ਡੀਐੱਮਸੀਐੱਚ ਨੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ
ਡੀਐਮਸੀਐਚ ਨੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ
Publish Date: Tue, 12 May 2026 10:36 PM (IST)
Updated Date: Wed, 13 May 2026 04:13 AM (IST)

ਰਵੀ, ਪੰਜਾਬੀ ਜਾਗਰਣ ਲੁਧਿਆਣਾ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀ ਐਂਡ ਐਚ) ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨਰਸਾਂ ਵੱਲੋਂ ਮਰੀਜ਼ਾਂ ਦੀ ਸੰਭਾਲ ਅਤੇ ਸਿਹਤ ਸੇਵਾਵਾਂ ਵਿੱਚ ਦਿੱਤੇ ਜਾ ਰਹੇ ਅਮੂਲ ਯੋਗਦਾਨ ਨੂੰ ਸਲਾਮ ਕੀਤਾ ਗਿਆ। ਇਸ ਮੌਕੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਗਿਆਨ, ਦਇਆ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਪ੍ਰਤੀਕ ਇੱਕ ਰਵਾਇਤੀ ਦੀਵੇ ਜਗਾਉਣ ਦੀ ਰਸਮ ਨਾਲ ਹੋਈ। ਇਸ ਸਮਾਰੋਹ ਦੇ ਮੁੱਖ ਮਹਿਮਾਨ, ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਸਨ। ਇਸ ਮੌਕੇ ਤੇ ਮੌਜੂਦ ਹੋਰ ਪਤਵੰਤਿਆਂ ਵਿੱਚ ਮੁਕੇਸ਼ ਵਰਮਾ, ਖਜ਼ਾਨਚੀ, ਡੀਐਮਸੀ ਐਂਡ ਐਚ ਮੈਨੇਜਿੰਗ ਸੋਸਾਇਟੀ; ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ; ਡੀਨ ਅਕਾਦਮਿਕ ਡਾ. ਸੰਦੀਪ ਕੌਸ਼ਲ; ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ, ਡਾ. ਅਸ਼ਵਨੀ ਕੇ. ਚੌਧਰੀ, ਡਾ ਆਸ਼ਿਮਾ ਤਨੇਜਾ, ਐਡੀਸ਼ਨਲ ਮੈਡੀਕਲ ਸੁਪਰਡੈਂਟ, ਅਨਿਤ ਜੋਸਫ਼ (ਡਿਪਟੀ ਨਰਸਿੰਗ ਸੁਪਰਡੈਂਟ) ਦੇ ਨਾਲ-ਨਾਲ, ਕੈਂਸਰ ਕੇਅਰ ਸੈਂਟਰ ਅਤੇ ਨਰਸਿੰਗ ਸਟਾਫ਼ ਵੀ ਹਾਜ਼ਰ ਸਨ। ਸਵਾਗਤੀ ਭਾਸ਼ਣ ਕਾਲਜ ਆਫ ਨਰਸਿੰਗ ਦੀ ਪ੍ਰਿੰਸੀਪਲ ਡਾ. ਜਯਾਸੁਧਾ ਏ ਵੱਲੋਂ ਦਿੱਤਾ ਗਿਆ। ਉਨ੍ਹਾਂ ਨੇ ਅੰਤਰਰਾਸ਼ਟਰੀ ਨਰਸ ਦਿਵਸ ਦੇ ਥੀਮ ਬਾਰੇ ਵੀ ਜਾਣਕਾਰੀ ਦਿੱਤੀ। ਸਾਰੀਆਂ ਨਰਸਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਨਰਸਾਂ ਸਿਹਤ ਸੇਵਾਵਾਂ ਦੀ ਧੜਕਣ ਹਨ ਅਤੇ ਉਨ੍ਹਾਂ ਦੀ ਸੇਵਾ ਭਾਵਨਾ, ਸਮਰਪਣ ਅਤੇ ਮਿਹਨਤ ਹਰ ਸਿਹਤ ਸੰਸਥਾ ਦੀ ਮਜ਼ਬੂਤ ਨੀਂਹ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਬਿਪਿਨ ਗੁਪਤਾ ਨੇ ਨਰਸਿੰਗ ਭਾਈਚਾਰੇ ਦੀ ਨਿਰੰਤਰ ਸੇਵਾ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਨਰਸਾਂ ਮਰੀਜ਼ਾਂ ਦੀ ਦੇਖਭਾਲ ਅਤੇ ਠੀਕ ਹੋਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੀ ਸੇਵਾ ਭਾਵਨਾ ਅਤੇ ਸਮਰਪਣ ਸਿਹਤ ਪ੍ਰਣਾਲੀ ਦੀ ਅਸਲ ਤਾਕਤ ਹੈ। ਪ੍ਰਿੰਸੀਪਲ ਡਾ. ਜੀਐਸ ਵਾਂਡਰ ਨੇ ਵੀ ਨਰਸਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਮਰੀਜ਼ਾਂ ਦੀ ਸੰਭਾਲ ਵਿੱਚ ਨਰਸਾਂ ਦਾ ਯੋਗਦਾਨ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਮਿਹਨਤ, ਸਹਾਨਭੂਤੀ ਅਤੇ ਜ਼ਿੰਮੇਵਾਰੀ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਂਦੀ ਹੈ। ਇਸ ਦੌਰਾਨ ਨਰਸਿੰਗ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਪ੍ਰਸਤੁਤੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਸ ਨਾਲ ਸਮਾਰੋਹ ਹੋਰ ਵੀ ਰੰਗੀਨ ਅਤੇ ਯਾਦਗਾਰ ਬਣ ਗਿਆ।