ਪੀਣ ਵਾਲੇ ਪਾਣੀ ਦੀ ਸ਼ਰੇਆਮ ਹੋ ਰਹੀ ਬਰਬਾਦੀ, ਕਾਵਾਈ ਲਈ ਨਗਰ ਨਿਗਮ ਸ਼ਿਕਾਇਤਾਂ ਦੀ ਉਡੀਕ

-ਕਾਰਵਾਈ ਲਈ ਨਗਰ ਨਿਗਮ ਸ਼ਿਕਾਇਤਾਂ ਦੀ ਉਡੀਕ ’ਚ
-ਘਰਾਂ, ਦੁਕਾਨਾਂ ਅਤੇ ਸ਼ੌਅਰੂਮਾਂ ਦੇ ਫਰਸ਼ ਧੌਣ ਲਈ ਰੋਜ਼ਾਨਾ ਸਾਫ ਪਾਣੀ ਰੋੜਿਆ ਜਾ ਰਿਹਾ ਸੀਵਰੇਜ ’ਚ
---
ਬਰਾੜ, ਪੰਜਾਬੀ ਜਾਗਰਣ ਲੁਧਿਆਣਾ
ਇੱਕ ਪਾਸੇ ਜਿੱਥੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਲੋਕ ਪੀਣ ਵਾਲੇ ਸਾਫ ਪਾਣੀ ਲਈ ਤਰਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼ਹਿਰ ਅੰਦਰ ਵੱਡੇ ਪੱਧਰ ’ਤੇ ਸ਼ਰੇਆਮ ਪੀਣ ਵਾਲੇ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਘਰਾਂ ਦੇ ਬਾਹਰ ਗੱਡੀਆਂ ਧੋਣ ਤੋਂ ਲੈ ਕੇ ਸੜਕਾਂ, ਗਲੀਆਂ, ਦੁਕਾਨਾਂ ਅਤੇ ਕੋਠੀਆਂ ਦੇ ਵਿਹੜਿਆਂ ਦੀ ਧੁਲਾਈ ਤੱਕ ਲੋਕ ਧੜੱਲੇ ਨਾਲ ਪੀਣ ਵਾਲੇ ਪਾਣੀ ਦੀ ਵਰਤੋਂ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਨਗਰ ਨਿਗਮ ਵੱਲੋਂ ਜ਼ਮੀਨੀ ਪੱਧਰ ’ਤੇ ਕਾਰਵਾਈ ਨਾ ਦੇ ਬਰਾਬਰ ਦਿਖਾਈ ਦੇ ਰਹੀ ਹੈ।
ਸ਼ਹਿਰ ਵਿੱਚ ਵੱਧ ਰਹੀ ਗਰਮੀ ਕਾਰਨ ਕਈ ਇਲਾਕਿਆਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਕਮੀ ਬਣੀ ਹੋਈ ਹੈ। ਲੋਕਾਂ ਨੂੰ ਘੰਟਿਆਂ ਤੱਕ ਪਾਣੀ ਦੀ ਉਡੀਕ ਕਰਨੀ ਪੈਂਦੀ ਹੈ, ਪਰ ਦੂਜੇ ਪਾਸੇ ਅਮੀਰ ਇਲਾਕਿਆਂ ਅਤੇ ਕਈ ਰਿਹਾਇਸ਼ੀ ਕਾਲੋਨੀਆਂ ਵਿੱਚ ਪੀਣ ਵਾਲੇ ਪਾਣੀ ਨਾਲ ਗੱਡੀਆਂ ਧੋਣ ਅਤੇ ਘਰਾਂ ਦੀ ਸਫਾਈ ਆਮ ਗੱਲ ਬਣ ਚੁੱਕੀ ਹੈ। ਸਵੇਰੇ ਦੇ ਸਮੇਂ ਮਾਡਲ ਟਾਊਨ ਸਮੇਤ ਕਈ ਹੋਰ ਇਲਾਕਿਆਂ ਵਿੱਚ ਡਰਾਈਵਰ ਅਤੇ ਗੱਡੀਆਂ ਦੇ ਮਾਲਕ ਖੁੱਲ੍ਹੇਆਮ ਪਾਈਪਾਂ ਨਾਲ ਗੱਡੀਆਂ ਧੋਂਦੇ ਨਜ਼ਰ ਆ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਦੁਕਾਨਦਾਰ ਅਤੇ ਸ਼ੋਅਰੂਮ ਮਾਲਕ ਆਪਣੀਆਂ ਦੁਕਾਨਾਂ ਦੇ ਬਾਹਰ ਪਾਣੀ ਵਗਾ ਕੇ ਸਫਾਈ ਕਰਦੇ ਦਿਖਾਈ ਦਿੰਦੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਪਾਣੀ ਬਚਾਉਣ ਦੇ ਨਾਮ ’ਤੇ ਸਿਰਫ਼ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਨਗਰ ਨਿਗਮ ਵੱਲੋਂ ਵੱਖ-ਵੱਖ ਥਾਵਾਂ ’ਤੇ ਪਾਣੀ ਬਚਾਉਣ ਲਈ ਬੋਰਡ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਉਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਨਗਰ ਨਿਗਮ ਸਖ਼ਤੀ ਨਾਲ ਕਾਰਵਾਈ ਕਰੇ ਤਾਂ ਹੀ ਪਾਣੀ ਦੀ ਬਰਬਾਦੀ ਰੋਕੀ ਜਾ ਸਕਦੀ ਹੈ।
ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸਰਕਾਰੀ ਟੂਟੀਆਂ ਵੀ ਲਗਾਤਾਰ ਚੱਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ। ਇਸ ਕਾਰਨ ਰੋਜ਼ਾਨਾਂ ਹਜ਼ਾਰਾਂ ਲੀਟਰ ਪਾਣੀ ਬਿਨ੍ਹਾਂ ਵਰਤੋਂ ਦੇ ਹੀ ਸੀਵਰੇਜ ਵਿੱਚ ਵਹਿ ਜਾਂਦਾ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਨਹਿਰੀ ਪਾਣੀ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਪਰ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਬਾਦੀ ਉਨ੍ਹਾਂ ਦੇ ਉਪਰਾਲਿਆਂ ਤੇ ਵੀ ਪਾਣੀ ਫੇਰਦੀ ਨਜ਼ਰ ਆਉਦੀ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਦਫਤਰਾਂ ਵਿੱਚ ਬੈਠ ਕੇ ਪਾਣੀ ਦੀ ਬਰਵਾਦੀ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਲਈ ਸ਼ਿਕਾਇਤਾਂ ਦੀ ਉਡੀਕ ਕਰਦੇ ਹਨ। ਜੇਕਰ ਨਗਰ ਨਿਗਮ ਦੀਆਂ ਟੀਮਾਂ ਸਵੇਰੇ ਦੇ ਸਮੇਂ ਮੈਦਾਨ ਵਿੱਚ ਉਤਰਣ ਤਾਂ ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਆਸਾਨੀ ਨਾਲ ਫੜਿਆ ਜਾ ਸਕਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪਾਣੀ ਦੀ ਬਰਬਾਦੀ ਰੋਕਣ ਲਈ ਨਗਰ ਨਿਗਮ ਨੂੰ ਨਿਯਮਤ ਚੈਕਿੰਗ ਮੁਹਿੰਮ ਚਲਾਉਣੀ ਚਾਹੀਦੀ ਹੈ ਅਤੇ ਉਲੰਘਣਾ ਕਰਨ ਵਾਲਿਆਂ ’ਤੇ ਤੁਰੰਤ ਜੁਰਮਾਨੇ ਲਗਾਏ ਜਾਣੇ ਚਾਹੀਦੇ ਹਨ।
----
ਸਮੇਂ-ਸਮੇਂ ’ਤੇ ਕੀਤੀ ਜਾਂਦੀ ਹੈ ਚੈਕਿੰਗ
ਇਸ ਸਬੰਧੀ ਨਗਰ ਨਿਗਮ ਦੇ ਓਐਂਡਐਮ ਸੈਲ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਟੀਮਾਂ ਵੱਲੋਂ ਸਮੇਂ-ਸਮੇਂ ’ਤੇ ਵੱਖ ਵੱਖ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾਂਦੀ ਹੈ। ਹਿਸ ਦੌਰਾਨ ਟੀਮਾਂ ਨੂੰ ਜੇਕਰ ਕੋਈ ਵੀ ਵਿਅਕਤੀ ਪਾਣੀ ਦੀ ਦੁਰਵਰਤੋਂ ਕਰਦਾ ਮਿਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਲੰਘਣਾ ਮਿਲਣ ’ਤੇ ਪਹਿਲੀ ਵਾਰ 1000 ਰੁਪਏ, ਦੂਜੀ ਵਾਰ 3000 ਰੁਪਏ ਅਤੇ ਤੀਜੀ ਵਾਰ 5000 ਰੁਪਏ ਤੱਕ ਜੁਰਮਾਨਾ ਕੀਤਾ ਜਾਂਦਾ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਜਦ ਤੱਕ ਨਗਰ ਨਿਗਮ ਦੇ ਅਧਿਕਾਰੀ ਇਸ ਨੂੰ ਰੋਕਣ ਲਈ ਖੁਦ ਮੈਦਾਨ ਵਿੱਚ ਉਤਰ ਕੇ ਸਖ਼ਤੀ ਨਹੀਂ ਕਰੇਗਾ, ਤਦ ਤੱਕ ਪਾਣੀ ਦੀ ਇਹ ਬਰਬਾਦੀ ਰੁਕਣ ਵਾਲੀ ਨਹੀਂ।