ਦੀਵਾਲੀ ਖੁਸ਼ੀਆਂ ਦਾ ਤਿਉਹਾਰ, ਪ੍ਰਦੂਸ਼ਣ ਫੈਲਾ ਕੇ ਨਾ ਕਰੋ ਖ਼ਰਾਬ
ਦੀਵਾਲੀ ਰੋਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ, ਪ੍ਰਦੂਸ਼ਣ ਫੈਲਾ ਕੇ ਨਾ ਕਰੋ ਖ਼ਰਾਬ
Publish Date: Sun, 19 Oct 2025 05:02 PM (IST)
Updated Date: Mon, 20 Oct 2025 04:00 AM (IST)

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ : ਦੀਵਾਲੀ ਦੇ ਤਿਉਹਾਰ ਨੂੰ ਰੋਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਦੀਵਾਲੀ ਦੇ ਤਿਉਹਾਰ ਮੌਕੇ ਲੋਕ ਪਟਾਕੇ ਤੇ ਆਤਿਸ਼ਬਾਜ਼ੀ ਚਲਾ ਕੇ ਇਸ ਤਿਉਹਾਰ ਦਾ ਆਨੰਦ ਲੈਂਦੇ ਹਨ ਕਿਉਂਕਿ ਅੱਜ ਦੇ ਸਮੇ ਵਿੱਚ ਪਟਾਕੇ ਦੀਵਾਲੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ ਤੇ ਲੋਕਾਂ ਨੂੰ ਪਟਾਕਿਆਂ ਬਿਨਾਂ ਇਹ ਤਿਉਹਾਰ ਅਧੂਰਾ ਲੱਗਦਾ ਹੈ ਪਰ ਪਟਾਕੇ ਜਿੱਥੇ ਸਾਡੇ ਆਨੰਦ ਨੂੰ ਵਧਾਉਂਦੇ ਹਨ ਉੱਥੇ ਨਾਲ ਹੀ ਸਾਡੇ ਵਾਤਾਵਰਨ ਨੂੰ ਖ਼ਰਾਬ ਵੀ ਕਰਦੇ ਹਨ। ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਵੱਖ-ਵੱਖ ਸ਼ਖਸੀਅਤਾਂ ਨੇ ਸ਼ਹਿਰਵਾਸੀਆਂ ਨੂੰ ਪ੍ਰਦੂਸ਼ਣ ਨਾ ਫੈਲਾਉਣ ਦੀ ਅਪੀਲ ਕੀਤੀ ਹੈ। -ਕਈ ਬਿਮਾਰੀਆਂ ਦਾ ਕਾਰਨ ਵੀ ਬਣਦੈ ਪ੍ਰਦੂਸ਼ਣ : ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਪੰਜਾਬੀ ਜਾਗਰਣ ਨਾਲ ਗੱਲ ਕਰਦੇ ਹੋਏ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਅਸੀਂ ਹਮੇਸ਼ਾ ਵਧ ਰਹੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ ਪਰ ਦੀਵਾਲੀ ਦੇ ਦਿਨਾਂ ਵਿੱਚ ਜਦ ਸਾਡੀ ਵਾਰੀ ਆਉਂਦੀ ਹੈ ਤਾਂ ਅਸੀਂ ਵੀ ਪ੍ਰਦੂਸ਼ਣ ਫੈਲਾਉਣ ਤੋਂ ਬਿਲਕੁੱਲ ਵੀ ਗੁਰੇਜ਼ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਇਹੀ ਪ੍ਰਦੂਸ਼ਣ ਬਾਅਦ ਵਿੱਚ ਕਈ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਹਰ ਸਾਲ ਫਜੂਲਖਰਚੀ ਕਰਦਿਆ ਲੱਖਾਂ ਰੁਪਏ ਦੇ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ । ਸਰਕਾਰਾਂ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਖੁਦ ਜਾਗਰੂਕ ਹੋਏ ਬਿੰਨ੍ਹਾਂ ਗੱਲ ਨਹੀਂ ਬਣ ਸਕਦੀ। -ਪ੍ਰਦੂਸ਼ਣ ਰਹਿਤ ਪਟਾਕਿਆਂ ਦੀ ਕਰੋ ਵਰਤੋਂ : ਗੋਗਾ ਗੱਲਬਾਤ ਕਰਦੇ ਹੋਏ ਵਾਰਡ ਨੰਬਰ 44 ਦੇ ਕੌਂਸਲਰ ਸੋਹਨ ਸਿੰਘ ਗੋਗਾ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀ ਪ੍ਰਦੂਸ਼ਿਤ ਰਹਿਤ ਪਟਾਕਿਆ ਦੀ ਹੀ ਵਰਤੋਂ ਕਰੀਏ। ਉਨ੍ਹਾਂ ਕਿਹਾ ਕਿ ਪਹਿਲਾਂ ਦੀਵਾਲੀ ਦੀ ਰਾਤ ਨੂੰ ਸਰ੍ਹੋਂ ਦੇ ਤੇਲ ਜਾਂ ਘਿਓ ਦੇ ਦੀਵੇ ਜਗਾ ਕੇ ਦੀਪਮਾਲਾ ਕੀਤੀ ਜਾਂਦੀ ਸੀ। ਹੁਣ ਦੀਵਾਲੀ ਇੱਕ ਮਨੋਰੰਜਨ ਦਾ ਤਿਉਹਾਰ ਬਣਦਾ ਜਾ ਰਿਹਾ ਹੈ। ਦੀਵਾਲੀ ਵਾਲੇ ਦਿਨ ਤਾਂ ਪਟਾਕਿਆਂ ਕਾਰਨ ਇੰਨਾ ਹਵਾ ਪ੍ਰਦੂਸ਼ਣ ਹੋ ਜਾਂਦਾ ਹੈ ਕਿ ਸਾਹ ਲੈਣਾ ਔਖਾ ਹੋ ਜਾਂਦਾ ਹੈ। ਅਸੀ ਬਹੁਤ ਸਾਰੇ ਅਜਿਹੇ ਪਟਾਕਿਆ ਦੀ ਵਰਤੋਂ ਕਰਦੇ ਹਾਂ ਜਿਸ ਨਾਲ ਭਾਰੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਲਈ ਵੀ ਖਤਰਨਾਕ ਹੈ। -ਕੁਦਰਤ ਨਾਲ ਕੀਤਾ ਜਾ ਰਿਹੈ ਖਿਲਵਾੜ-ਤਰਸੇਮ ਲਾਲ ਸ਼ੇਰਾ ਲੇਖਕ ਤਰਸੇਮ ਲਾਲ ਸ਼ੇਰਾ ਦਾ ਕਹਿਣਾ ਹੈ ਕਿ ਗੁਰੂਆਂ ਪੀਰਾਂ ਨੇ ਹਵਾ, ਪਾਣੀ, ਮਿੱਟੀ ਨੂੰ ਪਰਦੂਸ਼ਿਤ ਹੋਣ ਤੋਂ ਬਚਾਉਣ ਦਾ ਸਦੀਆ ਪਹਿਲਾਂ ਸੁਨੇਹਾ ਦਿੱਤਾ ਸੀ ਪਰ ਅਸੀਂ ਅੱਜ ਵੀ ਉੱਥੇ ਹੀ ਖੜ੍ਹੇ ਹਾਂ। ਅੱਜ ਪਟਾਕੇ ਚਲਾ ਕੇ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਜੋ ਆਪਣੇ ਪੈਰ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਦੀਵਾਲੀ ਵਾਲੇ ਦਿਨ ਵਾਤਾਵਰਨ ਬਹੁਤ ਹੀ ਦੂਸ਼ਿਤ ਹੋ ਜਾਂਦਾ ਹੈ। ਪਟਾਕੇ ਚਲਾਉਣ ਨਾਲ ਜਿੱਥੇ ਵਾਤਾਵਰਨ ਗੰਧਲਾ ਹੋ ਜਾਂਦਾ ਹੈ ਉੱਥੇ ਅਨੇਕਾਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆ ਹਨ। ਸ਼ੇਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਖੁਸ਼ੀਆਂ ਦਾ ਤਿਉਹਾਰ ਹੈ, ਇਸ ਨੂੰ ਪ੍ਰਦੂਸ਼ਣ ਫੈਲਾ ਕੇ ਖਰਾਬ ਨਾ ਕੀਤਾ ਜਾਵੇ। -ਦੀਵੇ ਜਗਾ ਕੇ ਦੀਵਾਲੀ ਮਨਾਉਣ ਲੋਕ : ਜ਼ੋਰਾਵਰ ਸਿੰਘ ਪੰਛੀ ਸ਼ਾਇਰ ਜ਼ੋਰਾਵਰ ਸਿੰਘ ਪੰਛੀ ਨੇ ‘ਪੰਜਾਬੀ ਜਾਗਰਣ’ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਵਿੱਚ ਵੱਧ ਰਿਹਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਇੱਕ ਦੂਜੇ ਨੂੰ ਗ੍ਰੀਟਿੰਗ ਕਾਰਡ, ਸਜਾਵਟੀ ਦੀਵੇ ਅਤੇ ਮਿੱਟੀ ਨਾਲ ਬਣੀਆਂ ਸਜਾਵਟੀ ਚੀਜ਼ਾਂ ਦੇ ਕੇ ਦੀਵਾਲੀ ਦਾ ਤਿਉਹਾਰ ਮਨਾਉਣ ਨੂੰ ਤਰਜੀਹ ਦੇਣ। ਪਟਾਕਿਆ ਦੀ ਜਗ੍ਹਾ ’ਤੇ ਰੁੱਖ ਲਗਾ ਕੇ ਤੇ ਦੇਸੀ ਘਿਓ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਟਾਕਿਆ ਵਿੱਚੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਸਿਹਤ ਲਈ ਹਾਨੀਕਾਰਕ ਹੈ ਅਤੇ ਪਹਿਲਾਂ ਹੀ ਧਰਤੀ ਤੇ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲ ਚੁੱਕਿਆ ਹੈ। -ਲੋੜਵੰਦ ਪਰਿਵਾਰਾਂ ਦੀ ਮਦਦ ਕਰ ਕੇ ਮਨਾਓ ਦੀਵਾਲੀ : ਸ਼ਿਮਲਾਪੁਰੀ ਸੈਣ ਸਮਾਜ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਸੂਬੇ ਅੰਦਰ ਪਹਿਲਾਂ ਹੀ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਕਾਰਨ ਅਸੀਂ ਨਿੱਤ ਦਿਨ ਅਨੇਕਾਂ ਭਿਆਨਕ ਲਪੇਟ ਵਿੱਚ ਆ ਰਹੇ ਹਾਂ। ਇਸ ਲਈ ਸਾਨੂੰ ਪਟਾਕਿਆਂ ਅਤੇ ਮਿਲਾਵਟਖੋਰੀ ਮਠਿਆਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਨੂੰ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਸ਼ਿਮਲਾਪੁਰੀ ਨੇ ਇਹ ਵੀ ਕਿਹਾ ਕਿ ਸਾਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਇਹ ਤਿਉਹਾਰ ਮਨਾਉਣ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।