24 ਘੰਟੇ ਬੀਤਣ ਤੋਂ ਬਾਅਦ ਵੀ ਸਿਹਤ ਵਿਭਾਗ ਸ਼ਾਤੀ ਨਗਰ ’ਚ ਵਾਪਰੀ ਘਟਨਾ ਤੋਂ ਅਨਜਾਣ

- ਉਲਟੀਆਂ ਅਤੇ ਦਸਤ ਕਾਰਨ 8 ਸਾਲਾ ਬੱਚੀ ਦੀ ਹੋਈ ਮੌਤ ਦਾ ਮਾਮਲਾ
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ
ਲੁਧਿਆਣਾ : ਸਹਨੇਵਾਲ ਅਤੇ ਲੁਧਿਆਣਾ ਦਾ ਸਿਹਤ ਵਿਭਾਗ 24 ਘੰਟੇ ਬੀਤਣ ਤੋਂ ਬਾਅਦ ਵੀ ਗਿਆਸਪੁਰਾ ਦੇ ਸ਼ਾਂਤੀ ਨਗਰ ਵਿੱਚ ਵਾਪਰੀ ਘਟਨਾ ਤੋਂ ਅਨਜਾਣ ਹੈ। ਸਿਹਤ ਵਿਭਾਗ ਨੇ ਸ਼ਾਂਤੀ ਨਗਰ ਮੁਹੱਲੇ ਤੱਕ ਖ਼ਬਰ ਲਿਖਣ ਤੱਕ ਪਹੁੰਚ ਨਹੀਂ ਕੀਤੀ, ਜਿਸ ਮੁਹੱਲੇ ਵਿੱਚ 8 ਸਾਲਾ ਬੱਚੀ ਦੀ ਉਲਟੀਆਂ ਅਤੇ ਦਸਤ ਲੱਗਣ ਕਾਰਨ ਬੀਤੇ ਕੱਲ ਮੌਤ ਹੋ ਗਈ ਸੀ।
ਕੀ ਹੈ ਮਾਮਲਾ : ਸ਼ਹਿਰ ਦੀ ਸਫ਼ਾਈ ਅਤੇ ਸੀਵਰੇਜ ਦੇ ਗੰਦੇ ਹਾਲਾਤ ਇੱਕ ਵਾਰ ਫਿਰ ਘਾਤਕ ਸਾਬਿਤ ਹੋਏ। ਮਿਲੀ ਜਾਣਕਾਰੀ ਅਨੁਸਾਰ ਗਿਆਸਪੁਰਾ ਦੇ ਸ਼ਾਂਤੀ ਨਗਰ ਵਿੱਚ ਇੱਕ 8 ਸਾਲ ਦੀ ਬੱਚੀ ਦੀ ਉਲਟੀਆਂ ਅਤੇ ਦਸਤ ਤੋਂ ਪੀੜਤ ਹੋਣ ਕਾਰਨ ਮੌਤ ਹੋ ਗਈ। ਸ਼ਾਂਤੀ ਨਗਰ ਵਾਰਡ ਨੰਬਰ 32 ਵਿੱਚ ਪੈਂਦਾ ਹੈ, ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ 24 ਘੰਟੇ ਬੀਤਣ ਤੋਂ ਬਾਅਦ ਤੱਕ ਵੀ ਬੱਚੀ ਦੇ ਪਰਿਵਾਰ ਤੱਕ ਪਹੁੰਚ ਨਹੀਂ ਕੀਤੀ।
ਪ੍ਰਸ਼ਾਸਨ ਵਿਰੁੱਧ ਗੁੱਸਾ : ਇਸ ਘਟਨਾ ਨੇ ਸਿਹਤ ਪ੍ਰਸ਼ਾਸਨ ਵਿਰੁੱਧ ਲੋਕਾਂ ਵਿੱਚ ਗੁੱਸਾ ਪੈਦਾ ਕਰ ਦਿੱਤਾ ਹੈ। ਇਲਾਕੇ ਦੇ ਲੋਕਾਂ ਵਿੱਚ ਬੱਚੀ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਦੌੜ ਗਈ। ਇਲਾਕੇ ਦੇ ਲੋਕਾਂ ਨੇ ਕਿਹਾ ਜੇਕਰ ਸਿਹਤ ਪ੍ਰਸ਼ਾਸਨ ਨੇ ਸਾਡੇ ਇਲਾਕੇ ਦਾ ਪਾਣੀ, ਸੀਵਰੇਜ ਅਤੇ ਸਫ਼ਾਈ ਵਿਵਸਥਾ ਦਾ ਧਿਆਨ ਨਾ ਰੱਖਿਆ ਤਾਂ ਅਸੀਂ ਸਿਹਤ ਪ੍ਰਸ਼ਾਸਨ ਵਿਰੁੱਧ ਧਰਨਾ ਪ੍ਰਦਰਸ਼ਨ ਕਰਾਂਗੇ।
ਕੁਝ ਦਿਨ ਪਹਿਲਾਂ ਹੀ ਬਿਹਾਰ ਤੋਂ ਘਰ ਵਾਪਸ ਆਈ ਸੀ ਬੱਚੀ : ਦੱਸ ਦਈਏ ਕਿ ਮ੍ਰਿਤਕ ਬੱਚੀ ਬਿਹਾਰ ਦੇ ਛੱਪਰਾ ਜ਼ਿਲ੍ਹੇ ਦੇ ਪਿੰਡ ਜਗਦੀਸ਼ਪੁਰ ਤੋਂ ਕੁਝ ਦਿਨ ਪਹਿਲਾਂ ਹੀ ਸ਼ਾਂਤੀ ਨਗਰ ਆਈ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ਾਂਤੀ ਨਗਰ ਪਹੁੰਚਣ ਤੋਂ ਤਿੰਨ-ਚਾਰ ਦਿਨਾਂ ਬਾਅਦ ਉਸ ਦੀ ਸਿਹਤ ਵਿਗੜਨ ਲੱਗੀ। ਉਲਟੀਆਂ ਅਤੇ ਦਸਤ ਦਾ ਲਗਾਤਾਰ ਇਲਾਜ ਕਰਵਾਇਆ ਗਿਆ, ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਤੇ ਅਖੀਰ ਵਿੱਚ ਉਸ ਨੇ ਦਮ ਤੋੜ ਦਿੱਤਾ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕ ਕੌਂਸਲਰ ਜਸਵਿੰਦਰ ਸਿੰਘ ਬੀਰੂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਗਏ, ਪਰ ਦੇਰ ਸ਼ਾਮ ਤੱਕ ਨਾ ਤਾਂ ਕੋਈ ਜਨ ਪ੍ਰਤੀਨਿਧੀ ਅਤੇ ਨਾ ਹੀ ਨਗਰ ਨਿਗਮ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਨਾਲ ਲੋਕਾਂ ਦਾ ਗੁੱਸਾ ਹੋਰ ਵੱਧ ਗਿਆ।
ਕੀ ਕਹਿਣਾ ਹੈ ਇਲਾਕੇ ਦੇ ਲੋਕਾਂ ਦਾ : ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸ਼ਾਂਤੀ ਨਗਰ ਵਿੱਚ ਪਹਿਲਾਂ ਵੀ ਗੈਸਟਰੋ ਐਂਟਰਾਈਟਿਸ ਅਤੇ ਦਸਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦਾ ਮੁੱਖ ਕਾਰਨ ਇਲਾਕੇ ਵਿੱਚ ਫੈਲੀ ਗੰਦਗੀ ਅਤੇ ਮਾੜੀ ਸੀਵਰੇਜ ਪ੍ਰਣਾਲੀ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਗੈਸਟਰੋ ਫੈਲ ਚੁੱਕਾ ਸੀ। ਲੋਕਾਂ ਨੇ ਗੰਦਗੀ, ਕੂੜੇ ਦੇ ਢੇਰਾਂ ਅਤੇ ਦੂਸ਼ਿਤ ਪਾਣੀ ਪ੍ਰਤੀ ਗੁੱਸਾ ਜ਼ਾਹਰ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਗੰਦੇ ਅਤੇ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ, ਪਰ ਹਾਦਸਾ ਵਾਪਰਨ ਤੱਕ ਕੋਈ ਅਧਿਕਾਰੀ ਇਲਾਕੇ ਦਾ ਨਿਰੀਖਣ ਕਰਨ ਨਹੀਂ ਪਹੁੰਚਿਆ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਆ ਰਹੇ ਪਾਣੀ ਨੂੰ ਪੀਣ ਨਾਲ ਬੱਚੇ ਅਤੇ ਬਜ਼ੁਰਗ ਬਿਮਾਰ ਹੋ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਸਫ਼ਾਈ ਅਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਹੁੰਦਾ, ਤਾਂ ਮਾਸੂਮ ਬੱਚੀ ਦੀ ਜਾਨ ਬਚਾਈ ਜਾ ਸਕਦੀ ਸੀ। ਵਸਨੀਕਾਂ ਨੇ ਨਗਰ ਨਿਗਮ ਤੋਂ ਕੂੜੇ ਦੇ ਢੇਰਾਂ ਨੂੰ ਤੁਰੰਤ ਹਟਾਉਣ, ਇਲਾਕੇ ਦੀ ਸਫ਼ਾਈ ਕਰਨ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਕਰਨਗੇ।
ਕੀ ਕਹਿਣਾ ਹੈ ਅਧਿਕਾਰੀਆਂ ਦਾ : ਜਦੋਂ ਇਸ ਸਬੰਧੀ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਮਨਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਵਾਰ-ਵਾਰ ਫੋਨ ਕਰਨ ’ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ। ਜਦੋਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਏਰੀਆ ਪੀਐੱਚਸੀ ਸਾਹਨੇਵਾਲ ਅਧੀਨ ਆਉਂਦਾ ਹੈ। ਉਹ ਉੱਥੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਭਗਤ ਨੂੰ ਇਸ ਘਟਨਾ ਸਬੰਧੀ ਅੱਪਡੇਟ ਦੇਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜਦੋਂ ਇਸ ਸਬੰਧੀ ਸਾਹਨੇਵਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਮੇਸ਼ ਭਗਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਾਂਤੀ ਨਗਰ ਦਾ ਏਰੀਆ ਬਹੁਤ ਵੱਡਾ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਅਜੇ ਤੱਕ ਬੱਚੀ ਦੇ ਪਰਿਵਾਰਕ ਮੈਂਬਰਾਂ ਤੱਕ ਪਹੁੰਚ ਨਹੀਂ ਹੋ ਸਕੀ। ਜਦੋਂ ਸਾਡੀ ਪਹੁੰਚ ਹੋ ਗਈ, ਉਸ ਇਲਾਕੇ ਦਾ ਨਿਰੀਖਣ ਕੀਤਾ ਜਾਵੇਗਾ ਅਤੇ ਜਲਦੀ ਹੀ ਸਫ਼ਾਈ ਵਿਵਸਥਾ ਅਤੇ ਪੀਣ ਵਾਲਾ ਸਾਫ ਸੁਥਰਾ ਪਾਣੀ ਇਲਾਕੇ ਦੇ ਵਾਸੀਆਂ ਨੂੰ ਮੁਹੱਈਆ ਕਰਵਾਇਆ ਜਾਵੇਗਾ।