ਧਰਤੀ ਮਾਤਾ ਦੀ ਰੱਖਿਆ ਕਰਨ ਦੀ ਯਾਦ ਦਿਵਾਉਂਦੈ ਧਰਤੀ ਦਿਵਸ : ਸਾਧਵੀ ਰਜਨੀ ਭਾਰਤੀ
ਧਰਤੀ ਮਾਤਾ ਦੀ ਰੱਖਿਆ ਕਰਨ ਦੀ ਯਾਦ ਦਿਵਾਉਂਦੈ ਧਰਤੀ ਦਿਵਸ-ਸਾਧਵੀ ਰਜਨੀ ਭਾਰਤੀ
Publish Date: Sun, 26 Apr 2026 06:33 PM (IST)
Updated Date: Sun, 26 Apr 2026 06:37 PM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਕੈਲਾਸ਼ ਨਗਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਪ੍ਰਵਚਨ ਕਰਦੇ ਹੋਏ ਸਾਧਵੀ ਰਜਨੀ ਭਾਰਤੀ ਨੇ ਕਿਹਾ ਕਿ ਇਹ ਦਿਨ ਸਾਨੂੰ ਧਰਤੀ ਮਾਤਾ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਅਤੇ ਉਸਦੀ ਰੱਖਿਆ ਕਰਨ ਦਾ ਪ੍ਰਣ ਲੈਣ ਦੀ ਯਾਦ ਦਿਵਾਉਂਦਾ ਹੈ। ਪ੍ਰਿਥਵੀ ਹੀ ਇੱਕਮਾਤਰ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ। ਸਾਨੂੰ ਸ਼ੁੱਧ ਹਵਾ, ਸਾਫ਼ ਪਾਣੀ, ਉਪਜਾਊ ਜ਼ਮੀਨ ਅਤੇ ਅਣਗਿਣਤ ਕੁਦਰਤੀ ਸਾਧਨ ਇਸੇ ਤੋਂ ਹੀ ਪ੍ਰਾਪਤ ਹੁੰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਵਾਰਥ ਅਤੇ ਲਾਪਰਵਾਹੀ ਕਾਰਨ ਇਸੇ ਧਰਤੀ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਅੱਜ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਜਲਵਾਯੂ ਪਰਿਵਰਤਨ ਅਤੇ ਪਲਾਸਟਿਕ ਦੇ ਕੂੜੇ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਜੇਕਰ ਅਸੀਂ ਹੁਣ ਵੀ ਕਦਮ ਨਹੀਂ ਚੁੱਕੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਰੱਖਿਅਤ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਧਰਤੀ ਦੀ ਰੱਖਿਆ ਕਰਨਾ ਸਿਰਫ਼ ਸਰਕਾਰ ਜਾਂ ਕਿਸੇ ਸੰਗਠਨ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਸਾਡੇ ਸਾਰਿਆਂ ਦਾ ਫਰਜ਼ ਹੈ। ਉਨਾਂ ਦੱਸਿਆ ਕਿ ਅੱਜ ਮਨੁੱਖੀ ਸੋਚ ਬਣ ਗਈ ਹੈ: ਇਹ ਮੇਰਾ ਅਧਿਕਾਰ ਹੈ। ਇਹ ਪ੍ਰਾਪਤ ਕਰਨ ਤੋਂ ਮੈਨੂੰ ਕੋਈ ਰੋਕ ਨਹੀਂ ਸਕਦਾ। ਇਹ ਤਾਂ ਮੈਨੂੰ ਮਿਲਣਾ ਹੀ ਚਾਹੀਦਾ ਹੈ, ਇਹ ਕੁੱਝ ਪ੍ਰਤੀਕਿਰਿਆਵਾਂ ਹਨ ਜੋ ਸਾਡੇ ਵਿੱਚੋਂ ਲਗਪਗ ਹਰ ਵਿਅਕਤੀ ਦੇ ਹੀ ਬੈਠਦਾ ਹੈ। ਜਦੋਂ ਅਧਿਕਾਰਾਂ ਦੀ ਗੱਲ ਆਉਂਦੀ ਹੈ ਤਾਂ ਨਜ਼ਰੀਆ ਵੱਖਰਾ ਹੁੰਦਾ ਹੈ। ਜ਼ਿੰਮੇਵਾਰੀ ਦੀ ਗੱਲ ਆਉਂਦੇ ਹੀ, ਅਸੀਂ ਸੋਚਣਾ ਸ਼ੁਰੂ ਕਰਦੇ ਹਾਂ, ਕਿ ਦੇਖ ਲਵਾਂਗੇ ਕਰ ਲਵਾਂਗੇ, ਸਭ ਕੁੱਝ ਮੈਂ ਹੀ ਕਰਦਾ ਰਹਾਂਗਾ, ਕੁੱਝ ਇਹੋ ਜਿਹੀਆਂ ਪ੍ਰਤੀਕਿਰਿਆਵਾਂ ਸਾਡੇ ਸਭ ਦੀਆਂ ਹੀ ਰਹਿੰਦੀਆਂ ਹਨ। ਸ਼ਾਇਦ ਇਹੀ ਮਨੁੱਖ ਦੀ ਫਿਤਰਤ ਹੈ। ਅਸੀਂ ਬਦਲੇ ਵਿਚ ਕੁੱਝ ਕੀਤੇ ਬਿਨਾਂ ਆਪਣੇ ਅਧਿਕਾਰ ਪ੍ਰਾਪਤ ਕਰਦੇ ਰਹਿਣਾ ਚਾਹੁੰਦੇ ਹਾਂ। ਇਸ ਸੰਦਰਭ ਵਿੱਚ ਸਵਾਮੀ ਰਾਮਤੀਰਥ ਜੀ ਇੱਕ ਬਹੁਤ ਸੁੰਦਰ ਪ੍ਰੇਰਨਾ ਦਿੰਦੇ ਹਨ। ਆਪਣੇ ਅਧਿਕਾਰਾਂ ਦੀ ਰੱਖਿਆ ਲਈ ਮਨੁੱਖਾਂ ਨੂੰ ਪ੍ਰਕਿਰਤੀ ਮਾਂ ਪ੍ਰਤੀ ਆਪਣੇ ਫਰਜ਼ਾਂ ਨੂੰ ਵੀ ਨਿਭਾਉਣਾ ਚਾਹੀਦਾ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ, ਪਾਣੀ ਬਚਾਉਣਾ ਪਵੇਗਾ, ਪਲਾਸਟਿਕ ਦੀ ਘੱਟ ਵਰਤੋਂ ਕਰਨੀ ਪਵੇਗੀ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਕਰਨੀ ਪਵੇਗੀ। ਪ੍ਰੋਗਰਾਮ ਦੇ ਅੰਤ ਵਿਚ ਮੌਜੂਦ ਸੰਗਤ ਨੇ ਧਰਤੀ ਮਾਤਾ ਦੀ ਰੱਖਿਆ ਕਰਨ ਦਾ ਪ੍ਰਣ ਲਿਆ।