ਜਿੰਦਗੀ ਦਾ ਅਹਿਮ ਸਰੋਤ ਪੀਣ ਵਾਲਾ ਪਾਣੀ ਹਰ ਰੋਜ਼ ਇਨਸਾਨੀ ਹੱਥਾਂ ਨਾਲ ਕੀਤਾ ਜਾ ਰਿਹਾ ਬਰਵਾਦ

-ਦੁਰਵਰਤੋਂ ਨਾਲ ਰੋਜ਼ਾਨਾਂ ਜਮੀਨ ਵਿੱਚੋਂ ਕੱਢਿਆ ਪਾਣੀ ਜਾ ਰਿਹਾ ਸੀਵਰੇਜ ’ਚ
---
ਬਰਾੜ, ਪੰਜਾਬੀ ਜਾਗਰਣ ਲੁਧਿਆਣਾ
ਜਿੰਦਗੀ ਜਿਊਣ ਲਈ ਪਾਣੀ ਇੱਕ ਅਹਿਮ ਕੁਦਰਤੀ ਸਰੋਤ ਹੈ, ਜਿਸ ਤੋ ਬਗੈਰ ਮਨੁੱਖ ਦੇ ਨਾਲ-ਨਾਲ ਪਸ਼ੂ, ਪੰਛੀ ਅਤੇ ਬਨਸਪਤੀ ਆਦਿ ਜਿਊਦੀ ਨਹੀਂ ਰਹਿ ਸਕਦੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਨੁੱਖ ਆਪਣੇ ਹੱਥੀਂ ਇਸ ਅਹਿਮ ਕੁਦਰਤੀ ਸਰੋਤ ਨੂੰ ਆਪਣੇ ਹੱਥੀਂ ਬਰਵਾਦ ਅਤੇ ਜ਼ਹਿਰੀਲਾ ਕਰ ਰਿਹਾ ਹੈ। ਮਹਾਨਗਰ ਲੁਧਿਆਣਾ ਉਦਯੋਗਿਕ ਜ਼ਿਲ੍ਹਾ ਹੋਣ ਕਰਕੇ ਇੱਥੇ ਘਰ-ਘਰ ਫੈਕਟਰੀਆਂ ਲੱਗੀਆਂ ਹੋਈਆਂ ਹਨ। ਉਨ੍ਹਾਂ ਫੈਕਟਰੀਆਂ ਵਿੱਚ ਜਿੱਥੇ ਮਾਲ ਨੂੰ ਧੋਅ ਕੇ ਤਿਆਰ ਕਰਨ ਲਈ ਪਾਣੀ ਦੀ ਵੱਡੀ ਪੱਧਰ ਤੇ ਬਰਬਾਦੀ ਕੀਤੀ ਜਾ ਰਹੀ ਹੈ, ਉਥੇ ਹੀ ਵੱਡੀ ਪੱਧਰ ਤੇ ਕੁਝ ਫੈਕਟਰੀਆਂ ਵਿੱਚ ਕੈਮੀਕਲ ਅਤੇ ਤੇਜਾਬ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਜਾਂ ਤਾਂ ਇਹ ਜ਼ਹਿਰੀਲਾ ਹੋਇਆ ਪਾਣੀ ਧਰਤੀ ਦੀ ਹਿੱਕ ਵਿੱਚ ਪਾਇਆ ਜਾਂਦਾ ਹੈ ਜਾਂ ਫਿਰ ਸੀਵਰੇਜ ਦੀ ਜਰੀਏ ਬੁੱਢਾ ਦਰਿਆ ਵਿੱਚ ਰੋੜਿਆ ਜਾ ਰਿਹਾ ਹੈ। ਜਿਸ ਕਰਕੇ ਧਰਤੀ ਹੇਠਲਾ ਪਾਣੀ ਜਿੱਥੇ ਦਿਨੋ ਦਿਨ ਡੂੰਘਾ ਹੋ ਰਿਹਾ ਹੈ, ਉਥੇ ਨਾਲ ਹੀ ਪੀਣ ਯੋਗ ਵੀ ਨਹੀਂ ਰਿਹਾ ਹੈ। ਪਾਣੀ ਨੂੰ ਪੀਣ ਯੋਗ ਬਣਾਉਣ ਲਈ ਮਹਾਨਗਰ ਦੇ ਘਰ-ਘਰ ਵਿੱਚ ਆਰੋ ਸਿਸਟਮ ਲੱਗ ਰਹੇ ਹਨ, ਜਿਸ ਰਾਹੀਂ ਹਜ਼ਾਰਾਂ ਨਹੀਂ ਬਲਕਿ ਲੱਖਾਂ ਲੀਟਰ ਪਾਣੀ ਹਰ ਰੋਜ਼ ਬਰਬਾਦ ਕਰਕੇ ਸੀਵਰੇਜ਼ ਆਦਿ ਵਿੱਚ ਪਾਇਆ ਜਾ ਰਿਹਾ ਹੈ। ਪੀਣ ਵਾਲੇ ਪਾਣੀ ਨੂੰ ਬੋਤਲਾਂ ਆਦਿ ਵਿੱਚ ਪੈਕ ਕਰਨ ਲਈ ਜ਼ਿਲ੍ਹੇ ਭਰ ਵਿੱਚ ਲੱਗੀਆਂ ਫੈਕਟਰੀਆਂ ਵਿੱਚ ਲੱਗੇ ਵੱਡੇ ਆਰੋ ਸਿਸਟਮ ਰਾਹੀਂ ਵੀ ਹਰ ਰੋਜ਼ ਲੱਖਾਂ ਲੀਟਰ ਪਾਣੀ ਬਰਬਾਦ ਕੀਤਾ ਜਾ ਰਿਹਾ ਹੈ। ਜਿਸ ਵੱਲ ਪ੍ਰਸ਼ਾਸਨ ਖਾਸ ਤੌਰ ਤੇ ਨਗਰ ਨਿਗਮ ਅਧਿਕਾਰੀਆਂ ਦਾ ਉਕਾ ਹੀ ਧਿਆਨ ਨਹੀਂ ਜਾ ਰਿਹਾ, ਦੂਸਰੇ ਪਾਸੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਣੀ ਨੂੰ ਬਚਾਉਣ ਲਈ ਲੱਖਾਂ ਰੁਪਏ ਦੇ ਇਸਹਿਤਾਰ ਦੇ ਰਿਹਾ ਹੈ। ਜਿਸ ਦਾ ਪੀਣ ਵਾਲੇ ਪਾਣੀ ਨੂੰ ਬਰਵਾਦ ਕਰਨ ਵਾਲੇ ਲੋਕਾਂ ਤੇ ਭੋਰਾ ਵੀ ਅਸਰ ਨਹੀਂ ਹੋ ਰਿਹਾ। ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀ ਇਸ ਕੁਦਰਤੀ ਸਰੋਤ ਨੂੰ ਆਪਣੀ ਅੱਖੀ ਬਰਬਾਦ ਹੁੰਦਾ ਦੇਖ ਰਹੇ ਹਨ, ਉਥੇ ਹੀ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮੁੜ ਰਿਹਾ। ਸਿੱਧਵਾਂ ਨਹਿਰ ਵਿੱਚ ਆਮ ਲੋਕਾਂ ਵੱਲੋ ਸੁੱਟੀ ਜਾਂ ਰਹੀ ਪਾਠ ਆਦਿ ਸਮਗਰੀ ਰੋਕਣ ਲਈ ਨਿਗਮ ਅਧਿਕਾਰੀਆਂ ਨੇ ਕੁਝ ਦਿਨ ਤਾਂ ਸਖ਼ਤੀ ਦਿਖਾਈ, ਪਰ ਪਰਨਾਲਾ ਫਿਰ ਉਥੇ ਦਾ ਉਥੇ ਖੜਾ ਨਜ਼ਰ ਆ ਰਿਹਾ ਹੈ। ਨਹਿਰ ਬੰਦ ਹੋਣ ਕਰਕੇ ਖੜੇ ਪਾਣੀ ਵਿੱਚ ਮਾਰ ਰਹੀ ਗੰਦੀ ਬਦਬੂ ਹੁਣ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਹਲਾਤਾਂ ਨੂੰ ਦੇਖਦੇ ਹੋਏ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਾਬਦੀ ਤੋਂ ਪ੍ਰਸ਼ਾਸਨ ਬੇਧਿਆਨ ਨਜ਼ਰ ਆ ਰਿਹਾ ਹੈ। ਸਾਫ਼ ਪਾਣੀ ਨਾਲ ਘਰਾਂ ਦੇ ਵਿਹੜੇ ਅਤੇ ਗੱਡੀਆਂ ਧੋਤੀਆਂ ਜਾਂ ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਨਵੇਂ ਟਿਊਬਵੈਲ ਲਗਾਉਣ ਅਤੇ ਸਮਰਸੀਬਲ ਪੰਪਾਂ ਨੂੰ ਤਾਂ ਮੰਨਜੂਰੀ ਦਿੱਤੀ ਜਾ ਰਹੀ ਹੈ, ਪਰ ਬਾਅਦ ਵਿੱਚ ਉਸ ਦੀ ਹੋ ਰਹੀ ਵਰਤੋਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਉਧਰ ਵੱਧ ਰਹੀ ਗਰਮੀ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਦੀ ਕਮੀ ਆ ਰਹੀ ਹੈ ਅਤੇ ਦੂਸਰੇ ਪਾਸੇ ਕਈ ਅਮੀਰ ਘਰਾਣਿਆਂ ਵੱਲੋਂ ਨਗਰ ਨਿਗਮ ਅਧਿਕਾਰੀਆਂ ਦੀ ਪ੍ਰਵਾਹ ਕੀਤੇ ਬਗੈਰ ਧੜੱਲੇ ਨਾਲ ਘਰਾਂ, ਸ਼ੋਅਰੂਮਾਂ ਦੇ ਵਿਹੜੇ ਅਤੇ ਗੱਡੀਆਂ ਧੋਤੀਆਂ ਜਾਂ ਰਹੀਆਂ ਹਨ। ਸ਼ਹਿਰ ਦੇ ਕਈ ਪੌਸ਼ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਖੁੱਲ੍ਹੇਆਮ ਪਾਈਪਾਂ ਨਾਲ ਗੱਡੀਆਂ ਧੋਂਦੇ ਆਮ ਦੇਖੇ ਜਾ ਸਕਦੇ ਹਨ। ਜਿਸ ਨਾਲ ਨਗਰ ਨਿਗਮ ਵੱਲੋਂ ਪਾਣੀ ਨੂੰ ਬਚਾਉਣ ਲਈ ਜੋ ਬੋਰਡ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਕੋਈ ਖਾਸ ਅਸਰ ਦਿਖਾਈ ਨਹੀਂ ਦੇ ਰਿਹਾ।
---
ਪਾਣੀ ਦੀ ਬਰਬਾਦੀ ਕਰਨ ਵਾਲੇ ਨੂੰ ਹੋ ਸਕਦਾ 5 ਹਜ਼ਾਰ ਰੁਪਏ ਜੁਰਮਾਨਾ : ਅਧਿਕਾਰੀ
ਇਸ ਸਬੰਧੀ ਨਗਰ ਨਿਗਮ ਦੇ ਓਐਂਡਐਮ ਸੈਲ ਦੇ ਨਿਗਰਾਨ ਇੰਜੀਨੀਅਰ ਏਕਜੋਤ ਸਿੰਘ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਵੱਖ ਵੱਖ ਇਲਾਕਿਆਂ ਵਿੱਚ ਚੈਕਿੰਗ ਕੀਤੀ ਜਾਂਦੀ ਹੈ। ਜੇਕਰ ਕੋਈ ਵੀ ਵਿਅਕਤੀ ਪਾਣੀ ਦੀ ਦੁਰਵਰਤੋਂ ਕਰਦਾ ਮਿਲਦਾ ਹੈ ਤਾਂ ਉਸ ਖਿਲਾਫ ਚਲਾਨ ਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਾਣੀ ਵਾਰ ਵਾਰ ਬਰਵਾਦੀ ਕਰਨ ਵਾਲੇ ਤੇ 5000 ਰੁਪਏ ਤੱਕ ਜੁਰਮਾਨਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਵੱਲੋਂ ਟੀਮਾਂ ਬਣਾਕੇ ਸ਼ਹਿਰ ਵਿੱਚ ਚੈਕਿੰਗ ਕਰਵਾਈ ਜਾਵੇਗੀ ਤੇ ਪਾਣੀ ਦੀ ਬਰਵਾਦੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।