ਟਾਹਣਾ ਟੁੱਟਣ ਕਾਰਨ ਡਿੱਗੇ ਬਿਜਲੀ ਦੇ ਖੰਭੇ, ਵੱਡਾ ਹਾਦਸਾ ਟਲ਼ਿਆ
ਟਾਹਣਾ ਡਿੱਗਣ ਨਾਲ ਟੁੱਟੇ ਬਿਜਲੀ ਦੇ ਖੰਭੇ, ਗੁਰਦੇਵ ਨਗਰ ਵਿੱਚ ਟਲਿਆ ਵੱਡਾ ਹਾਦਸਾ
Publish Date: Tue, 26 May 2026 10:43 PM (IST)
Updated Date: Wed, 27 May 2026 04:14 AM (IST)
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਮਹਾਨਗਰ ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ ਵਿੱਚ ਮੰਗਲਵਾਰ ਸਵੇਰ ਸਾਰ ਉਸ ਵੇਲੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਜਦੋਂ ਤਿਰਕੋਨਾ ਪਾਰਕ ਦੇ ਇੱਕ ਦਰੱਖਤ ਦਾ ਵੱਡਾ ਟਾਹਣਾ ਅਚਾਨਕ ਟੁੱਟ ਕੇ ਸੜਕ ਤੋਂ ਲੰਘ ਰਹੀਆਂ ਇੰਟਰਨੈਟ ਦੀਆਂ ਤਾਰਾਂ ਤੇ ਗਿਰ ਗਿਆ। ਤਾਰਾਂ ਬਿਜਲੀ ਦੇ ਖੰਭਿਆ ਨਾਲ ਬੰਨੀਆਂ ਹੋਣ ਕਾਰਨ ਦੋ ਖੰਭੇ ਕਰੰਟ ਵਾਲੀਆਂ ਤਾਰਾਂ ਸਮੇਤ ਸੜਕ ਤੇ ਗਿਰੇ। ਗਨੀਮਤ ਰਹੀ ਕਿ ਸਮਾਂ ਸਵੇਰੇ 6 ਵਜੇ ਦਾ ਹੋਣ ਕਾਰਨ ਸੜਕ ਤੇ ਟ੍ਰੈਫਿਕ ਨਹੀਂ ਸੀ। ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਦਰੱਖਤ ਦੇ ਟੁੱਟੇ ਟਾਹਣੇ ਦੇ ਵਜ਼ਨ ਜਿਆਦਾ ਹੋਣ ਕਾਰਨ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਉਸ ਨੂੰ ਕੱਟ ਕੇ ਹਟਾਉਣ ਲਈ ਭਾਰੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨ ਇਲਾਕੇ ਦੀ ਬਿਜਲੀ ਸਪਲਾਈ ਤਾਂ ਕੁਝ ਸਮੇਂ ਬਾਅਦ ਹੀ ਬਹਾਲ ਕਰ ਦਿੱਤੀ ਗਈ, ਪਰ ਟੁੱਟੇ ਖੰਭਿਆ ਦੀ ਜਗ੍ਹਾ ਨਵੇਂ ਪੰਢੇ ਲਗਾਉਣ ਲਈ ਦੇਰ ਰਾਤ ਤੱਕ ਮੁਸ਼ੱਕਤ ਕਰਨੀ ਪਈ। ਜਿਸ ਦੇ ਚੱਲਦੇ ਉਸ ਸੜਕ ਤੇ ਪੂਰਾ ਦਿਨ ਟ੍ਰੈਫਿਕ ਬੰਦ ਰੱਖਣਾ ਪਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਕੁਝ ਸਮੇਂ ਲਈ ਹਫੜਾ-ਦਫੜੀ ਵਾਲਾ ਮਾਹੌਲ ਵੀ ਬਣ ਗਿਆ।
ਮੌਕੇ ’ਤੇ ਪਾਰਕ ਵਿੱਚ ਮੌਜੂਦ ਲੋਕਾਂ ਦੇ ਅਨੁਸਾਰ ਦਰੱਖਤ ਦੀ ਟਾਹਣਾ ਅਚਾਨਕ ਟੁੱਟ ਕੇ ਤਾਰਾਂ ਵਿੱਚ ਫੱਸ ਗਿਆ। ਤਾਰਾਂ ’ਤੇ ਵਧੇ ਭਾਰ ਕਾਰਨ ਬਿਜਲੀ ਦੇ ਖੰਭੇ ਸੰਤੁਲਨ ਗੁਆ ਬੈਠੇ ਅਤੇ ਸੜਕ ਵੱਲ ਝੁਕਦੇ ਹੋਏ ਟੁੱਟ ਗਏ। ਖੁਸ਼ਕਿਸਮਤੀ ਇਹ ਰਹੀ ਕਿ ਜਿਸ ਵੇਲੇ ਇਹ ਘਟਨਾ ਵਾਪਰੀ, ਉਸ ਸਮੇਂ ਉਥੋਂ ਕੋਈ ਰਾਹਗੀਰ ਜਾਂ ਵਾਹਨ ਨਹੀਂ ਲੰਘ ਰਿਹਾ ਸੀ, ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਅਗਰ ਨਗਰ ਡਿਵੀਜ਼ਨ ਦੇ ਐਸਡੀਓ ਰਮਨਪ੍ਰੀਤ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਨਾਲ ਸੰਬੰਧਿਤ ਇਲਾਕੇ ਦੇ ਜੇਈ ਅਤੇ ਹੋਰ ਕਰਮਚਾਰੀ ਵੀ ਮੌਜੂਦ ਰਹੇ। ਮੌਕਾ ਦੇਖਣ ਤੋਂ ਬਾਅਦ ਐਸਡੀਓ ਰਮਨਪ੍ਰੀਤ ਸਿੰਘ ਵੱਲੋਂ ਹੋਰਨਾਂ ਦਫਤਰਾਂ ਤੋਂ ਵੀ ਮੁਰੰਮਤ ਵਾਲਾ ਸਟਾਫ ਮੰਗਵਾਇਆ ਗਿਆ। ਵਿਭਾਗ ਵੱਲੋਂ ਖੰਭੇ ਲਗਾਉਣ ਲਈ ਦੇਰ ਸ਼ਾਮ ਤੱਕ ਕਰੇਨ ਦੀ ਉਡੀਕ ਕਰਨੀ ਪਈ। ਵਿਭਾਗ ਵੱਲੋਂ ਦੇਰ ਸ਼ਾਮ ਕਰੇਨ ਮੰਗਵਾ ਕੇ ਟੁੱਟੇ ਹੋਏ ਖੰਭਿਆਂ ਅਤੇ ਤਾਰਾਂ ਨੂੰ ਸੜਕ ਤੋਂ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਦੇ ਨਾਲ ਹੀ ਨਵੇਂ ਖੰਭੇ ਲਗਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਤਾਂ ਜੋ ਜਲਦ ਤੋਂ ਜਲਦ ਸੜਕ ਤੇ ਮੁੜ ਟ੍ਰੈਫਿਕ ਬਹਾਲ ਕੀਤੀ ਜਾ ਸਕੇ।
ਐਸਡੀਓ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਦਰੱਖਤ ਦੀ ਟਾਹਣਾ ਡਿੱਗਣ ਕਾਰਨ ਵਿਭਾਗ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀ ਲਗਾਤਾਰ ਮੁਰੰਮਤ ਦੇ ਕੰਮ ਵਿੱਚ ਜੁਟੇ ਹੋਏ ਹਨ ਅਤੇ ਜਲਦੀ ਹੀ ਪ੍ਰਵਾਭਿਤ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।