦਾ ਸੰਚਾਰ ਹੁੰਦਾ ਹੈ। ਸੰਖੇਪ ਵਿੱਚ ਮੂਲ ਸਿਧਾਂਤ ਉਹੀ ਰਹਿੰਦਾ ਹੈ, ਆਪਣੇ ਆਪ ਨੂੰ ਜਾਣਨਾ, ਆਪਣੀ ਆਤਮ ਸ਼ਕਤੀ ਨੂੰ ਪਛਾਣਨਾ ਅਤੇ ਉਸਦਾ ਵਰਨਣ ਕਰਕੇ ਆਪਣੇ ਮਨੋਬਲ ਨੂੰ ਬਣਾਈ ਰੱਖਣਾ। ਪ੍ਰੋਗਰਾਮ ਦਾ ਸਮਾਪਨ ਪ੍ਰਭੂ ਮਹਿਮਾ ਵਿੱਚ ਭਜਨ-ਸੰਕੀਰਤਨ ਦੇ ਨਾਲ ਹੋਇਆ ਜਿਸ ਵਿੱਚ ਸਾਧਵੀ ਮੈਤ੍ਰੇਈ ਭਾਰਤੀ ਅਤੇ ਮਨੂ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਨ ਕੀਤਾ।