ਰਸਾਇਣਕ ਤੌਰ ‘ਤੇ ਦੂਸ਼ਿਤ ਫਲਾਂ ਦੀ ਵਿਕਰੀ ਖ਼ਿਲਾਫ਼ ਕਾਰਵਾਈ ਦੀ ਮੰਗ
ਰਸਾਇਣਕ ਤੌਰ ‘ਤੇ ਦੂਸ਼ਿਤ ਫਲਾਂ ਦੀ ਵਿਕਰੀ ਖ਼ਿਲਾਫ਼ ਕਾਰਵਾਈ ਦੀ ਮੰਗ
Publish Date: Fri, 29 May 2026 06:27 PM (IST)
Updated Date: Fri, 29 May 2026 06:28 PM (IST)

ਪਲਵਿੰਦਰ ਸਿੰਘ ਢੁੱਡੀਕੇ,ਪੰਜਾਬੀ ਜਾਗਰਣ ਲੁਧਿਆਣਾ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਥਿੱਤ ਤੌਰ ‘ਤੇ ਰਸਾਇਣਕ ਤੌਰ ‘ਤੇ ਦੂਸ਼ਿਤ, ਕ੍ਰਿਤ੍ਰਿਮ ਢੰਗ ਨਾਲ ਪਕਾਏ ਗਏ ਅਤੇ ਸੜੇ-ਗਲੇ ਫਲਾਂ ਦੀ ਵਿਕਰੀ ਨੂੰ ਲੈ ਕੇ ਚਿੰਤਾ ਲਗਾਤਾਰ ਵੱਧ ਰਹੀ ਹੈ। ਇਸ ਮੁੱਦੇ ਨੂੰ ਗੰਭੀਰ ਜਨ ਸਿਹਤ ਸੰਕਟ ਦੱਸਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਮੁਹੰਮਦ ਗੁਲਾਬ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਜਾਂਚ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮੰਗ ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੁੱਝ ਵਪਾਰੀ, ਸਪਲਾਇਰ ਅਤੇ ਪ੍ਰੋਸੈਸਿੰਗ ਕਰਨ ਵਾਲੇ ਲੋਕ ਫਲਾਂ ਨੂੰ ਕ੍ਰਿਤ੍ਰਿਮ ਤਰੀਕੇ ਨਾਲ ਪਕਾਉਣ, ਚਮਕਦਾਰ ਦਿਖਾਉਣ ਅਤੇ ਖਰਾਬ ਸਟਾਕ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਣ ਲਈ ਖ਼ਤਰਨਾਕ ਰਸਾਇਣਾਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਰਸਾਇਣਾਂ ਨਾਲ ਤਿਆਰ ਕੀਤੇ ਫਲ ਖੁੱਲ੍ਹੇਆਮ ਬਾਜ਼ਾਰਾਂ ਵਿਚ ਵੇਚੇ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੀ ਸਿਹਤ ‘ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਮੁਹੰਮਦ ਗੁਲਾਬ ਨੇ ਕਿਹਾ ਕਿ ਅਜਿਹੇ ਦੂਸ਼ਿਤ ਫਲਾਂ ਦੇ ਸੇਵਨ ਨਾਲ ਜਿਗਰ ਅਤੇ ਗੁਰਦਿਆਂ ਨੂੰ ਨੁਕਸਾਨ, ਪੇਟ ਅਤੇ ਪਚਣ ਸੰਬੰਧੀ ਬਿਮਾਰੀਆਂ, ਚਮੜੀ ਐਲਰਜੀ, ਸਾਹ ਨਾਲ ਜੁੜੀਆਂ ਸਮੱਸਿਆਵਾਂ, ਹਾਰਮੋਨਲ ਅਸੰਤੁਲਨ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਉਨ੍ਹਾਂ ਖ਼ਾਸ ਤੌਰ ‘ਤੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਾਦ ਸੁਰੱਖਿਆ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਦੀ ਸਾਂਝੀ ਵਿਸ਼ੇਸ਼ ਟੀਮ ਬਣਾਕੇ ਫਲ ਮੰਡੀਆਂ, ਗੋਦਾਮਾਂ, ਕੋਲਡ ਸਟੋਰੇਜ ਕੇਂਦਰਾਂ ਅਤੇ ਖੁਦਰਾ ਬਾਜ਼ਾਰਾਂ ਵਿਚ ਤੁਰੰਤ ਛਾਪੇਮਾਰੀ ਅਤੇ ਜਾਂਚ ਕੀਤੀ ਜਾਵੇ। ਇਸਦੇ ਨਾਲ ਹੀ ਫਲਾਂ ਦੇ ਨਮੂਨੇ ਵਿਗਿਆਨਕ ਜਾਂਚ ਲਈ ਪ੍ਰਯੋਗਸ਼ਾਲਾਵਾਂ ਵਿੱਚ ਭੇਜੇ ਜਾਣ ਤਾਂ ਜੋ ਹਾਨੀਕਾਰਕ ਰਸਾਇਣਾਂ ਦੀ ਮੌਜੂਦਗੀ ਦੀ ਪੁਸ਼ਟੀ ਹੋ ਸਕੇ। ਮੰਗ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਦੋਸ਼ੀ ਪਾਏ ਜਾਣ ਵਾਲੇ ਵਪਾਰੀਆਂ, ਸਪਲਾਇਰਾਂ ਅਤੇ ਸੰਬੰਧਤ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਣ। ਇਸ ਤੋਂ ਇਲਾਵਾ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਨਿਯਮਿਤ ਨਿਗਰਾਨੀ ਅਤੇ ਜਨ ਜਾਗਰੂਕਤਾ ਮੁਹਿੰਮ ਚਲਾਉਣ ਦੀ ਵੀ ਅਪੀਲ ਕੀਤੀ ਗਈ ਹੈ। ਮੁਹੰਮਦ ਗੁਲਾਬ ਨੇ ਕਿਹਾ ਕਿ ਇਹ ਮਾਮਲਾ ਸਿੱਧੇ ਤੌਰ ‘ਤੇ ਆਮ ਲੋਕਾਂ ਦੀ ਸਿਹਤ ਅਤੇ ਜੀਵਨ ਨਾਲ ਜੁੜਿਆ ਹੋਇਆ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿਨਾਂ ਦੇਰੀ ਕੀਤੇ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।