ਜਨਗਣਨਾ ’ਚ ਅਪਮਾਨਿਤ ਸ਼ਬਦ ਹਟਾਉਣ ਲਈ ਏਡੀਸੀ ਨੂੰ ਦਿੱਤਾ ਮੰਗ ਪੱਤਰ
ਜਨਗਣਨਾ ’ਚ ਵਾਲਮੀਕਿ ਤੇ ਮਜ਼੍ਹਬੀ ਭਾਈਚਾਰੇ ਲਈ ਵਰਤੇ ਅਪਮਾਨਿਤ ਸ਼ਬਦ ਹਟਾਉਣ ਲਈ ਏਡੀਸੀ ਨੂੰ ਦਿੱਤਾ ਮੰਗ ਪੱਤਰ
Publish Date: Mon, 04 May 2026 06:43 PM (IST)
Updated Date: Tue, 05 May 2026 04:12 AM (IST)

- ਅਪਮਾਨਿਤ ਸ਼ਬਦ ਨਾ ਹਟਾਉਣ ਨਾਲ ਭਾਈਚਾਰਕ ਤਣਾਅ ਬਹੁਤ ਜਿਆਦਾ ਵਧੇਗਾ : ਡੁਲਗਚ --- ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਜਨਗਣਨਾ ’ਚ ਵਾਲਮੀਕਿ ਤੇ ਮਜ਼੍ਹਬੀ ਭਾਈਚਾਰੇ ਲਈ ਵਰਤੇ ਅਪਮਾਨਿਤ ਸ਼ਬਦਾਂ ਹਟਾਉਣ ਲਈ ਵੀਰ ਏਕਲਵਯ ਯੂਥ ਫ਼ੈਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਵਲੋਂ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਪਾਇਲ ਗੋਇਲ ਸਹਾਇਕ ਕਮਿਸ਼ਨਰ ਲੁਧਿਆਣਾ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਹੁਲ ਡੁਲਗਚ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸ਼ਹਿਰ ਅੰਦਰ ਜਾਤੀ ਜਨਗਣਨਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ’ਚ ਅਨੂਸੁਚਿਤ ਜਾਤੀਆਂ ਦੀ ਸੂਚੀ ਵਿਚ ਵਾਲਮੀਕਿ ਤੇ ਮਜ਼੍ਹਬੀ ਭਾਈਚਾਰੇ ਦੇ ਲੋਕਾਂ ਲਈ ਅਪਮਾਨਿਤ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਨੂੰ ਸਦੀਆਂ ਤੋਂ ਗਾਲ੍ਹ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਬੋਲਣ ਵਾਲਿਆਂ ਖਿਲਾਫ਼ ਅਕਸਰ ਹੀ ਭਾਰਤੀ ਸੰਵਿਧਾਨ ਦੇ ਐਸਸੀ/ਐਸਟੀ ਅਧਿਨਿਯਮ 1989 ਤਹਿਤ ਮੁਕੱਦਮੇ ਵੀ ਦਰਜ ਹੋ ਜਾਂਦੇ ਹਨ ਅਤੇ ਜਦੋਂ ਵਾਲਮੀਕਿ/ਮਜ਼੍ਹਬੀ ਭਾਈਚਾਰੇ ਦੇ ਲੋਕਾਂ ਦੇ ਘਰਾਂ ਵਿਚ ਸਰਕਾਰੀ ਅਧਿਕਾਰੀ ਆ ਕੇ ਜਨਗਣਨਾ ਤਹਿਤ ਉਨ੍ਹਾਂ ਦੀ ਜਾਤੀ ਪੁੱਛਣਗੇ ਅਤੇ ਉਕਤ ਸ਼ਬਦਾਂ ਦਾ ਪ੍ਰਯੋਗ ਕਰਨਗੇ, ਤਾਂ ਇਸ ਨਾਲ ਸਮਾਜ ਵਿਚ ਭਿਆਨਕ ਸਥਿਤੀ ਉਤਪੰਨ ਹੋਵੇਗੀ। ਜਿਸ ਨਾਲ ਆਪਸੀ ਭਾਈਚਾਰਕ ਤਣਾਅ ਬਹੁਤ ਜਿਆਦਾ ਵਧੇਗਾ ਤੇ ਕਈ ਵਾਰੀ ਵਾਲਮੀਕਿ/ਮਜ਼੍ਹਬੀ ਭਾਈਚਾਰੇ ਦੇ ਲੋਕਾਂ ਕੋਲੋਂ ਉਨ੍ਹਾਂ ਦੀ ਜਾਤ ਪੁੱਛਣ ਸਮੇਂ ਉਕਤ ਸ਼ਬਦਾਂ ਦਾ ਪ੍ਰਯੋਗ ਕਰਨ ਵੇਲੇ ਆਪਸ ਵਿਚ ਲੜਾਈ ਝਗੜਾ ਵੀ ਹੋ ਸਕਦਾ ਹੈ।ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਹਾ ਕਿ ਜੇਕਰ ਕਿਸੇ ਕਾਰਨ ਉਕਤ ਸ਼ਬਦਾਂ ਤਹਿਤ ਇਹ ਜਾਤੀ ਜਨਗਣਨਾ ਹੋ ਵੀ ਜਾਂਦੀ ਹੈ, ਤਾਂ ਇਹ ਲੀਗਲ ਡਾਕੂਮੈਂਟ ਬਣ ਜਾਵੇਗਾ ਜਿਸ ਨਾਲ ਵਾਲਮੀਕਿ ਤੇ ਮਜ਼੍ਹਬੀ ਭਾਈਚਾਰੇ ਦੇ ਲੋਕਾਂ ਨੂੰ ਅਪਮਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਅਸੀਂ ਮੁੱਖ ਮੰਤਰੀ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਜਾਤੀ ਅਧਾਰਿਤ ਉਨ੍ਹਾਂ ਸ਼ਬਦਾਂ ਨੂੰ ਜਨਗਣਨਾ ਵਿਚੋਂ ਹਟਾਇਆ ਜਾਵੇ, ਜਿਸ ਨਾਲ ਕਿਸੇ ਵੀ ਜਾਤੀ ਨੂੰ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਭਾਰਤ ਵਿਚ ਅਨੇਕਾਂ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ ਅਤੇ ਭਾਰਤੀ ਸੰਵਿਧਾਨ ਸਾਰਿਆਂ ਨੂੰ ਧਾਰਮਿਕ ਅਜ਼ਾਦੀ ਪ੍ਰਦਾਨ ਕਰਦਾ ਹੈ ਤੇ ਇਸ ਲਈ ਕਿਸੇ ਵੀ ਵਿਅਕਤੀ ਕੋਲੋਂ ਜਨਗਣਨਾ ਸਮੇਂ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰਨਾ ਜਿਸ ਨਾਲ ਕਿ ਉਸ ਦੇ ਮਾਨ ਸਨਮਾਨ ਨੂੰ ਠੇਸ ਪੁੱਜੇ ਠੀਕ ਗੱਲ ਨਹੀਂ ਹੈ। ਇਸ ਲਈ ਉਕਤ ਸ਼ਬਦਾਂ ਨੂੰ ਜਲਦ ਤੋਂ ਜਲਦ ਜਾਤੀ ਜਨਗਣਨਾ ਸੂਚੀ ਵਿਚੋਂ ਹਟਾਇਆ ਜਾਵੇ। ਜਿਸ ਨਾਲ ਕਿ ਸਮਾਜ ਜਾਤਪਾਤ ਦੇ ਵੱਧਣ ਵਾਲੇ ਭੇਦਭਾਵ ਨੂੰ ਘੱਟ ਕੀਤਾ ਜਾ ਸਕੇ। ਇਸ ਮੌਕੇ ਐਡਵੋਕੇਟ ਲਵਪ੍ਰੀਤ ਸਿੰਘ, ਐਡਵੋਕੇਟ ਬੋਬੀ ਕੁਮਾਰ, ਐਡਵੋਕੇਟ ਸੋਨੂੰ ਕੁਮਾਰ, ਐਡਵੋਕੇਟ ਕੁਨਾਲ ਚੌਧਰੀ, ਐਡਵੋਕੇਟ ਹਿਮਾਕਰ, ਅਮਨ ਸੋਦੇ, ਅਕਸ਼ੇ ਕੁਮਾਰ, ਰੋਹਿਤ, ਰਾਕੇਸ਼ ਆਦਿ ਹਾਜ਼ਰ ਸਨ।