ਡਾ. ਰਵੀ ਯਾਦਗਾਰੀ ਸਮਾਗਮ ਕਰਵਾਇਆ
ਡਾ. ਰਵੀ ਯਾਦਗਾਰੀ ਸਮਾਗਮ ਕਰਵਾਇਆ
Publish Date: Mon, 18 May 2026 07:11 PM (IST)
Updated Date: Tue, 19 May 2026 04:10 AM (IST)

ਬਲਵਿੰਦਰ ਸਿੰਘ ਮਹਿਮੀ, ਪੰਜਾਬੀ ਜਾਗਰਣ, ਰਾੜਾ ਸਾਹਿਬ : ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਵੱਲੋਂ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਅਤੇ ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪਰਲੇਸ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿਰਸਾ ਅਤੇ ਪ੍ਰਧਾਨਗੀ ਮੰਡਲ ਵਿਚ ਮੁੱਖ ਬੁਲਾਰੇ ਵਜੋਂ ਡਾ. ਸਰਬਜੀਤ ਸਿੰਘ, ਪਰਲੇਸ ਪੰਜਾਬ ਦੇ ਪ੍ਰਧਾਨ ਡਾ ਸੁਰਜੀਤ ਜੱਜ ਅਤੇ ਪ੍ਰਧਾਨ ਇਕਾਈ ਲੁਧਿਆਣਾ ਡਾ. ਗੁਲਜ਼ਾਰ ਸਿੰਘ ਪੰਧੇਰ, ਸਰਪੰਚ ਬਲਜੀਤ ਸਿੰਘ ਕਿਲਾ ਹਾਂਸ, ਜਨਰਲ ਸਕੱਤਰ ਜਸਵੀਰ ਝੱਜ ਤੇ ਸਥਾਨਕ ਕਾਲਜ ਵੱਲੋਂ ਪ੍ਰੋ. ਇੰਦਰਪਾਲ ਸਿੰਘ ਸ਼ਾਮਲ ਹੋਏ। ਪ੍ਰੋਫੈਸਰ ਸੁਰਜੀਤ ਜੱਜ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਤੇ ਡਾ. ਰਵੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਸਰਬਜੀਤ ਸਿੰਘ ਨੇ ਆਪਣੇ ਮੁੱਖ ਭਾਸ਼ਣ ਡਾ. ਰਵੀ ਚਿੰਤਨ ਅਤੇ ਪ੍ਰਸੰਗਿਕਤਾ ਵਿਚ ਵਿਸਥਾਰ ਸਾਹਿਤ ਚਰਚਾ ਕਰਦਿਆਂ ਕਿਹਾ ਕਿ ਡਾ. ਰਵੀ ਦਾ ਮੁੱਖ ਚਿੰਤਨ ਸਾਹਿਤ, ਧਰਮ ਅਤੇ ਰਾਜਨੀਤੀ ਦੀ ਮਹੀਨ ਪਹੁੰਚ ਦਾ ਸੁਮੇਲ ਸੀ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਕ੍ਰਾਂਤੀਕਾਰੀ ਦ੍ਰਿਸ਼ਟੀਕੋਨ ਤੋਂ ਵੇਖਣ ਦਾ ਯਤਨ ਕੀਤਾ। ਕਾਰਲ ਮਾਰਕਸ ਦੇ ਫਲਸਫੇ ਨੂੰ ਵਿਹਾਰਕ ਰੂਪ ਵਿੱਚ ਅੰਤਰਰਾਸਟਰੀ ਪ੍ਰਸੰਗ ਅਪਣਾਉਣ ਦਾ ਯਤਨ ਕੀਤਾ, ਏਸੇ ਕਰਕੇ ਕ੍ਰਾਂਤਾਕਾਰੀ ਵਿਚਾਰਧਾਰਾ ਵਿਚ ਲੋੜੀਂਦਾ ਉਤਸ਼ਾਹ ਨਹੀਂ ਆ ਸਕਿਆ। ਲੋਕ ਗਿਆਨ ਪੈਦਾ ਕਰਦੇ ਹਨ, ਸਾਂਝੀ ਗਤੀਵਿਧੀ ਕਰਦੇ ਹਨ ਪਰ ਕਬਜ਼ਾ ਹੋਰ ਕਰ ਜਾਂਦੇ ਰਹੇ ਹਨ। ਕਾ਼. ਰਮੇਸ਼ ਰਤਨ ਨੇ ਕਿਹਾ ਕਿ ਸਰਕਾਰ ਵਾਤਾਵਰਣ ਅਤੇ ਲੋਕਾਂ ਦਾ ਉਜਾੜਾ ਕਰਕੇ ਵਿਕਾਸ ਕਰ ਰਹੀ ਹੈ। ਕਾਮਰੇਡ ਡੀ.ਪੀ. ਮੌੜ, ਗੁਰਮੇਲ ਸਿੰਘ ਮੇਲੀ ਸਿਆੜ ਨੇ ਵੀ ਆਪਣੇ ਵਿਚਾਰ ਰੱਖੇ। ਡਾ. ਗੁਲਜ਼ਾਰ ਸਿੰਘ ਪੰਧੇਰ ਕਿਹਾ ਕਿ ਡਾ. ਰਵੀ ਮਾਰਕਸਵਾਦ ਨੂੰ ਉਲਟ ਗਿਆ ਕਹਿਣ ਵਾਲਿਆਂ ਨੂੰ ਕਹਿੰਦੇ ਹੁੰਦੇ ਸਨ ਕਿ ‘ਆਓ ਆਪਾਂ ਕਾਰਲ ਮਾਰਕਸ ਦੇ ਸਿਧਾਂਤ ਨੂੰ ਉਲਟਾਈਏ, ਪਰ ਉਸ ਨੂੰ ਪੜ੍ਹੇ ਬਿਨ੍ਹਾਂ ਉਲਟਾਇਆ ਨਹੀਂ ਜਾ ਸਕਦਾ’। ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਡਾ. ਰਵੀ ਦੀਆਂ ਮਾਰਕਸਵਾਦ ਬਾਰੇ ਧਾਰਨਾਵਾਂ ਨਵੀਆਂ ਤੇ ਮੌਲਿਕ ਸਨ। ਭਾਵੇਂ ਉਨ੍ਹਾਂ ਤੇ ਅੱਗੈ ਹੋਰ ਚਿੰਤਨ -ਮੰਥਨਸੰਭਵ ਹੈ। ਦੂਸਰੇ ਦੌਰ ਵਿੱਚ ਕਵੀ ਦਰਬਾਰ ਹੋਇਆ ਜਿਸ ਵਿੱਚ ਵਿਚ ਚਰਨਜੀਤ ਕੌਰ ਘਣਗਸ, ਅਮਰਜੀਤ ਸ਼ੇਰਪੁਰੀ, ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਮਨਜੀਤ ਘਣਗਸ, ਰਾਮ ਸਿੰਘ ਭੀਖੀ, ਸਵਰਨ ਪੱਲ੍ਹਾ, ਡਾ. ਗੁਰਪ੍ਰੀਤ, ਮਨੂੰ ਬੁਆਣੀ, ਜਗਦੇਵ ਮਕਸੂਦੜਾ, ਚਮਕੌਰ ਸਿੰਘ ਸੱਲ੍ਹਣ, ਗੁਰਕਰਣਵੀਰ ਘਣਗਸ, ਹਰਜੀਤ ਵੈਦ, ਜਗਪਾਲ ਜੱਗਾ, ਗੁਰਮੀਤ ਸਿੰਘ ਘਣਗਸ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਪ੍ਰੋ. ਇੰਦਰਪਾਲ ਸਿੰਘ ਨੇ ਸਮੁੱਚੇ ਪ੍ਰਬੰਧ ਵਿੱਚ ਮਾਨਯੋਗ ਪ੍ਰਿਸੀਪਲ ਡਾ.ਮੁਹੰਮਦ ਇਰਫਾਨ ਦੀ ਅਗਵਾਈ ਵਿੱਚ, ਗੁਰਮੀਤ ਸਿੰਘ ਘਣਗਸ, ਜਗਜੀਤ ਸਿੰਘ ਮਦਨੀਪੁਰ ਅਤੇ ਸੋਨੂੰ ਲੁਧਿਆਣਾ ਨੇ ਸਰਗਰਮ ਭੁਮਿਕਾ ਨਿਭਾਈ। ਸਮੁੱਚੇ ਸਮਾਗਮ ਦੀ ਕਾਰਵਾਈ ਬਹੁਤ ਹੀ ਸੁਚੱਜੇ ਢੰਗ ਨਾਲ ਜਸਵੀਰ ਝੱਜ ਨੇ ਨਿਭਾਈ। ਇਸ ਸਮੇਂ ਐਡਵੋਕੇਟ ਪਰਮਜੀਤ ਸਿੰਘ, ਮੀਤ ਅਨਮੋਲ, ਅਮਰਜੀਤ ਸਿੰਘ ਘੁਡਾਣੀ, ਮੋਹਣ ਸਿੰਘ ਬੁਢੇਲਾ, ਬਲਾਕ ਮੈਂਬਰ ਬਲਜੀਤ ਸਿੰਘ ਕਿਲਾਹਾਂਸ, ਪੰਚ ਅਮਰੀਕ ਸਿੰਘ ਕਿਲਾ ਹਾਂਸ, ਸੁਖਪਾਲ ਸਿੰਘ ਘਵੱਦੀ, ਅਵਤਾਰ ਛਿੱਬਰ, ਜਸਵੀਰ ਸਿੰਘ ਬੁਆਣੀ, ਬਲਦੇਵ ਸਿੰਘ ਘਣਗਸ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਪ੍ਰੋ. ਇੰਦਰਪਾਲ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਪੰਚਾਇਤ ਕਿਲਾਹਾਂਸ, ਪਿ੍ੰਸੀਪਲ ਕਰਮਸਰ ਕਾਲਜ (ਰਾੜਾ ਸਾਹਿਬ) ਅਤੇ ਮਹਿਮਾਨਾਂ ਨੂੰ ਡਾ. ਰਵੀ ਦੇ ਪੋਰਟਰੇਟ ਯਾਦ ਚਿੰਨ੍ਹ ਵਜੋਂ ਭੇਟ ਕੀਤੇ ਗਏ। ਲੰਗਰ ਦੀ ਹਮੇਸਾ ਦੀ ਤਰਾ ਸੇਵਾ ਲਈ ਸਾਰੀ ਸੰਗਤ ਵਲੋਂ ਧੰਨਵਾਦ ਕੀਤਾ ਗਿਆ।