ਤੇਜ਼ ਗਰਮੀ ’ਚ ਤਰਲ ਪਦਾਰਥਾਂ ਦਾ ਸੇਵਨ ਸਰੀਰ ਲਈ ਜ਼ਰੂਰੀ : ਡਾ. ਸਤੀਸ਼ ਕੁਮਾਰ
ਤੇਜ਼ ਗਰਮੀ ਵਿੱਚ ਤਰਲ ਪਦਾਰਥਾਂ ਦਾ ਸੇਵਨ ਸਰੀਰ ਲਈ ਜਰੂਰੀ- ਡਾ. ਸਤੀਸ਼ ਕੁਮਾਰ
Publish Date: Fri, 22 May 2026 08:04 PM (IST)
Updated Date: Fri, 22 May 2026 08:07 PM (IST)

ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ਗਰਮੀ ਅਤੇ ਲੂ ਦੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧਦੇ ਕਹਿਰ ਨੂੰ ਦੇਖਦਿਆਂ ਸ਼ਹਿਰ ਦੇ ਸੀਨੀਅਰ ਇਲੈਕਟ੍ਰੋ ਹੋਮਿਓਪੈਥ ਚਿਕਿਤਸਕ ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਇਸ ਤੇਜ਼ ਗਰਮੀ ਦੇ ਮੌਸਮ ਵਿੱਚ ਥੋੜ੍ਹੀ ਜਿਹੀ ਲਾਪ੍ਰਵਾਹੀ ਵੀ ਸਿਹਤ ’ਤੇ ਗੰਭੀਰ ਅਸਰ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗਰਮੀ ਤੋਂ ਬਚਾਅ ਲਈ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕਰੋ। ਉਨ੍ਹਾਂ ਦੱਸਿਆ ਕਿ ਸਰੀਰ ਦਾ ਤਾਪਮਾਨ ਸੰਤੁਲਿਤ ਬਣਾਈ ਰੱਖਣ ਲਈ ਸਾਧਾਰਣ ਪਾਣੀ, ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ, ਜੂਸ ਅਤੇ ਓਆਰਐੱਸ ਦਾ ਘੋਲ ਬਹੁਤ ਲਾਭਕਾਰੀ ਹੈ। ਦੁਪਹਿਰ 12 ਵਜੇ ਤੋਂ 4 ਵਜੇ ਤੱਕ ਧੁੱਪ ਦਾ ਪ੍ਰਭਾਵ ਸਭ ਤੋਂ ਵੱਧ ਹੁੰਦਾ ਹੈ, ਇਸ ਲਈ ਇਸ ਸਮੇਂ ਬਿਨਾਂ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ। ਡਾ. ਸਤੀਸ਼ ਕੁਮਾਰ ਨੇ ਕਿਹਾ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਉਨ੍ਹਾਂ ’ਤੇ ਗਰਮੀ ਦਾ ਅਸਰ ਜ਼ਿਆਦਾ ਤੇਜ਼ੀ ਨਾਲ ਹੁੰਦਾ ਹੈ। ਨਵਜਾਤ ਬੱਚੇ, ਗਰਭਵਤੀ ਔਰਤਾਂ, ਖੇਤਾਂ ਅਤੇ ਨਿਰਮਾਣ ਸਥਲਾਂ ’ਤੇ ਕੰਮ ਕਰਨ ਵਾਲੇ ਮਜ਼ਦੂਰ, ਕਿਸਾਨ, ਫੁੱਟਪਾਥਾਂ ’ਤੇ ਰਹਿਣ ਵਾਲੇ ਲੋਕ, ਦਿਲ ਦੀ ਬਿਮਾਰੀ ਅਤੇ ਉੱਚ ਰਕਤਚਾਪ ਤੋਂ ਪੀੜਤ ਮਰੀਜ਼ ਅਤੇ ਮੋਟਾਪੇ ਨਾਲ ਪੀੜਤ ਲੋਕ ਲੂ ਅਤੇ ਗਰਮੀ ਦੀ ਚਪੇਟ ਵਿੱਚ ਜਲਦੀ ਆ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਘਰ ਨੂੰ ਠੰਢਾ ਰੱਖੋ, ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ, ਬਾਹਰ ਨਿਕਲਦੇ ਸਮੇਂ ਸਿਰ ਨੂੰ ਢੱਕ ਕੇ ਰੱਖੋ ਅਤੇ ਧੁੱਪ ਵਾਲਾ ਚਸ਼ਮਾ ਵਰਤੋਂ। ਉਨ੍ਹਾਂ ਕਿਹਾ ਕਿ ਹਰ ਅੱਧੇ ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਹੈ ਅਤੇ ਬਾਹਰ ਜਾਂਦੇ ਸਮੇਂ ਪਾਣੀ ਦੀ ਬੋਤਲ ਨਾਲ ਲੈ ਕੇ ਜਾਓ। ਤਲਿਆ ਹੋਇਆ, ਬਾਸੀ ਅਤੇ ਬਾਹਰ ਦਾ ਖਾਣਾ ਖਾਣ ਤੋਂ ਬਚੋ। ਤੇਜ਼ ਧੁੱਪ ਵਿੱਚ ਵੱਧ ਸਰੀਰਕ ਮਿਹਨਤ ਨਾ ਕਰੋ, ਸ਼ਰਾਬ, ਚਾਹ ਅਤੇ ਕਾਫੀ ਦਾ ਸੇਵਨ ਘੱਟ ਕਰੋ ਅਤੇ ਬੱਚਿਆਂ ਅਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨਾਂ ਵਿੱਚ ਇਕੱਲਾ ਨਾ ਛੱਡੋ। ਉਨ੍ਹਾਂ ਕਿਹਾ ਕਿ ਗਰਮੀ ਨਾਲ ਸਬੰਧਿਤ ਕਿਸੇ ਵੀ ਸਿਹਤ ਸਮੱਸਿਆ ਹੋਣ ’ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।