ਸ਼ਰਾਬ ਦੇ ਠੇਕਿਆਂ ਨੂੰ ਹੋਰ ਜਗ੍ਹਾ ਤਬਦੀਲ ਕਰਨ ਦੀ ਮੰਗ
ਸ਼ਰਾਬ ਦੇ ਠੇਕਿਆਂ ਨੂੰ ਹੋਰ ਜਗ੍ਹਾ ’ਤੇ ਤਬਦੀਲ ਕਰਨ ਦੀ ਕੀਤੀ ਮੰਗ
Publish Date: Mon, 20 Apr 2026 07:15 PM (IST)
Updated Date: Tue, 21 Apr 2026 04:04 AM (IST)

ਭਲਕੇ ਖੁਰਾਲਗੜ੍ਹ ਸਾਹਿਬ ਦੇ ਰੋਸ ਧਰਨੇ ਦੇ ਸੱਦੇ ਤੇ ਸੰਗਤਾਂ ਸਮੇਤ ਕਰਾਂਗੇ ਸ਼ਮੂਲੀਅਤ ਸਵਰਨ ਗੌਂਸਪੁਰੀ, ਪੰਜਾਬੀ ਜਾਗਰਣ, ਹੰਬੜਾਂ : ਸ੍ਰੀ ਖੁਰਾਲਗੜ੍ਹ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਸਿੰਘ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਪਿਛਲੇ ਦਿਨੀਂ ਵਿਸਾਖੀ ਤੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮਾਂ ਦੇ ਪ੍ਰਬੰਧਾਂ ਨੂੰ ਲੈ ਕੇ ਡੀਸੀ ਦੇ ਦਫ਼ਤਰ ਹੁਸਿਆਰਪੁਰ ਜਾ ਕੇ ਵੱਖ-ਵੱਖ ਮੰਗਾ ਸਬੰਧੀ ਮੰਗ ਪੱਤਰ ਦਿੱਤਾ ਗਿਆ ਸੀ ਪਰ ਇਸ ਮੰਗ ਪੱਤਰ ਤੇ ਕੋਈ ਵੀ ਅਮਲ ਨਹੀਂ ਹੋਇਆ ਜਿਸ ਕਾਰਨ ਸੰਗਤਾਂ ਨੂੰ ਆਉਣ ਜਾਣ ਸਬੰਧੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ’ਚ ਵਿਸ਼ੇਸ਼ ਤੌਰ ਮੰਗ ਸੀ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਪਿੰਡ ਦੀ ਹਦੂਦ ਅੰਦਰ ਸ਼ਰਾਬ ਦੇ ਠੇਕੇ ਚੱਲ ਰਹੇ ਹਨ। ਇਸ ਲਈ ਕਮੇਟੀ ਵਲੋਂ ਡੀਸੀ ਨੂੰ ਵਿਸਾਖੀ ਸਮਾਗਮਾਂ ਦੌਰਾਨ 4 ਦਿਨ ਠੇਕੇ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ਪਰ ਸੜਕ ਦੇ ਬਿਲਕੁੱਲ ਕਿਨਾਰੇ ਖੁੱਲ੍ਹੇ ਸ਼ਰਾਬ ਦੇ ਠੇਕੇਆ ਤੇ ਖੁੱਲੇ ਵਿੱਚ ਸਰਾਬ ਵੇਚੀ ਜਾਂਦੀ ਰਹੀ, ਜਿਸ ਨੂੰ ਲੈ ਕੇ ਸਮੂਹ ਸੰਗਤਾਂ ਤੇ ਸਮੂਹ ਰਵਿਦਾਸ ਸਭਾਵਾਂ, ਨਿਹੰਗ ਸਿੰਘ ਜੱਥੇਬੇਦੀਆਂ, ਵਾਲਮੀਕਿ ਸਭਾਵਾਂ ਤੇ ਹੋਰ ਜਥੇਬੰਦੀਆਂ ਵੱਲੋਂ ਰੋਸ ਜ਼ਾਹਿਰ ਕਰਦਿਆਂ ਐੱਸਡੀਐੱਮ ਤੇ ਜਿ਼ਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਪ੍ਰਧਾਨ ਕੇਵਲ ਸਿੰਘ ਵੱਲੋਂ 22 ਅਪ੍ਰੈਲ ਸੰਬੰਧੀ ਦਿੱਤੀ ਗਏ ਸੱਦੇ ਤੋਂ ਪਹਿਲਾਂ ਪਹਿਲਾਂ ਇਸ ਜਗ੍ਹਾ ਤੋਂ ਸ਼ਰਾਬ ਦੇ ਠੇਕਿਆ ਨੂੰ ਕੀਤੇ ਹੋਰ ਜਗਾ ਤੇ ਤਬਦੀਲ ਕਰਨ ਸਮੇਤ ਹੋਰ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇ। ਇਸ ਮੌਕੇ ਧੰਨ ਮਾਤਾ ਕਲਸਾਂ ਸਤਿਨਾਮ ਕੇਂਦਰ ਘਮਨੇਵਾਲ ਦੇ ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ, ਮਾਨਵਤਾ ਭਲਾਈ ਮੰਚ ਦੇ ਆਗੂ ਲਖਵਿੰਦਰ ਸਿੰਘ ਘਮਨੇਵਾਲ, ਵਾਤਾਵਰਣ ਪ੍ਰੇਮੀ ਮੇਵਾ ਸਿੰਘ ਸਲੇਮਪੁਰ ਅਤੇ ਮੁਲਾਜ਼ਮ ਜਥੇਬੰਦੀ ਦੇ ਆਗੂ ਜਤਿੰਦਰ ਸਿੰਘ ਮਲਕਪੁਰ ਬੇਟ ਨੇ ਗੱਲਬਾਤ ਕਰਦਿਆਂ ਕਿਹਾ ਜੇ ਪ੍ਰਸ਼ਾਸਨ ਨੇ ਇਸ ਮਸਲੇ ਉਪਰ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਉਹ 22 ਅਪ੍ਰੈਲ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਪ੍ਰਧਾਨ ਭਾਈ ਕੇਵਲ ਸਿੰਘ ਵੱਲੋਂ ਰੋਸ ਧਰਨੇ ਦੀ ਦਿੱਤੇ ਗਏ ਸੱਦੇ ਤੇ ਸੰਗਤਾਂ ਦੇ ਵੱਡੇ ਇਕੱਠਾਂ ਨਾਲ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੁੱਜ ਕੇ ਸ਼ਮੂਲੀਅਤ ਕਰਨਗੇ।