ਡਾਇਰੈਕਟਰ ਹੈਲਥ ਕਾਰਪੋਰੇਸ਼ਨ ਡਾ. ਹਿਤਿੰਦਰ ਕੌਰ ਵੱਲੋਂ ਹਸਪਤਾਲ ਦੇ 400 ਮੁਲਾਜ਼ਮਾਂ ਦਾ ਸਨਮਾਨ

-ਜ਼ਿਲ੍ਹਾ ਸਰਕਾਰੀ ਹਸਪਤਾਲ ’ਚ ਇੱਕ ਦਿਨ ’ਚ ਤਿੰਨ ਸਮਾਗਮ
-ਡਾਕਟਰਾਂ ਦੀ ਘਾਟ ’ਤੇ ਪੁੱਛੇ ਸਵਾਲ ਤੇ ਡਾਇਰੈਕਟਰ ਰਹੇ ਚੁੱਪ
-ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰਾਂ ਵੱਲੋਂ ਫੋਟੋ ਸੈਸ਼ਨ ਤੋਂ ਦੂਰੀ ਬਣੀ ਚਰਚਾ ਦਾ ਵਿਸ਼ਾ
---
ਬਸੰਤ ਸਿੰਘ ਰੋੜੀਆਂ, ਪੰਜਾਬੀ ਜਾਗਰਣ ਲੁਧਿਆਣਾ
ਬੀਤੇ ਕੱਲ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ 400 ਮੁਲਾਜ਼ਮਾਂ ਦਾ ਸਨਮਾਨ, ਹਾਈ ਟੈਕ ਮੋਰਚਰੀ ਦਾ ਉਦਘਾਟਨ ਅਤੇ ਇਸ ਤੋਂ ਇਲਾਵਾ ਸੰਵੇਦਨਾ ਟਰੱਸਟ ਵੱਲੋਂ ਹਸਪਤਾਲ ਨੂੰ ਲਾਈਫ ਸੇਫ ਐਬੂਲੈਂਸ ਭੇਂਟ ਕਰਨ ਲਈ ਵੱਖ ਵੱਖ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਮੁੱਖ ਮਹਿਮਾਨ ਡਾਇਰੈਕਟਰ ਹੈਲਥ ਸੇਵਾਵਾਂ ਡਾ. ਹਤਿੰਦਰ ਕੌਰ ਅਤੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।
ਜ਼ਿਕਰਯੋਗ ਹੈ ਕਿ ਪੰਜਾਬ ਹੈਲਥ ਕਾਰਪੋਰੇਸ਼ਨ ਦੀ ਕਾਇਆ ਕਲਪ ਮੈਨੇਜਮੈਂਟ ਵੱਲੋਂ ਬੀਤੇ ਦਿਨੀਂ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਸੀ। ਜਿਸ ਤੋਂ ਬਾਅਦ ਅੱਜ ਸਿਹਤ ਵਿਭਾਗ ਵੱਲੋਂ ਹਸਪਤਾਲ ਦੇ 400 ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਅਤੇ ਡਾ. ਰੋਹਿਤ ਰਾਮਪਾਲ ਨੇ ਜਿੱਥੇ ਕਾਇਆ ਕਲਪ ਦਾ ਪਹਿਲਾ ਇਨਾਮ ਹਸਪਤਾਲ ਨੂੰ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਉਥੇ ਹੀ ਹਸਪਤਾਲ ਦੇ ਸਾਰੇ ਮੁਲਾਜ਼ਮਾਂ ਅਤੇ ਮੈਡੀਕਲ ਅਫਸਰਾਂ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਸਚਾਰੂ ਪੱਧਰ ਦੀਆਂ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਵਿੱਚ ਜੀ ਜਾਨ ਲਗਾ ਕੇ ਮਿਹਨਤ ਕੀਤੀ। ਜਿਸ ਦਾ ਨਤੀਜਾ ਅੱਜ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਇਤਿਹਾਸਕ ਪਲ ਹਨ ਜਿੱਥੇ ਜਿਹੜਾ ਸਰਕਾਰੀ ਹਸਪਤਾਲ ਕਾਇਆ ਕਲਪ ਵੱਲੋਂ ਕਰਵਾਈ ਜਾਂਦੀ ਸਮੀਖਿਆ ਵਿੱਚ ਕੁਆਲੀਫਾਈ ਕਰਨ ਦੀ ਦੌੜ ਵਿੱਚੋਂ ਵੀ ਅਨੇਕਾਂ ਵਾਰ ਬਾਹਰ ਰਿਹਾ ਅੱਜ ਪੰਜਾਬ ਦਾ ਮੋਹਰੀ ਹਸਪਤਾਲ ਬਣਿਆ ਹੈ। ਇਸ ਦਾ ਸਿਹਰਾ ਹਸਪਤਾਲ ਦੇ ਸਫਾਈ ਕਰਮਚਾਰੀਆਂ ਸਮੇਤ ਹਸਪਤਾਲ ਦੀ ਮੈਨੇਜਮੈਂਟ ਨੂੰ ਜਾਂਦਾ ਹੈ।
ਜੱਚਾ-ਬੱਚਾ ਵਿਭਾਗ ਵਿੱਚ ਸਥਿਤ ਸੈਮੀਨਾਰ ਹਾਲ ਵਿੱਚ ਅੱਜ ਕਰਵਾਏ ਗਏ ਸਾਦੇ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਿਵਲ ਹਸਪਤਾਲ ਨੂੰ ਪੰਜਾਬ ਵਿੱਚੋਂ ਪਹਿਲਾ ਇਨਾਮ ਦਵਾਉਣ ਵਾਲੇ ਸਫਾਈ ਕਰਮਚਾਰੀਆਂ, ਸੁਪਰਵਾਈਜ਼ਰਾਂ, ਏਐਨਐਮ, ਸਟਾਫ ਨਰਸਾਂ, ਮੈਡੀਕਲ ਅਫਸਰਾਂ ਅਤੇ ਪੈਰਾਮੈਡੀਕਲ ਸਟਾਫ ਦਾ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਮੁਲਾਜ਼ਮਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਹਤਿੰਦਰ ਕੌਰ ਨੇ ਕਿਹਾ ਕਿ ਅੱਜ ਹਸਪਤਾਲ ਦੇ ਸਮੂਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਕੀਤੀ ਗਈ ਜੀਤੋੜ ਮਿਹਨਤ ਦਾ ਨਤੀਜਾ ਸਭ ਦੇ ਸਾਹਮਣੇ ਹੈ। ਇਸ ਲਈ ਹਸਪਤਾਲ ਦੇ ਸਾਰੇ ਮੁਲਾਜ਼ਮ ਅਤੇ ਅਧਿਕਾਰੀ ਵਧਾਈ ਦੇ ਪਾਤਰ ਹਨ।
ਲੁਧਿਆਣਾ ਪਹੁੰਚੇ ਹੈਲਥ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਨੂੰ ਜਦ ਪੰਜਾਬੀ ਜਾਗਰਣ ਵੱਲੋਂ ਮੈਡੀਸਨ ਮਾਹਿਰ ਡਾਕਟਰਾਂ ਦੀ ਘਾਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਚੁੱਪੀ ਸਾਧ ਲਈ। ਦੱਸ ਦਈਏ ਕਿ ਸਿਵਲ ਹਸਪਤਾਲ ਕੋਲ ਮੈਡੀਸਨ ਮਾਹਿਰ ਡਾਕਟਰਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ। ਹਸਪਤਾਲ ਮੈਨੇਜਮੈਂਟ ਵੱਲੋਂ ਜ਼ਿਲ੍ਹੇ ਦੀਆਂ ਹੋਰ ਥਾਵਾਂ ਤੇ ਤੈਨਾਤ ਮੈਡੀਸਨ ਮਾਹਿਰ ਡਾਕਟਰਾਂ ਨੂੰ ਬੁਲਾ ਕੇ ਡੰਗ ਟਪਾਇਆ ਜਾ ਰਿਹਾ ਹੈ। ਜਦ ਕਿ ਹਸਪਤਾਲ ਵਿੱਚ ਤਿੰਨ ਤੋਂ ਪੰਜ ਮੈਡੀਸਨ ਮਾਹਿਰ ਡਾਕਟਰਾਂ ਦੀ ਜਰੂਰਤ ਹੈ।
ਸਿਵਲ ਹਸਪਤਾਲ ਵਿੱਚ ਕਰਵਾਏ ਗਏ ਸਮਾਗਮਾਂ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ. ਅਖਿਲ ਸਰੀਨ ਅਤੇ ਡਾ. ਰੋਹਿਤ ਰਾਮਪਾਲ ਵੱਲੋਂ ਫੋਟੋ ਸੈਸ਼ਨ ਤੋਂ ਦੂਰੀ ਬਣਾ ਕੇ ਰੱਖੀ ਗਈ। ਜਿਸ ਦੇ ਚੱਲਦੇ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਕਿ ਡਾ. ਰੋਹਿਤ ਰਾਮਪਾਲ ਅਤੇ ਡਾ. ਆਖਲ ਸਰੀਨ ਫੋਟੋ ਸੈਸ਼ਨ ਤੋਂ ਦੂਰੀ ਬਣਾ ਕੇ ਰੱਖਣ ਦੇ ਪਿੱਛੇ ਦੇ ਕਾਰਨ ਕੀ ਹਨ। ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਅਨੇਕਾਂ ਵਾਰ ਉਨ੍ਹਾਂ ਨੂੰ ਫੋਟੋ ਕਰਵਾਉਣ ਮੌਕੇ ਬੁਲਾਇਆ ਗਿਆ, ਪਰ ਉਨ੍ਹਾਂ ਨੇ ਫੋਟੋ ਸੈਸ਼ਨ ਤੋਂ ਦੂਰੀ ਬਣਾ ਕੇ ਰੱਖੀ। ਜਦ ਇਸ ਸਬੰਧੀ ਹਸਪਤਾਲ ਦੇ ਕੁਝ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਹਸਪਤਾਲ ਸੁਧਾਰ ਦੀਆਂ ਲੀਹਾਂ ਤੇ ਡਾ. ਸਰੀਨ ਅਤੇ ਡਾ. ਰਾਮਪਾਲ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਦੋਨਾਂ ਨੂੰ ਸਮਾਗਮ ਵਿੱਚ ਅੱਗੇ ਰਹਿਣਾ ਚਾਹੀਦਾ ਸੀ।
---
ਅਸੀਂ ਕੰਮ ਕਰਨ ’ਚ ਵਿਸ਼ਵਾਸ ਰੱਖਦੇ ਹਾਂ : ਸੀਨੀਅਰ ਮੈਡੀਕਲ ਅਫਸਰ
ਜਦ ਇਸ ਸਬੰਧੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਗੱਲ ਕੀਤੀ ਗਈ ਤਾਂ ਡਾ. ਰੋਹਿਤ ਰਾਮਪਾਲ ਅਤੇ ਡਾ. ਆਖਿਲ ਸਰੀਨ ਨੇ ਦੱਸਿਆ ਕਿ ਫੋਟੋ ਸੈਸ਼ਨ ਤੋਂ ਦੂਰੀ ਕੋਈ ਵਜ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰੋਗਰਾਮਾਂ ਦੇ ਪ੍ਰਬੰਧਾਂ ਦਾ ਧਿਆਨ ਰੱਖ ਰਹੇ ਸੀ। ਉਨ੍ਹਾਂ ਕਿਹਾ ਕਿ ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਵੱਲੋਂ ਸਾਡੇ ਇਕ ਬੋਲ ਤੇ ਸਮਾਗਮ ਵਿੱਚ ਪਹੁੰਚਣ ਤੇ ਉਨ੍ਹਾਂ ਦੇ ਰਿਣੀ ਹਾਂ। ਸਾਨੂੰ ਸਮੇਂ ਸਮੇਂ ਤੇ ਉਨ੍ਹਾਂ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਰਹੇ ਹਨ ਜਿਸ ਕਾਰਨ ਅੱਜ ਸਰਕਾਰੀ ਹਸਪਤਾਲ ਦੀ ਕਾਇਆ ਕਲਪ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅਸੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਜ਼ਿਲ੍ਹਾ ਸਰਕਾਰੀ ਹਸਪਤਾਲ ਦੇ ਸਮਾਗਮਾਂ ਦਾ ਹਿੱਸਾ ਬਣਕੇ ਸਾਨੂੰ ਜੋ ਮਾਣ ਸਨਮਾਨ ਦਿੱਤਾ ਗਿਆ ਹੈ ਇਸ ਦੇ ਅਸੀਂ ਹਮੇਸ਼ਾ ਰਿਣੀ ਰਹਿਣਗੇ।