ਤਿੰਨ ਹਫਤਿਆਂ ਬਾਅਦ ਐਮਜੇਕੇ ਨਗਰ ਦੇ ਘਰਾਂ ‘ਚ ਪੁੱਜਿਆ ਪੀਣ ਵਾਲਾ ਪਾਣੀ

ਖਬਰ ਦਾ ਅਸਰ : ਪੰਜਾਬੀ ਜਾਗਰਣ ਨੇ ਇਸ ਲੋਕ ਮਸਲੇ ਨੂੰ ਚੁੱਕਿਆ ਸੀ ਪ੍ਰਮੁੱਖਤਾ ਨਾਲ
---
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ
ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕੇ ਐਮਜੇਕੇ ਨਗਰ ਦੇ ਵਸਨੀਕਾਂ ਨੂੰ ਵੀਰਵਾਰ ਨੂੰ ਆਖਰ ਪਿਛਲੇ ਤਿੰਨ ਹਫਤਿਆਂ ਤੋਂ ਆ ਰਹੀ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਤੋਂ ਵੱਡੀ ਰਾਹਤ ਮਿਲ ਗਈ ਹੈ। ਪਾਣੀ ਦੀ ਕਿੱਲਤ ਨੂੰ ਲੈਕੇ ਇਲਾਕੇ ਦੇ ਲੋਕਾਂ ਵੱਲੋਂ ਵਾਰ ਵਾਰ ਨਗਰ ਨਿਗਮ ਦੇ ਓਐਂਡਐਮ ਸੈਲ ਦੇ ਅਧਿਕਾਰੀਆਂ ਸ਼ਿਕਾਇਤਾਂ ਕੀਤੀਆਂ ਗਈਆਂ, ਪਰ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਹੋਇਆ। ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬੀ ਜਾਗਰਣ ਦੀ ਟੀਮ ਦੇ ਧਿਆਨ ਵਿੱਚ ਆਇਆ। ਜਦੋਂ ਪੰਜਾਬੀ ਜਾਗਰਣ ਦੀ ਟੀਮ ਮੌਕੇ ’ਤੇ ਪਹੁੰਚੀ ਤਾਂ ਲੋਕਾਂ ਨੇ ਆਪਣੇ ਹਾਲਾਤ ਦੀ ਜਾਣਕਾਰੀ ਦੇਣ ਦੇ ਨਾਲ ਨਾਲ ਖਾਲੀ ਬਾਲਟੀਆਂ ਅਤੇ ਟੱਬਾਂ ਦੇ ਨਾਲ ਨਗਰ ਨਿਗਮ ਖਿਲਾਫ ਪ੍ਰਦਰਸ਼ਨ ਕੀਤਾ।
ਪੰਜਾਬੀ ਜਾਗਰਣ ਵੱਲੋਂ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਏ ਜਾਣ ਤੋਂ ਤੁਰੰਤ ਬਾਅਦ ਨਗਰ ਨਿਗਮ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਵੀਰਵਾਰ ਤੋਂ ਇਲਾਕੇ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਮੁੜ ਸ਼ੁਰੂ ਹੋ ਗਈ। ਪਾਣੀ ਆਉਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਨ੍ਹਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕਰਵਾਉਣ ਤੇ ਪੰਜਾਬੀ ਜਾਗਰਣ ਦਾ ਵਿਸ਼ੇਸ਼ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਐਮਜੇਕੇ ਨਗਰ ਦੇ ਲੋਕ ਪਿਛਲੇ ਤਿੰਨ ਹਫਤਿਆਂ ਤੋਂ ਪਾਣੀ ਦੀ ਸਮੱਸਿਆ ਨਾਲ ਬੁਰੀ ਤਰ੍ਹਾਂ ਜੂਝ ਰਹੇ ਸਨ। ਇਲਾਕੇ ਵਿੱਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਦੂਰ-ਦੂਰ ਤੋਂ ਪਾਣੀ ਲਿਆਉਣਾ ਪੈਂਦਾ ਸੀ। ਖਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਗਰਮੀ ਦੇ ਮੌਸਮ ਵਿੱਚ ਪਾਣੀ ਦੀ ਕਮੀ ਕਾਰਨ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਸੀ। ਇਸ ਮਾਮਲੇ ਦੀ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ ਅਤੇ ਖਰਾਬ ਪਾਈਪਲਾਈਨ ਅਤੇ ਤਕਨੀਕੀ ਖਾਮੀਆਂ ਨੂੰ ਠੀਕ ਕਰਨ ਲਈ ਟੀਮਾਂ ਮੌਕੇ ‘ਤੇ ਭੇਜੀਆਂ। ਲਗਾਤਾਰ ਚੱਲੇ ਮੁਰੰਮਤ ਕਾਰਜ ਤੋਂ ਬਾਅਦ ਸਵੇਰੇ ਇਲਾਕੇ ਵਿੱਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ।
ਸਵੇਰੇ ਜਦੋਂ ਘਰਾਂ ਦੇ ਨਲਕਿਆਂ ਵਿੱਚ ਪਾਣੀ ਆਇਆ ਤਾਂ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਸਾਫ਼ ਦਿਖਾਈ ਦਿੱਤੀ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਪੰਜਾਬੀ ਜਾਗਰਣ ਉਨ੍ਹਾਂ ਦੀ ਆਵਾਜ਼ ਨਾ ਬਣਦਾ ਤਾਂ ਸ਼ਾਇਦ ਤਿੰਨ ਹਫਤਿਆਂ ਦਾ ਸੁੱਤਾ ਨਗਰ ਨਿਗਮ ਪ੍ਰਸ਼ਾਸਨ ਇੰਨੀ ਜਲਦੀ ਨਾ ਜਾਗਦਾ। ਇਸ ਮੌਕੇ ਤੇ ਬੀਬੀ ਸੁਰਿੰਦਰ ਕੌਰ, ਗੁਰਮੀਤ ਕੌਰ, ਜਸਬੀਰ ਕੌਰ, ਕ੍ਰਿਸ਼ਨਾ, ਜਸਪ੍ਰੀਤ ਕੌਰ, ਮੰਜੂ, ਕਿਰਨ ਦੇਵੀ, ਆਸ਼ੂ, ਪਰਮਪ੍ਰੀਤ, ਅਮਨ, ਮੀਨਾ ਦੇਵੀ, ਰਾਜ ਰਾਣੀ, ਨੇਹਾ, ਪ੍ਰਵੀਨ ਸਮੇਤ ਹੋਰ ਕਈ ਇਲਾਕਾ ਨਿਵਾਸੀ ਹਾਜ਼ਰ ਸਨ।