ਈ-ਚਲਾਨ ਸਿਸਟਮ ਲਾਗੂ, ਪਰ ਸੜਕਾਂ ‘ਤੇ ਨਿਯਮਾਂ ਲਈ ਢਾਂਚਾ ਕਮਜ਼ੋਰ

-ਲੁਧਿਆਣਾ ’ਚ ਟ੍ਰੈਫਿਕ ਪ੍ਰਬੰਧਨ ਦਾ ਦੋਹਰਾ ਚਿਹਰਾ ‘ਤਕਨੀਕ ਅੱਗੇ, ਢਾਂਚਾ ਪਿੱਛੇ’
-ਸਪੀਡ ਬੋਰਡਾਂ ਦੀ ਘਾਟ, ਮਿਟੀਆਂ ਜੈਬਰਾ ਕ੍ਰਾਸਿੰਗਾਂ ਲਾਈਨਾ ਅਤੇ ਪੈਦਲ ਯਾਤਰੀਆਂ ਲਈ ਅਸੁਰੱਖਿਅਤ ਸੜਕਾਂ
---
ਪ੍ਰਿੰਸ ਸ਼ਰਮਾ ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਵਿੱਚ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰਨ ਲਈ ਇੱਕ ਪਾਸੇ ਜਿੱਥੇ ਅਤਿ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਸੜਕਾਂ ’ਤੇ ਬੁਨਿਆਦੀ ਖਾਮੀਆਂ ਪ੍ਰਣਾਲੀ ਦੀ ਪ੍ਰਭਾਵਸ਼ੀਲਤਾ ’ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸਪੀਡ ਲਿਮਟ ਦੇ ਬੋਰਡ ਜਾਂ ਤਾਂ ਲੱਗੇ ਨਹੀਂ ਹੋਏ ਜਾਂ ਫਿਰ ਇੰਨੇ ਧੁੰਦਲੇ ਹੋ ਚੁੱਕੇ ਹਨ ਕਿ ਵਾਹਨ ਚਾਲਕਾਂ ਲਈ ਉਨ੍ਹਾਂ ਨੂੰ ਸਮਝਣਾ ਮੁਸ਼ਕਲ ਬਣ ਜਾਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਅਤੇ ਹਸਪਤਾਲਾਂ ਦੇ ਨੇੜੇ ਲੋੜੀਂਦੀਆਂ ਚੇਤਾਵਨੀ ਨਿਸ਼ਾਨੀਆਂ ਦੀ ਵੀ ਘਾਟ ਨਜ਼ਰ ਆ ਰਹੀ ਹੈ, ਜਿਸ ਨਾਲ ਹਾਦਸਿਆਂ ਦਾ ਖਤਰਾ ਵੱਧਦਾ ਹੈ।
ਜੇਕਰ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਚੌਂਕ ਵਿੱਚ ਵਾਹਨਾਂ ਦੇ ਰੁਕਣ ਲਈ ਲਗਾਈਆਂ ਗਈਆਂ ਲਾਈਨਾਂ ਟ੍ਰੈਫਿਕ ਲਾਈਟ ਵਾਲੇ ਪੋਲ ਤੋਂ ਅੱਗੇ ਲਗਾਈਆਂ ਹੋਈਆਂ ਹਨ। ਜਿਸ ਦੇ ਚੱਲਦੇ ਲਾਈਨਾਂ ਦੇ ਮੁਤਾਬਿਕ ਲਾਈਟਾਂ ਤੋਂ ਅੱਗੇ ਰੁਕਣ ਵਾਲੇ ਤਾਂ ਆਨ ਲਾਈਨ ਚਲਾਨ ਤੋਂ ਬਚ ਜਾਣਗੇ, ਪਰ ਇਨ੍ਹਾਂ ਦੇ ਪਿੱਛੇ ਰੁਕਣ ਵਾਲਿਆਂ ਤੇ ਕੈਮਰੇ ਦੀ ਨਜ਼ਰ ਜਰੂਰ ਪਵੇਗੀ ਜਿਸ ਨਾਲ ਉਨ੍ਹਾਂ ਲੋਕਾਂ ਦੇ ਚਲਾਨ ਹੋ ਸਕਦੇ ਹਨ। ਅਜਿਹੇ ਹੀ ਹਲਾਤ ਪੱਖੋਵਾਲ ਰੋਡ ਤੇ ਬਣੇ ਹੋਏ ਹਨ, ਜਿੱਥੇ ਕੈਮਰੇ ਹੀ ਦਰਖਤਾਂ ਦੇ ਪੱਤਿਆਂ ਵਿੱਚ ਲੁਕ ਚੁੱਕੇ ਹਨ। ਜਿਸ ਕਾਰਨ ਇਨ੍ਹਾਂ ਕੈਮਰਿਆਂ ਦਾ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ। ਸ਼ਹਿਰ ਦੀਆਂ ਸੜਕਾਂ ਤੇ ਪੈਦਲ ਚੱਲਣ ਵਾਲੇ ਯਾਤਰੀਆਂ ਲਈ ਬਣਾਈਆਂ ਗਈਆਂ ਜੈਬਰਾ ਕ੍ਰਾਸਿੰਗਾਂ ਵੀ ਕਈ ਥਾਵਾਂ ‘ਤੇ ਮਿਟ ਚੁੱਕੀਆਂ ਜਾਂ ਬਿਲਕੁਲ ਫਿੱਕੀਆਂ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਸੜਕ ਪਾਰ ਕਰਦਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਸੜਕਾਂ ਦੇ ਡਿਵਾਈਡਰਾਂ ‘ਤੇ ਪੈਦਲ ਰਾਹਗੀਰਾਂ ਲਈ ਢੁੱਕਵੇਂ ਰਸਤੇ ਨਾ ਹੋਣ ਕਾਰਨ ਲੋਕਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੜਕ ਪਾਰ ਕਰਨੀ ਪੈਂਦੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਲਾਜ਼ਮੀ ਹੈ, ਉੱਥੇ ਹੀ ਟ੍ਰੈਫਿਕ ਪੁਲਿਸ, ਨਗਰ ਨਿਗਮ ਅਤੇ ਸੰਬੰਧਤ ਵਿਭਾਗਾਂ ਵੱਲੋਂ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਵੀ ਉਨ੍ਹਾਂ ਹੀ ਜ਼ਰੂਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਦ ਤੱਕ ਸੜਕਾਂ ‘ਤੇ ਜ਼ਰੂਰੀ ਨਿਸ਼ਾਨੀਆਂ, ਕ੍ਰਾਸਿੰਗਾਂ ਅਤੇ ਪੈਦਲ ਚੱਲਣ ਲਈ ਸਹੂਲਤਾਂ ਠੀਕ ਨਹੀਂ ਕੀਤੀਆਂ ਜਾਂਦੀਆਂ, ਤਦ ਤੱਕ ਸਿਰਫ਼ ਚਲਾਨਾਂ ਦੇ ਆਧਾਰ ‘ਤੇ ਟ੍ਰੈਫਿਕ ਪ੍ਰਬੰਧਨ ਨੂੰ ਪੂਰੀ ਤਰ੍ਹਾਂ ਸੁਧਾਰਿਆ ਨਹੀਂ ਜਾ ਸਕਦਾ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਹਾਈਟੈਕ ਸੀਸੀਟੀਵੀ ਕੈਮਰਿਆਂ ਰਾਹੀਂ ਈ-ਚਲਾਨ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਦੇ ਸ਼ੁਰੂਆਤੀ ਨਤੀਜੇ ਵੀ ਸਾਹਮਣੇ ਆ ਰਹੇ ਹਨ। ਪੁਲਿਸ ਵੱਲੋਂ ਬਿਨ੍ਹਾਂ ਹੈਲਮੈਟ, ਬਿਨ੍ਹਾਂ ਸੀਟ ਬੈਲਟ, ਰੈੱਡ ਲਾਈਟ ਜੰਪ, ਟ੍ਰਿਪਲ ਰਾਈਡਿੰਗ ਅਤੇ ਗਲਤ ਸਾਈਡ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਵੱਡੀ ਗਿਣਤੀ ਵਿੱਚ ਚਲਾਨ ਜਾਰੀ ਕੀਤੇ ਜਾ ਰਹੇ ਹਨ। ਸ਼ਹਿਰ ਦੇ ਮੁੱਖ ਚੌਰਾਹਿਆਂ ‘ਤੇ ਲੱਗੇ ਅਤਿ ਆਧੁਨਿਕ ਕੈਮਰੇ ਅਤੇ ਬੁੱਧੀਮਾਨ ਪ੍ਰਣਾਲੀ ਰਾਹੀਂ ਟ੍ਰੈਫਿਕ ਉਲੰਘਣਾਵਾਂ ਦੀ ਪਹਿਚਾਣ ਕਰਕੇ ਆਪਣੇ ਆਪ ਈ-ਚਲਾਨ ਜਨਰੇਟ ਕੀਤੇ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਨਿਯਮਾਂ ਦੀ ਉਲੰਘਣਾ ਕਰਨ ਤੇ ਚਲਾਨ ਕਰਨ ਵਾਲਿਆਂ ਵੱਲੋਂ ਸੜਕਾਂ ਤੇ ਮਾਰਕਿੰਗ ਦਾ ਸੁਧਾਰ ਕਦੋਂ ਤੱਕ ਕੀਤਾ ਜਾਂਦਾ ਹੈ।