ਗੈਰ ਮਾਨਤਾ ਪ੍ਰਾਪਤ ਸਕੂਲਾਂ ਨੂੰ ਲੈ ਕੇ ਡੀਈਓ ਐਲੀਮੈਂਟਰੀ ਸਖ਼ਤ
ਗੈਰ ਮਾਨਤਾ ਪ੍ਰਾਪਤ ਸਕੂਲਾਂ ਨੂੰ ਲੈ ਕੇ ਡੀਈਓ ਐਲੀਮੈਂਟਰੀ ਸਖ਼ਤ
Publish Date: Wed, 23 Apr 2025 10:59 PM (IST)
Updated Date: Wed, 23 Apr 2025 11:03 PM (IST)

- ਗੈਰ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਦੀ ਚੈਕਿੰਗ ਸਬੰਧੀ ਬੀਪੀਓਜ਼, ਸੀਐੱਚਟੀ ਤੇ ਕਲਸਟਰ ਇੰਚਾਰਜ ਦੀ ਸੱਦੀ ਮੀਟਿੰਗ ਰਵੀ, ਪੰਜਾਬੀ ਜਾਗਰਣ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਵੱਲੋਂ ਪਿਛਲੇ ਦਿਨੀਂ ਦੋ ਸਕੂਲ ਚੈੱਕ ਕੀਤੇ ਗਏ, ਜਿਨ੍ਹਾਂ ਕੋਲ ਨਾ ਆਰਟੀਈ ਦੀ ਮਾਨਤਾ ਤੇ ਨਾ ਹੀ ਯੂਡਾਈਸ ਕੋਡ ਸੀ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਸੰਬੰਧਿਤ 2 ਸਕੂਲਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬਲਾਕਾਂ ਦੇ ਬੀਪੀਓਜ਼ ਤੇ ਸੀਐੱਚਟੀ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿੱਚ ਦਾਖਲਾ ਸਬੰਧੀ ਹੋਰ ਤੇਜ਼ੀ ਲਿਆਉਣ ਲਈ ਤੇ ਨਿੱਜੀ ਸਕੂਲਾਂ ਦੀ ਫਿਜੀਕਲ ਤੌਰ ’ਤੇ ਚੈਕਿੰਗ ਕਰ ਕੇ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਣ ਦੇ ਵੀ ਆਦੇਸ਼ ਦਿੱਤੇ ਗਏ। ਜੇ ਚੈਕਿੰਗ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਕਿਸੇ ਵੱਲੋਂ ਪਾਈ ਜਾਂਦੀ ਹੈ ਤਾਂ ਉਸ ਸਬੰਧੀ ਵੀ ਕਾਰਵਾਈ ਕਰਨ ਲਈ ਕਿਹਾ ਗਿਆ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਐਮ ਆਈ ਐਸ ਕੋਆਰਡੀਨੇਟਰ ਵਿਸ਼ਾਲ ਮਿੱਤਲ, ਸੁਧਾਰ ਬਲਾਕ ਦੇ ਬਲਦੇਵ ਸਿੰਘ ਆਦਿ ਟੀਮ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ। --- ਉਲੰਘਣਾ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੇ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਜੋ ਨਿੱਜੀ ਸਕੂਲ ਅਣ-ਅਧਿਕਾਰਿਤ ਤੌਰ ’ਤੇ ਜਾਂ ਬਿਨ੍ਹਾਂ ਆਰਟੀਈ, ਯੂਡਾਈਸ ਕੋਡ ਦੇ ਚੱਲ ਰਹੇ ਹਨ, ਉਨ੍ਹਾਂ ਸਕੂਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।