ਵਾਰਡ-40 ’ਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਬਣਾਈ ਰਣਨੀਤੀ
ਵਾਰਡ ਨੰਬਰ 40 ਵਿੱਚ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਨਵੀਂ ਰਣਨੀਤੀ ਬਣਾਈ
Publish Date: Wed, 29 Apr 2026 06:29 PM (IST)
Updated Date: Wed, 29 Apr 2026 06:31 PM (IST)

- ਬੈਂਸ ਵੱਲੋਂ ਵਰਕਰਾਂ ਨੂੰ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਵਿਧਾਨ ਸਭਾ ਹਲਕਾ ਆਤ ਨਗਰ ਦੇ ਵਾਰਡ ਨੰਬਰ 40 ਵਿਖੇ ਪ੍ਰਧਾਨ ਬਲਦੇਵ ਸਿੰਘ ਦੀ ਦੇਖ-ਰੇਖ ਹੇਠ ਸੰਗਠਨਾਤਮਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੀਟਿੰਗ ਦਾ ਮੁੱਖ ਉਦੇਸ਼ ਪਾਰਟੀ ਦੀਆਂ ਭਵਿੱਖੀ ਰਣਨੀਤੀਆਂ ਨੂੰ ਤੈਅ ਕਰਨਾ ਅਤੇ ਮੌਜੂਦਾ ਸਰਕਾਰ ਦੀਆਂ ਜਨਤਾ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨਾ ਸੀ। ਮੀਟਿੰਗ ਦੌਰਾਨ ਨਵ-ਨਿਯੁਕਤ ਬੀਐੱਲਏ-2 ਸਹਿਬਾਨ ਅਤੇ ਹੋਰ ਸੀਨੀਅਰ ਸਾਥੀਆਂ ਨਾਲ ਵਿਸ਼ੇਸ਼ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਂਸ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਾਰਟੀ ਦਾ ਅਸਲ ਸਰਮਾਇਆ ਉਸ ਦੇ ਮਿਹਨਤੀ ਵਰਕਰ ਹਨ। ਉਨ੍ਹਾਂ ਕਿਹਾ ਕਿ ਵਾਰਡ ਪੱਧਰ ’ਤੇ ਟੀਮਾਂ ਨੂੰ ਮਜ਼ਬੂਤ ਕਰ ਕੇ ਅਸੀਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਤੱਕ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾ ਸਕਾਂਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਗਠਨ ਦਾ ਹੋਰ ਵਿਸਤਾਰ ਕੀਤਾ ਜਾਵੇਗਾ। ਬੈਂਸ ਨੇ ਮੌਜੂਦਾ ਸਰਕਾਰ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਸੀਵਰੇਜ, ਪੀਣ ਵਾਲੇ ਸਾਫ਼ ਪਾਣੀ ਅਤੇ ਟੁੱਟੀਆਂ ਸੜਕਾਂ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜੋ ਵੱਡੇ-ਵੱਡੇ ਵਾਅਦੇ ਕੀਤੇ ਸਨ, ਉਹ ਸਿਰਫ਼ ਚੋਣ ਜੁਮਲੇ ਸਾਬਤ ਹੋਏ ਹਨ। ਮਹਿੰਗਾਈ ਤੇ ਬੇਰੁਜ਼ਗਾਰੀ ਨੇ ਆਮ ਆਦਮੀ ਦਾ ਲੱਕ ਤੋੜ ਦਿੱਤਾ ਹੈ। ਬੈਂਸ ਨੇ ਕਿਹਾ ਕਿ ਥਾਣਿਆਂ ਤੇ ਕਚਹਿਰੀਆਂ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਬਿਨਾਂ ਰਿਸ਼ਵਤ ਜਾਂ ਸਿਆਸੀ ਦਬਾਅ ਦੇ ਕੋਈ ਵੀ ਕੰਮ ਨਹੀਂ ਹੋ ਰਿਹਾ। ਬੈਂਸ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਮੈਦਾਨ ਵਿੱਚ ਨਿੱਤਰਨ ਅਤੇ ਹਰ ਘਰ ਤੱਕ ਪਹੁੰਚ ਕਰਕੇ ਸਰਕਾਰ ਦੀਆਂ ਨਾਕਾਮੀਆਂ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਅਸੀਂ ਜਨਤਾ ਦੇ ਹੱਕਾਂ ਲਈ ਲੜਾਈ ਜਾਰੀ ਰੱਖਾਂਗੇ ਅਤੇ ਸਰਕਾਰ ਨੂੰ ਜਵਾਬਦੇਹ ਬਣਾਵਾਂਗੇ। ਵਾਰਡ ਨੰਬਰ 40 ਦੇ ਵਿਕਾਸ ਕਾਰਜਾਂ ਵਿੱਚ ਖੜੋਤ ਬਾਰੇ ਬੋਲਦਿਆਂ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਬਦਲਾਖੋਰੀ ਵਾਲੀ ਰਾਜਨੀਤੀ ਕਾਰਨ ਵਿਰੋਧੀ ਧਿਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਨੂੰ ਜਾਣਬੁੱਝ ਕੇ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 40 ਵਾਸੀ ਇਸ ਵਿਤਕਰੇ ਦਾ ਜਵਾਬ ਸਮਾਂ ਆਉਣ ’ਤੇ ਜ਼ਰੂਰ ਦੇਣਗੇ। ਮੀਟਿੰਗ ਦੇ ਅਖੀਰ ਵਿੱਚ ਸਮੂਹ ਹਾਜ਼ਰੀਨ ਨੇ ਹੱਥ ਖੜ੍ਹੇ ਕਰ ਕੇ ਪਾਰਟੀ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਵੱਖ-ਵੱਖ ਇਕਾਈਆਂ ਦੇ ਮੁਖੀ ਅਤੇ ਬਲਦੇਵ ਸਿੰਘ ਪ੍ਰਧਾਨ, ਦਲਜੀਤ ਸਿੰਘ ਦਾਸੂਵਾਲ, ਹਰਦੀਪ ਸਿੰਘ ਸਾਜਨ, ਲਖਬੀਰ ਸਿੰਘ ਸੰਧੂ ਬਲਾਕ ਪ੍ਰਧਾਨ, ਪ੍ਰੀਤਮ ਸਿੰਘ, ਇੰਦਰਜੀਤ ਮੋਨੂੰ, ਮਲਕੀਤ ਸਿੰਘ ਝੱਜ, ਬਲਜਿੰਦਰ ਸਿੰਘ ਬਿੱਲੂ, ਕੁਲਜਿੰਦਰ ਸਿੰਘ ਬਿੱਟੀ, ਇੰਦਰਜੀਤ ਰਾਜਾਂ, ਲੱਕੀ, ਮਿੰਟੂ ਠਾਕਰ, ਅਮਰਪਾਲ ਸਿੰਘ ਬਿੱਲਾ, ਪ੍ਰਧਾਨ ਗੁਰਪਿਆਰ ਸਿੰਘ, ਪ੍ਰਕਾਸ਼ ਸਿੰਘ, ਦਵਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ, ਹਰਨੇਕ ਮਣਕੂ, ਕਰਤਾਰ ਸਿੰਘ ਆਦਿ ਹਾਜ਼ਰ ਸਨ।