ਬੇਸਿਕ ਪੇ ਤੇ ਟੈਕਨੀਕਲ ਸਟਾਫ ਨੂੰ ਫੀਲਡ ’ਚ ਭੇਜਣ ਦੀ ਉੱਠੀ ਮੰਗ
ਬੇਸਿਕ ਪੇਅ ਅਤੇ ਟੈਕਨੀਕਲ ਸਟਾਫ ਨੂੰ ਫੀਲਡ ’ਚ ਭੇਜਣ ਦੀ ਉੱਠੀ ਮੰਗ
Publish Date: Fri, 22 May 2026 06:53 PM (IST)
Updated Date: Fri, 22 May 2026 06:55 PM (IST)

ਪ੍ਰਿੰਸ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਸ਼ੁੱਕਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵਿੱਚ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਸਹਾਇਕ ਲਾਈਨਮੈਨਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੁੰਦਰ ਨਗਰ ਡਵੀਜ਼ਨ ਵਿਖੇ ਮੀਟਿੰਗ ਕਰਦਿਆਂ 35400 ਰੁਪਏ ਬੇਸਿਕ ਪੇ ਲਾਗੂ ਕਰਨ ਅਤੇ ਦਫ਼ਤਰਾਂ ਵਿੱਚ ਤਾਇਨਾਤ ਟੈਕਨੀਕਲ ਸਟਾਫ ਨੂੰ ਫੀਲਡ ਵਿੱਚ ਭੇਜਣ ਦੀ ਮੰਗ ਚੁੱਕੀ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਸਹਾਇਕ ਲਾਈਨਮੈਨਾਂ ਉੱਤੇ ਗੈਰ-ਕਾਨੂੰਨੀ ਅਤੇ ਵਾਧੂ ਕੰਮ ਦਾ ਬੋਝ ਪਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਦਿਨ-ਰਾਤ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ। ਮੀਟਿੰਗ ਦੌਰਾਨ ਪੀਐੱਸਈਬੀ ਇੰਪਲਾਈਜ਼ ਫੈੱਡਰੇਸ਼ਨ ਏਟਕ ਦੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਵਿਸ਼ੇਸ਼ ਤੌਰ ’ਤੇ ਪੁੱਜੇ, ਜਿਨ੍ਹਾਂ ਨਾਲ ਡਵੀਜ਼ਨ ਪ੍ਰਧਾਨ ਬਹਾਦਰ ਸਿੰਘ ਲੁਹਾਰਾ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਸਹਾਇਕ ਲਾਈਨਮੈਨਾਂ ਨੇ ਆਪਣੇ ਮਸਲੇ ਉਠਾਉਂਦਿਆਂ ਕਿਹਾ ਕਿ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਵੱਡੇ ਆਰਥਿਕ ਪਾੜੇ ਵਾਲੇ 7ਵੇਂ ਪੇ ਕਮਿਸ਼ਨ ਦੀ ਥਾਂ 6ਵੇਂ ਪੇ ਕਮਿਸ਼ਨ ਅਧੀਨ 35400 ਰੁਪਏ ਬੇਸਿਕ ਪੇ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨਾਲ ਹੋ ਰਹੇ ਆਰਥਿਕ ਭੇਦਭਾਵ ਨੂੰ ਖਤਮ ਕੀਤਾ ਜਾ ਸਕੇ। ਮੀਟਿੰਗ ਵਿੱਚ ਸਹਾਇਕ ਲਾਈਨਮੈਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈਆਂ ਹੜਤਾਲਾਂ, ਧਰਨਿਆਂ ਅਤੇ ਸੰਘਰਸ਼ਾਂ ਵਿੱਚ ਉਨ੍ਹਾਂ ਨੇ ਨੌਕਰੀਆਂ ਦੇ ਖਤਰੇ ਦੇ ਬਾਵਜੂਦ ਵੱਧ ਚੜ੍ਹ ਕੇ ਹਿੱਸਾ ਲਿਆ, ਪਰ ਉਨ੍ਹਾਂ ਦੀ ਮੁੱਖ ਮੰਗ ਨੂੰ ਸਰਕਾਰ ਅਤੇ ਮੈਨੇਜਮੈਂਟ ਅੱਗੇ ਉਸ ਤਰ੍ਹਾਂ ਤਰਜੀਹ ਨਾਲ ਨਹੀਂ ਰੱਖਿਆ ਗਿਆ, ਜਿਵੇਂ ਰੱਖਿਆ ਜਾਣਾ ਚਾਹੀਦਾ ਸੀ। ਇਸ ਮੌਕੇ ਮੁਲਾਜ਼ਮਾਂ ਨੇ ਡਵੀਜ਼ਨ ਅਤੇ ਸਬ ਡਵੀਜ਼ਨ ਪੱਧਰ ’ਤੇ ਹੋ ਰਹੇ ਕਥਿਤ ਸ਼ੋਸ਼ਣ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਦੋਸ਼ ਲਾਇਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਐੱਚਟੀ ਲਾਈਨਾਂ ’ਤੇ ਕੰਮ ਕਰਨ ਦੀ ਹੈ, ਉਹ ਦਫ਼ਤਰਾਂ ਵਿੱਚ ਤਾਇਨਾਤ ਹਨ, ਜਦਕਿ ਜਿਨ੍ਹਾਂ ਨੂੰ ਐੱਚਟੀ ਲਾਈਨਾਂ ’ਤੇ ਕੰਮ ਕਰਨ ਦੀ ਕਾਨੂੰਨੀ ਮਨਾਹੀ ਹੈ, ਉਨ੍ਹਾਂ ਤੋਂ ਕਈ ਵਾਰ ਜਬਰੀ ਐੱਚਟੀ ਲਾਈਨਾਂ ’ਤੇ ਕੰਮ ਕਰਵਾਇਆ ਜਾਂਦਾ ਹੈ, ਜੋ ਉਨ੍ਹਾਂ ਦੀ ਜਾਨ ਲਈ ਵੀ ਖਤਰਾ ਬਣ ਸਕਦਾ ਹੈ। ਸਹਾਇਕ ਲਾਈਨਮੈਨਾਂ ਨੇ ਮੰਗ ਕੀਤੀ ਕਿ ਦਫ਼ਤਰਾਂ ਵਿੱਚ ਤਾਇਨਾਤ ਯੋਗ ਟੈਕਨੀਕਲ ਕਾਮਿਆਂ ਨੂੰ ਫੀਲਡ ਵਿੱਚ ਲਗਾਇਆ ਜਾਵੇ, ਜਿਸ ਨਾਲ ਨਾ ਸਿਰਫ਼ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ, ਸਗੋਂ ਵਾਧੂ ਕੰਮ ਦੇ ਬੋਝ ਹੇਠ ਕੰਮ ਕਰ ਰਹੇ ਜੇਈਆਂ ਅਤੇ ਫੀਲਡ ਸਟਾਫ ਨੂੰ ਵੀ ਰਾਹਤ ਮਿਲੇਗੀ। ਇਸ ਮੌਕੇ ਸੂਬਾ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਕਿਹਾ ਕਿ 35400 ਰੁਪਏ ਬੇਸਿਕ ਪੇ ਦੀ ਮੰਗ ਪਹਿਲਾਂ ਹੀ ਸਾਂਝੇ ਥੜੇ ਵੱਲੋਂ ਉਠਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਮੰਗ ਨੂੰ ਬਿਜਲੀ ਏਕਤਾ ਮੰਚ ਦੀ ਅਗਵਾਈ ਕਰ ਰਹੀ ਪੀਐੱਸਈਬੀ ਇੰਪਲਾਈਜ ਫੈੱਡਰੇਸ਼ਨ ਏਟਕ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਰਖਕਾਲ ਦੌਰਾਨ ਸਹਾਇਕ ਲਾਈਨਮੈਨਾਂ ਤੋਂ ਐੱਚਟੀ ਲਾਈਨਾਂ ’ਤੇ ਕੰਮ ਲੈਣਾ ਗੈਰ-ਕਾਨੂੰਨੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਮੁਲਾਜ਼ਮਾਂ ਨੂੰ ਸਪਸ਼ਟ ਇਨਕਾਰ ਕਰਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੁੰਦਰ ਨਗਰ ਡਵੀਜ਼ਨ ਦੇ ਐਕਸੀਅਨ ਨਾਲ ਸੋਮਵਾਰ ਨੂੰ ਮੁਲਾਕਾਤ ਕਰ ਕੇ ਮੰਗਾਂ ਰੱਖੀਆਂ ਜਾਣਗੀਆਂ ਅਤੇ ਲੋੜ ਪੈਣ ’ਤੇ ਸੰਘਰਸ਼ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ 21 ਮਈ ਤੋਂ ਸ਼ੁਰੂ ਹੋਏ ਵਰਕ ਟੂ ਰੂਲ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ’ਤੇ ਹੋਣ ਵਾਲੇ ਧਰਨੇ ਅਤੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਰਿੰਦਰ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਅਵਤਾਰ ਸਿੰਘ, ਰਮਨਦੀਪ ਸਿੰਘ, ਟਿੰਕੂ ਗੁਪਤਾ, ਬਿੰਦਰ ਕੁਮਾਰ, ਵਿਰੰਦਰ ਕੁਮਾਰ, ਸੁਮਿਤ ਕੁਮਾਰ, ਕਮਲਜੀਤ ਸਿੰਘ, ਵਿਕਾਸ ਕੁਮਾਰ, ਮਨਜੀਤ ਸਿੰਘ, ਬਲਸ਼ੇਰ ਸਿੰਘ, ਵਿਕਰ ਸਿੰਘ, ਹਰਦੀਪ ਸਿੰਘ, ਸਾਧੂ ਸਿੰਘ, ਮਹਿੰਦਰ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ।