ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ : ਡੀਸੀ
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ
Publish Date: Mon, 20 Apr 2026 06:10 PM (IST)
Updated Date: Mon, 20 Apr 2026 06:12 PM (IST)

ਪੰਜਾਬੀ ਜਾਗਰਣ ਟੀਮ, ਲੁਧਿਆਣਾ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ। ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੰਯੁਕਤ ਸਕੱਤਰ, ਪੰਜਾਬ ਰਾਜਿੰਦਰ ਸਿੰਘ, ਜੋਨ ਸਕੱਤਰ ਸਾਹਿਲ ਅੱਗਰਵਾਲ, ਜ਼ਿਲ੍ਹਾ ਚੇਅਰਮੈਨ ਪਰਮਪਾਲ ਬਾਵਾ ਅਤੇ ਵਾਈਸ ਚੇਅਰਮੈਨ ਰੋਹਿਤ ਵਰਮਾ ਦੀ ਵੀ ਮਹੱਤਵਪੂਰਨ ਭੂਮਿਕਾ ਰਹੀ। ਇਸ ਮੌਕੇ ਹਲਕਾ ਕੋਆਰਡੀਨੇਟਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਸ਼ਾਸ਼ਨ ਵੱਲੋਂ ਵਪਾਰੀਆਂ ਦੀ ਸਹੂਲਤ ਲਈ ਪਹਿਲਾਂ ਹੀ ਇੱਕ ਛੱਤ ਹੇਠ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵਪਾਰੀਆਂ ਦਾ ਕੀਮਤੀ ਸਮੇਂ ਦੀ ਬੱਚਤ ਹੋ ਸਕੇ। ਉਨ੍ਹਾਂ ਦੁਹਰਾਇਆ ਕਿ ਸਾਰੇ ਵਿਭਾਗਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਵਪਾਰੀਆਂ ਦੀਆਂ ਅਰਜ਼ੀਆਂ ’ਤੇ ਬੇਲੋੜੇ ਇਤਰਾਜ਼ ਨਾ ਲਗਾਏ ਜਾਣ ਅਤੇ ਇਸ ਮਾਮਲੇ ਵਿਚ ਕੋਤਾਹੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਡਿਪਟੀ ਕਮਿਸ਼ਨਰ ਜੈਨ ਵੱਲੋਂ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਕਿ ਵਪਾਰੀਆਂ ਨੂੰ ਜੀ.ਐਸ.ਟੀ.ਰੀਫੰਡ, ਅਵਾਰਾ ਪਸ਼ੂਆਂ ਦੀ ਸਮੱਸਿਆ, ਬਿਜਲੀ ਦੀਆਂ ਲਟਕਦੀਆਂ ਤਾਰਾਂ, ਗਲੀਆਂ ਵਿੱਚ ਟਰੈਫਿਕ ਜਾਮ ਦੀ ਸਮੱਸਿਆ ਅਤੇ ਹੋਰ ਰੋਜ਼ਮਰਾ ਦੀਆਂ ਔਕੜਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਵਪਾਰੀਆਂ ਦੀਆਂ ਲੰਬਿਤ ਅਰਜ਼ੀਆਂ ਦਾ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ-ਅੰਦਰ ਹਰ ਹੀਲੇ ਨਿਬੇੜਾ ਕੀਤਾ ਜਾਵੇ।