ਡਾ. ਸ਼ੀਤਲ ਥਾਪਰ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਨਿਯੁਕਤ

ਡਾ. ਥਾਪਰ ਨੇ 1998 ’ਚ ਸਹਾਇਕ ਪ੍ਰੋਫੈਸਰ ਵਜੋਂ ਸ਼ੁਰੂ ਕੀਤਾ ਸੀ ਆਪਣਾ ਕਾਰਜ ਸਫ਼ਰ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ ’ਚ ਪੱਤਰਕਾਰੀ ਦੇ ਪ੍ਰੋਫੈਸਰ ਡਾ. ਸ਼ੀਤਲ ਥਾਪਰ ਨੂੰ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਮੁਖੀ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਵਾਈਸ-ਚਾਂਸਲਰ ਦਫ਼ਤਰ ਵਿਖੇ ਨੋਡਲ ਅਫਸਰ, ਕੰਟੈਂਟ ਓਪਰੇਸ਼ਨਜ਼ ਵਜੋਂ ਸੇਵਾ ਨਿਭਾ ਰਹੇ ਅਤੇ ਸਿਵਲ ਸੇਵਾਵਾਂ ਲਈ ਰਾਜ ਸਿਖਲਾਈ ਕੇਂਦਰ ਦੇ ਆਨਰੇਰੀ ਨਿਰਦੇਸ਼ਕ ਡਾ. ਥਾਪਰ ਨੇ 1998 ਵਿੱਚ ਪੀਏਯੂ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਆਪਣਾ ਕਾਰਜ ਸਫ਼ਰ ਸ਼ੁਰੂ ਕੀਤਾ। 2013 ਵਿੱਚ ਪ੍ਰੋਫੈਸਰ ਦੇ ਅਹੁਦੇ 'ਤੇ ਬਿਰਾਜਮਾਨ ਹੋਏ ਡਾ ਸ਼ੀਤਲ ਥਾਪਰ ਵੱਕਾਰੀ ਸੇਂਟ ਬੇਡੇਜ਼ ਕਾਲਜ, ਸ਼ਿਮਲਾ ਦੇ ਸਾਬਕਾ ਵਿਦਿਆਰਥੀ ਰਹੇ। ਉਨ੍ਹਾਂ ਪੀਏਯੂ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਵਿੱਚ ਮਾਸਟਰਜ਼ ਅਤੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਪੱਤਰਕਾਰੀ ਵਿੱਚ ਡਾਕਟਰੇਟ ਪ੍ਰਾਪਤ ਕੀਤੀ। ਉੱਘੇ ਅਕਾਦਮਿਕ ਮਾਹਿਰ ਡਾ. ਥਾਪਰ ਨੇ ਆਪਣੀਆਂ ਵਿਦਿਅਕ ਪ੍ਰਾਪਤੀਆਂ ਦੀ ਸ਼ਾਨਦਾਰ ਕਾਰਕਰਦਗੀ ਵਜੋਂ ਦਸਵੀਂ ਜਮਾਤ ਵਿੱਚ ਵਿਸ਼ੇਸ਼ ਮਾਣ ਪ੍ਰਾਪਤ ਕੀਤਾ, ਸੇਂਟ ਬੇਡੇਜ਼ ਵਿਖੇ ਆਪਣੀ ਗ੍ਰੈਜੂਏਸ਼ਨ ਦੌਰਾਨ ਮੈਰਿਟ ਪੁਜ਼ੀਸ਼ਨ ਪ੍ਰਾਪਤ ਕੀਤੀ ਅਤੇ ਪੀਏਯੂ ਵਿਖੇ ਆਪਣੀ ਪੋਸਟ ਗ੍ਰੈਜੂਏਟ ਪੜ੍ਹਾਈ ਵਿੱਚ ਅਕਾਦਮਿਕ ਰੋਲ ਆਫ਼ ਆਨਰ ਦਾ ਸਤਿਕਾਰਯੋਗ ਮੁਕਾਮ ਪ੍ਰਾਪਤ ਕੀਤਾ।
. ਸ਼ੀਤਲ ਥਾਪਰ ਦੀਆਂ ਸ਼ਲਾਘਾਯੋਗ ਪ੍ਰਾਪਤੀਆਂ ਨੂੰ ਅਕਾਦਮਿਕ ਖੇਤਰ ਤੋਂ ਅਗੇਰੇ ਵੀ ਮਾਨਤਾ ਹਾਸਿਲ ਹੋਈ ਹੈ। ਰੋਟਰੀ ਇੰਟਰਨੈਸ਼ਨਲ ਦੁਆਰਾ 2000 ਵਿੱਚ ਉਨ੍ਹਾਂ ਨੂੰ ਸੱਭਿਆਚਾਰ ਅਤੇ ਸਦਭਾਵਨਾ ਦੇ ਰਾਜਦੂਤ ਦੇ ਵੱਕਾਰੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਿੱਖਿਆ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਲਈ ਵਿਸ਼ੇਸ਼ 'ਨਾਰੀ ਪੁਰਸਕਾਰ ' ਨਾਲ ਸਨਮਾਨਿਤ ਕੀਤਾ। ਅਧਿਆਪਨ, ਖੋਜ ਅਤੇ ਵਿਸਥਾਰ ਵਿੱਚ 27 ਸਾਲਾਂ ਤੋਂ ਵੱਧ ਦੇ ਵਿਆਪਕ ਤਜਰਬਾ ਰੱਖਣ ਵਾਲੇ ਡਾ. ਥਾਪਰ ਨੇ 27 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਖੋਜ ਅਗਵਾਈ ਕੀਤੀ । ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਵਿੱਚ ਡਿਜੀਟਲ ਮੀਡੀਆ ਵਰਤੋਂ 'ਤੇ ਕੇਂਦ੍ਰਿਤ ਆਈਸੀਐੱਸਐੱਸਆਰ ਪ੍ਰਾਯੋਜਿਤ ਖੋਜ ਪ੍ਰੋਜੈਕਟ ਨੂੰ ਸਫਲਤਾਪੂਰਵਕ ਪੂਰਾ ਕੀਤਾ। ਉਨ੍ਹਾਂ ਦੇ ਚਿੰਤਨੀ ਕਾਰਜ ਵਿੱਚ ਅੱਠ ਕਿਤਾਬਾਂ, ਦੋ ਜੀਵਨੀਆਂ, ਯਾਦਗਾਰੀ ਚਿੰਨ੍ਹ, 26 ਖੋਜ ਪੱਤਰ ਅਤੇ ਅਕਾਦਮਿਕ ਪ੍ਰਸੰਗਿਕਤਾ ਦੇ ਕਈ ਲੇਖ ਸ਼ਾਮਲ ਹਨ। ਉਨ੍ਹਾਂ ਦੀ ਮੁਹਾਰਤ ਦੇ ਖੇਤਰਾਂ ਵਿੱਚ ਪ੍ਰਿੰਟ ਅਤੇ ਆਨਲਾਈਨ ਪੱਤਰਕਾਰੀ, ਕਾਰਪੋਰੇਟ ਸੰਚਾਰ, ਵਿਕਾਸ ਸੰਚਾਰ, ਮੀਡੀਆ ਕਾਨੂੰਨ ਅਤੇ ਸੰਚਾਰ ਸਿਧਾਂਤ ਸ਼ਾਮਲ ਹਨ। ਨਿਪੁੰਨ ਸੰਪਾਦਕ ਵਜੋਂ ਉਨ੍ਹਾਂ ਨੇ ਪੀਏਯੂ ਦੇ ਪ੍ਰਕਾਸ਼ਨਾਂ ਦੇ ਮਿਆਰ , ਨਜ਼ਰੀਏ ਅਤੇ ਪ੍ਰਭਾਵ ਨੂੰ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਨਾਲ ਹੀ ਉਨ੍ਹਾਂ ਵੱਲੋਂ ਉੱਭਰ ਰਹੇ ਲੇਖਕਾਂ ਨੂੰ ਸਲਾਹ ਅਤੇ ਅਗਵਾਈ ਨਾਲ ਵੀ ਨਿਵਾਜ਼ਿਆ ਗਿਆ। ਡਾ. ਥਾਪਰ ਨੇ ਬੀਤੇ ਸਾਲਾਂ ਵਿੱਚ ਇਸੇ ਵਿਭਾਗ ਦੀ ਮੁੜ ਸੁਰਜੀਤੀ ਲਈ ਬੇਹੱਦ ਨਿੱਠ ਕੇ ਸੰਜੀਦਾ ਯਤਨ ਅੰਜਾਮ ਦਿੱਤੇ। ਇਸੇ ਦਾ ਸਦਕਾ ਪੱਤਰਕਾਰੀ ਖੇਤਰ ਵਿਚ ਵਿਭਾਗ ਦੀ ਸਾਖ਼ ਬਹਾਲੀ ਦੇਖੀ ਗਈ। ਖੇਤੀਬਾੜੀ ਵਿਸਥਾਰ, ਮੀਡੀਆ ਨੈਤਿਕਤਾ ਅਤੇ ਸੰਚਾਰ ਪ੍ਰਤੀ ਉਨ੍ਹਾਂ ਦੇ ਸਮਰਪਣ ਲਈ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੀ ਨਿਯੁਕਤੀ ਵਿਭਾਗ ਦੇ ਅਕਾਦਮਿਕ ਅਤੇ ਪੇਸ਼ੇਵਰ ਰੁਤਬੇ ਨੂੰ ਹੋਰ ਉੱਚਾ ਚੁੱਕਣ ਲਈ ਬੇਹੱਦ ਅਹਿਮ ਗਿਣੀ ਜਾ ਰਹੀ ਹੈ।