ਮਨੁੱਖ ਨੇ ਅਪਵਿੱਤਰ ਕਰ ਦਿੱਤੀਆਂ ਅੱਖਾਂ, ਹੱਥ, ਜੀਭ ’ਤੇ ਅਕਲ -ਸਾਧਵੀ ਕੁਲਦੀਪ ਭਾਰਤੀ

-ਮਨੁੱਖ ਨੇ ਅਪਵਿੱਤਰ ਕਰ ਦਿੱਤੀਆਂ ਅੱਖਾਂ, ਹੱਥ, ਜੀਭ ’ਤੇ ਅਕਲ -ਸਾਧਵੀ ਕੁਲਦੀਪ ਭਾਰਤੀ
-ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਇਆ ਗਿਆ ਹਫਤਾਵਰੀ ਸਤਿਸੰਗ ਸਮਾਗਮ
---
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਐਤਵਾਰ ਨੂੰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੈਲਾਸ਼ ਨਗਰ ਸਥਿੱਤ ਸਥਾਨਕ ਆਸ਼ਰਮ ਵਿਖੇ ਹਫਤਾਵਰੀ ਸਤਿਸੰਗ ਸਮਾਗਮ ਕਰਵਾਇਆ ਗਿਆ। ਪ੍ਰਵਚਨ ਕਰਦੇ ਹੋਏ ਸਾਧਵੀ ਕੁਲਦੀਪ ਭਾਰਤੀ ਕਿਹਾ ਕਿ ਮਨੁੱਖ ਇੱਕ ਸਰਵ ਸ੍ਰੇਸ਼ਠ ਪ੍ਰਾਣੀ ਹੈ। ਉਹ ਇਸ ਸਾਰੀ ਸ੍ਰਿਸ਼ਟੀ ਵਿੱਚ ਸਭ ਤੋਂ ਉੱਤਮ ਹੈ। ਪਰ ਵਿਚਾਰਨਯੋਗ ਗੱਲ ਇਹ ਹੈ ਕਿ ਵਾਸਤਵ ਵਿੱਚ ਉਹ ਸਰਵਸ੍ਰੇਸ਼ਠ ਹੈ? ਜੇਕਰ ਮੌਜੂਦਾ ਸਥਿਤੀ ਦਾ ਨਿਰੀਖਣ ਕਰੀਏ ਤਾਂ ਦੇਖਦੇ ਹਾਂ ਕਿ ਮਨੁੱਖ ਸਭ ਤੋਂ ਨੀਵੀਂ ਸ੍ਰੈਣੀ ਦਾ ਬਣ ਚੁੱਕਿਆ ਹੈ। ਇਸ ਦਾ ਕਾਰਨ ਇਸ ਤੱਥ ਵਿੱਚ ਹੈ ਕਿ ਪਰਮਾਤਮਾ ਨੇ ਮਨੁੱਖੀ ਰਚਨਾ ਵਿੱਚ ਸਰੀਰ ਦੇ ਜ਼ਰੂਰੀ ਅੰਗਾਂ ਦਾ ਨਿਰਮਾਣ ਕੀਤਾ। ਇੱਕ ਇੱਕ ਅੰਗ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ।
ਅੱਖਾਂ ਦਾ ਮੁੱਖ ਉਦੇਸ਼ ਪ੍ਰਭੂ ਦੇ ਦਰਸ਼ਨ, ਸੰਤਾਂ ਦੇ ਦਰਸ਼ਨ, ਅਤੇ ਅਲੌਕਿਕ ਅਨੁਭਵਾਂ ਦਾ ਦਰਸ਼ਨ ਹੈ ਪਰ ਇਸ ਭੌਤਿਕ ਸੰਸਾਰ ਵਿੱਚ ਅਗਿਆਨਤਾ ਦੇ ਵੱਸ ਹੋ ਕੇ ਮਨੁੱਖ ਨੇ ਇਨ੍ਹਾਂ ਅੱਖਾਂ ਦੀ ਦੁਰਵਰਤੋਂ ਕਰਕੇ ਅੱਖਾਂ ਨੂੰ ਅਪਵਿੱਤਰ ਕਰ ਦਿੱਤਾ ਹੈ। ਦੂਜਾ ਪਰਮਾਤਮਾ ਨੇ ਸਾਨੂੰ ਦੋ ਹੱਥ ਦਿੱਤੇ ਹਨ। ਇਨ੍ਹਾਂ ਹੱਥਾਂ ਦਾ ਉਦੇਸ਼ ਦੂਜਿਆਂ ਦੀ ਭਲਾਈ ਲਈ ਨਿਰਸਵਾਰਥ ਸੇਵਾ ਵਿੱਚ ਸ਼ਾਮਲ ਹੋਣਾ, ਸੰਤਾਂ ਦੀ ਸੇਵਾ ਕਰਨਾ ਅਤੇ ਦਾਨ ਦੇ ਕੰਮ ਕਰਨਾ ਸੀ ਪਰ ਨਾਦਾਨ ਮਨੁੱਖ ਪਾਪ ਦੀਆਂ ਸੀਮਾਵਾਂ ਪਾਰ ਕਰ ਚੁੱਕਿਆ ਹੈ। ਇਨ੍ਹਾਂ ਹੱਥਾਂ ਨਾਲ ਵਿਅਕਤੀ ਕਤਲ ਕਰ ਦਿੰਦਾ ਹੈ। ਕੁਕਰਮ ਕਰਦਾ ਹੈ। ਨਤੀਜੇ ਵਜੋਂ ਸਾਡੇ ਹੱਥ ਅਪਵਿੱਤਰ ਹੋ ਗਏ ਹਨ। ਤੀਜਾ ਪਰਮਾਤਮਾ ਨੇ ਮਨੁੱਖ ਨੂੰ ਇੱਕ ਜੀਭ ਦਿੱਤੀ, ਜਿਸਦਾ ਦਾ ਗੁਣ ਸੀ ਬੋਲਣਾ। ਅਸੀਂ ਇਸ ਜੀਭ ਨੂੰ ਉੱਤਮ ਵਿਚਾਰਾਂ, ਪਰਉਪਕਾਰੀ ਸ਼ਬਦਾਂ ਅਤੇ ਮੰਤਰਾਂ ਦਾ ਉਚਾਰਨ ਕਰਕੇ ਪਵਿੱਤਰ ਕਰਨਾ ਸੀ ਪਰ ਇੱਥੇ ਵੀ ਅਫ਼ਸੋਸ ਦੀ ਗੱਲ ਹੈ ਕਿ ਅੱਜ ਇਸ ਜੀਭ ਦਾ ਪ੍ਰਯੋਗ ਅਸੀ ਦੂਜਿਆਂ ਬਾਰੇ ਬੁਰਾ-ਭਲਾ ਕਹਿਣ ਲਈ, ਦੋਸ਼ ਲਗਾਉਣ ਲਈ, ਦੂਜਿਆਂ ਦੀਆਂ ਕਮੀਆਂ 'ਤੇ ਵਿਚਾਰ ਕਰਨ ਲਈ ਅਤੇ ਉਨ੍ਹਾਂ ਦੀਆਂ ਕਮੀਆਂ ਦਾ ਵਰਣਨ ਕਰਨ ਲਈ ਕਰਦੇ ਹਾਂ। ਇਸ ਨਾਲ ਸਮਾਜ, ਪਰਿਵਾਰਾਂ ਅਤੇ ਵੱਡੇ ਪੱਧਰ 'ਤੇ ਦੇਸ਼ ਅੰਦਰ ਮਤਭੇਦ, ਲੜਾਈ ਝਗੜੇ ਸ਼ੁਰੂ ਹੋ ਗਏ ਹਨ। ਨਤੀਜੇ ਵਜੋਂ ਜੀਭ ਵੀ ਅਪਵਿੱਤਰ ਹੋ ਗਈ ਹੈ। ਚੌਥਾ, ਪਰਮਾਤਮਾ ਨੇ ਅਕਲ ਪ੍ਰਦਾਨ ਕੀਤੀ ਜਿਸ ਦਾ ਪ੍ਰਯੋਗ ਅਸੀ ਕੱਚ ਦੇ ਟੁਕੜਿਆਂ (ਸੋਨਾ, ਚਾਂਦੀ ਅਤੇ ਹੋਰ ਭੌਤਿਕ ਧਾਤਾਂ) ਨੂੰ ਤਰਾਸ਼ਣ ਲਈ ਕੀਤਾ। ਜਿਵੇਂ ਸਰੀਰ ਨੂੰ ਸਾਫ਼ ਅਤੇ ਸ਼ੁੱਧ ਰੱਖਣ ਲਈ ਰੋਜ਼ਾਨਾ ਉਸਨੂੰ ਇਸ਼ਨਾਨ ਕਰਵਾਉਣਾ ਪੈਂਦਾ ਹੈ ਠੀਕ ਉਸੇ ਤਰ੍ਹਾਂ ਜੀਵਨ ਨੂੰ ਨਿਰਮਲ ਬਣਾਉਣ ਲਈ ਭਗਤੀ ਰੂਪੀ ਜਲ ਵਿੱਚ ਇਸਨੂੰ ਇਸ਼ਨਾਨ ਕਰਵਾਉਣਾ ਹੋਵੇਗਾ। ਕੇਵਲ ਤਦ ਹੀ ਅਸੀਂ ਪਵਿਤ੍ਰਤਾ ਵੱਲ ਵਧਾਂਗੇ। ਇਸ ਮੌਕੇ ਸਾਧਵੀ ਮਨੂੰ ਭਾਰਤੀ ਅਤੇ ਸਾਧਵੀ ਕਪਿਲਾ ਭਾਰਤੀ ਨੇ ਸੁਰੀਲੇ ਭਜਨਾਂ ਦਾ ਗਾਇਨ ਕੀਤਾ।